- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਇਲਟ ਨੂੰ ਕੁਝ ਹੀ ਘੰਟਿਆਂ ’ਚ ਸੁਰੱਖਿਅਤ ਬਚਾ ਲਿਆ ਗਿਆ ਤੇ ਉਸ ਦਾ ਸਾਥੀ ਬ੍ਰਾਵੋ ਲਗਭਗ 50 ਘੰਟਿਆਂ ਤੱਕ ਦੁਸ਼ਮਣ ਦੀ ਸਰਹੱਦ ਅੰਦਰ ਫਸਿਆ ਰਿਹਾ। ਜ਼ਖਮੀ ਹਾਲਤ ’ਚ ਉਹ ਈਰਾਨ ਦੇ ਇੱਕ ਦੁਰਗਮ ਪਹਾੜੀ ਇਲਾਕੇ ਦੀ ਦਰਾਰ ’ਚ ਲੁਕਿਆ ਰਿਹਾ

ਡਿਜੀਟਲ ਡੈਸਕ, ਵਾਸ਼ਿੰਗਟਨ : 2 ਅਪ੍ਰੈਲ ਨੂੰ ਅਮਰੀਕੀ ਫੌਜ ਨੇ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਸਰਚ ਐਂਡ ਰੈਸਕਿਊ ਅਭਿਆਨਾਂ ’ਚੋਂ ਇੱਕ ਨੂੰ ਅੰਜਾਮ ਦਿੱਤਾ। ਇਹ ਮੁਹਿੰਮ ਉਸ ਸਮੇਂ ਸ਼ੁਰੂ ਹੋਈ, ਜਦੋਂ ਈਰਾਨ ਵੱਲੋਂ ਦਾਗੀ ਗਈ ਮੋਢੇ ਤੋਂ ਚਲਾਈ ਜਾਣ ਵਾਲੀ ਮਿਜ਼ਾਈਲ ਨੇ ਅਮਰੀਕਾ ਦੇ F-15E ਸਟ੍ਰਾਈਕ ਈਗਲ ਲੜਾਕੂ ਜਹਾਜ਼ ਨੂੰ ਮਾਰ ਗਿਰਾਇਆ। ਇਸ ਹਮਲੇ ਕਾਰਨ ਜਹਾਜ਼ ’ਚ ਸਵਾਰ ਦੋ ਅਮਰੀਕੀ ਅਧਿਕਾਰੀਆਂ ਨੂੰ ਦੁਸ਼ਮਣ ਦੀ ਧਰਤੀ ’ਤੇ ਇਜੈਕਟ ਕਰਨਾ ਪਿਆ।
ਜਿੱਥੇ ਪਾਇਲਟ ਨੂੰ ਕੁਝ ਹੀ ਘੰਟਿਆਂ ’ਚ ਸੁਰੱਖਿਅਤ ਬਚਾ ਲਿਆ ਗਿਆ, ਉੱਥੇ ਉਸ ਦਾ ਸਾਥੀ ਬ੍ਰਾਵੋ ਲਗਭਗ 50 ਘੰਟਿਆਂ ਤੱਕ ਦੁਸ਼ਮਣ ਦੀ ਸਰਹੱਦ ਅੰਦਰ ਫਸਿਆ ਰਿਹਾ। ਜ਼ਖਮੀ ਹਾਲਤ ’ਚ ਉਹ ਈਰਾਨ ਦੇ ਇੱਕ ਦੁਰਗਮ ਪਹਾੜੀ ਇਲਾਕੇ ਦੀ ਦਰਾਰ ’ਚ ਲੁਕਿਆ ਰਿਹਾ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ।
ਇੱਕ ਚਮਤਕਾਰੀ ਰੈਸਕਿਊ ਆਪਰੇਸ਼ਨ ਦੀ ਕਹਾਣੀ
ਸੁਰੱਖਿਆ ਕਾਰਨਾਂ ਕਰਕੇ ਗੈਰ-ਉਡਾਣ ਅਧਿਕਾਰੀ ਦੀ ਪਛਾਣ ਗੁਪਤ ਰੱਖੀ ਗਈ ਹੈ ਤੇ ਉਸ ਨੂੰ ਮਿਸ਼ਨ ਕਾਲ ਸਾਈਨ ‘ਡੂਡ 44 ਬ੍ਰਾਵੋ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਇਸ ਘਟਨਾ ਬਾਰੇ ਗੱਲ ਕੀਤੀ ਹੈ। CBS ਦੇ ‘60 Minutes’ ਨਾਲ ਇੱਕ ਇੰਟਰਵਿਊ ’ਚ ਬ੍ਰਾਵੋ ਨੇ ਆਪਣੇ ਬਚਣ ਦੀ ਇਸ ਕਹਾਣੀ ਨੂੰ ਆਧੁਨਿਕ ਸਮੇਂ ਦਾ ਚਮਤਕਾਰ ਦੱਸਿਆ।
ਅਮਰੀਕੀ ਫੌਜ ਦੀ ਅਗਵਾਈ ਕਰ ਰਹੇ ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਐਡਮਿਰਲ ਬ੍ਰੈਡ ਕੂਪਰ ਮੁਤਾਬਕ, ਉਸ ਰਾਤ ਉਨ੍ਹਾਂ ਦਾ ਮਿਸ਼ਨ ਇਸਫਹਾਨ ਦੇ ਦੱਖਣ ’ਚ ਇੱਕ ਪਹਾੜੀ ਇਲਾਕੇ ਦੇ ਨੇੜੇ ਸਥਿਤ ਉਦਯੋਗਿਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ। ਮੰਨਿਆ ਜਾਂਦਾ ਸੀ ਕਿ ਇੱਥੇ ਈਰਾਨ ਆਪਣੀ ਬਹੁਤ ਜ਼ਿਆਦਾ ਸੰਸ਼ੋਧਿਤ ਪਰਮਾਣੂ ਸਮੱਗਰੀ ਰੱਖਦਾ ਹੈ।
ਮਿਜ਼ਾਈਲ ਹਮਲੇ ਦਾ ਖੌਫਨਾਕ ਮੰਜ਼ਰ
ਬ੍ਰਾਵੋ ਨੇ ਉਸ ਦਿਨ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਜੰਗ ਦਾ ਇੱਕ ਆਮ ਦਿਨ ਸੀ, ਜਦੋਂ ਤੱਕ ਉਹ ਇੱਕ ਈਰਾਨੀ ਹਥਿਆਰ ਦੀ ਚਪੇਟ ’ਚ ਨਹੀਂ ਆ ਗਏ।
ਅਮਰੀਕਾ ਦਾ 30 ਮਿਲੀਅਨ ਡਾਲਰ ਦਾ F-15E ਫਾਈਟਰ ਜੈੱਟ, ਜੋ ਦਹਾਕਿਆਂ ਤੋਂ ਅਮਰੀਕੀ ਹਵਾਈ ਜੰਗੀ ਮੁਹਿੰਮਾਂ ਦਾ ਅਹਿਮ ਹਿੱਸਾ ਰਿਹਾ ਹੈ, ਇੱਕ ਅਜਿਹੀ ਮਿਜ਼ਾਈਲ ਦਾ ਸ਼ਿਕਾਰ ਹੋਇਆ ਜਿਸ ਦੀ ਕੀਮਤ ਲਗਭਗ 1 ਲੱਖ ਡਾਲਰ ਸੀ।
ਬ੍ਰਾਵੋ ਨੇ ਮਿਜ਼ਾਈਲ ਦੇ ਟਕਰਾਉਣ ਦੇ ਪਲ ਨੂੰ ਮਾਲਗੱਡੀ ਨਾਲ ਟਕਰਾਉਣ ਵਰਗਾ ਦੱਸਿਆ। ਅਲਫਾ ਨੇ ਜੈੱਟ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਜਹਾਜ਼ ਨੂੰ ਬਚਾਇਆ ਨਹੀਂ ਜਾ ਸਕਦਾ, ਤਾਂ ਦੋਵਾਂ ਨੇ ਇਜੈਕਟ ਕਰ ਦਿੱਤਾ।
ਅਲਫਾ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਰ ਗਿਆ, ਪਰ ਖਰਾਬ ਪੈਰਾਸ਼ੂਟ ਕਾਰਨ ਬ੍ਰਾਵੋ ਕਾਫ਼ੀ ਤੇਜ਼ ਰਫ਼ਤਾਰ ਨਾਲ ਜ਼ਮੀਨ ’ਤੇ ਡਿੱਗਿਆ। ਜ਼ਮੀਨ ਨਾਲ ਇੰਨੀ ਤੇਜ਼ੀ ਨਾਲ ਟਕਰਾਉਣ ਕਾਰਨ ਉਸ ਦੀ ਪਿੱਠ, ਇੱਕ ਬਾਂਹ ਤੇ ਇੱਕ ਮੋਢਾ ਟੁੱਟ ਗਿਆ।
ਟੁੱਟੀਆਂ ਹੱਡੀਆਂ ਨਾਲ 7,000 ਫੁੱਟ ਦੀ ਚੜ੍ਹਾਈ
ਜਿਵੇਂ ਹੀ ਹਨੇਰਾ ਛਟਿਆ, ਬ੍ਰਾਵੋ ਨੇ ਦੁਸ਼ਮਣ ਦੀ ਧਰਤੀ ’ਤੇ ਆਪਣੇ ਆਲੇ-ਦੁਆਲੇ ਦੇ ਹਾਲਾਤ ਨੂੰ ਸਮਝਿਆ ਤੇ ਉੱਥੋਂ ਨਿਕਲਣ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ। ਉਹ ਆਪਣੇ ਆਪ ਨੂੰ ਇੱਕ ਘਾਟੀ ’ਚ ਪਾਇਆ, ਜਿਸ ਦੇ ਦੋਵੇਂ ਪਾਸੇ ਚੱਟਾਨਾਂ ਸਨ। ਉਸ ਨੂੰ ਲੱਗਿਆ ਕਿ ਉੱਪਰ ਵੱਲ ਜਾਣਾ ਹੀ ਸਭ ਤੋਂ ਸੁਰੱਖਿਅਤ ਰਸਤਾ ਹੋਵੇਗਾ। ਆਪਣੀਆਂ ਟੁੱਟੀਆਂ ਹੱਡੀਆਂ ਦੇ ਬਾਵਜੂਦ ਉਸ ਨੇ 7,000 ਫੁੱਟ ਉੱਚੀ ਪਹਾੜੀ ਲੜੀ ’ਤੇ ਚੜ੍ਹਾਈ ਕੀਤੀ।
ਉਸ ਨੇ CBS ਨੂੰ ਦੱਸਿਆ ਕਿ ਉਸ ਨੂੰ ਸੱਟਾਂ ਲੱਗੀਆਂ ਸਨ, ਪਰ ਸਾਰਿਆਂ ਨੂੰ ਅਜਿਹੇ ਹਾਲਾਤਾਂ ਦੇ ਅਨੁਕੂਲ ਹੋਣ ਤੇ ਉਨ੍ਹਾਂ ’ਤੇ ਕਾਬੂ ਪਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੱਟਾਂ ਦੇ ਬਾਵਜੂਦ ਉਹ ਉਸ ਥਾਂ ਤੋਂ ਦੂਰ ਜਾਣ ਲਈ ਜਿੰਨੀ ਤੇਜ਼ੀ ਨਾਲ ਅੱਗੇ ਵਧ ਸਕਦਾ ਸੀ, ਵਧਦਾ ਰਿਹਾ। ਉਸ ਨੇ ਮਜ਼ਾਕ ’ਚ ਇਹ ਵੀ ਕਿਹਾ ਕਿ ਆਪਣੀ ਪ੍ਰੇਰਣਾ ਦੀ ਕਮੀ ਨੂੰ ਕਦੇ ਵੀ ਇਸ ਦਾ ਕਾਰਨ ਨਾ ਬਣਨ ਦਿਓ ਕਿ ਤੁਸੀਂ ਈਰਾਨੀ ਟੀਵੀ ’ਤੇ ਨਜ਼ਰ ਆਓ।
ਅਮਰੀਕਾ ਦਾ ਮਹਾ-ਰੈਸਕਿਊ ਮਿਸ਼ਨ
ਅਮਰੀਕਾ ’ਚ ਰੱਖਿਆ ਸਕੱਤਰ ਪੀਟ ਹੇਗਸੇਥ ਨੂੰ ਅੱਧੀ ਰਾਤ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਤੁਰੰਤ ਫੈਸਲਾ ਕੀਤਾ ਗਿਆ ਕਿ ਅਮਰੀਕੀ ਫੌਜ ਆਪਣੇ ਜਵਾਨਾਂ ਨੂੰ ਹਰ ਹਾਲ ’ਚ ਵਾਪਸ ਲਿਆਏਗੀ, ਭਾਵੇਂ ਉਹ ਜ਼ਿੰਦਾ ਹੋਣ ਜਾਂ ਨਾ ਹੋਣ।
ਐਡਮਿਰਲ ਕੂਪਰ ਮੁਤਾਬਕ, ਦੋਵਾਂ ਅਧਿਕਾਰੀਆਂ ਨੂੰ ਲੱਭਣ ਲਈ ਇੱਕ ਵੱਡਾ ਮਿਸ਼ਨ ਸ਼ੁਰੂ ਕੀਤਾ ਗਿਆ, ਜਿਸ ’ਚ ਹਵਾ ’ਚ ਸੈਂਕੜੇ ਸੈਨਿਕ ਤੇ ਮਿਸ਼ਨ ਨੂੰ ਸਹਾਇਤਾ ਦੇਣ ਵਾਲੇ ਹਜ਼ਾਰਾਂ ਹੋਰ ਲੋਕ ਸ਼ਾਮਲ ਸਨ।
ਇਸ ਦੌਰਾਨ ਈਰਾਨ ਦੀ ਧਰਤੀ ’ਤੇ 90 ਤੋਂ ਵੱਧ ਅਮਰੀਕੀ ਸੈਨਿਕ ਭੇਜੇ ਗਏ। CENTCOM ਮੁਖੀ ਨੇ ਦੱਸਿਆ ਕਿ ਇਹ 46 ਸਾਲਾਂ ’ਚ ਈਰਾਨ ’ਚ ਅਮਰੀਕੀ ਜ਼ਮੀਨੀ ਸੈਨਿਕਾਂ ਦੀ ਪਹਿਲੀ ਤਾਇਨਾਤੀ ਸੀ।
50 ਘੰਟਿਆਂ ਬਾਅਦ ਮਿਲੀ ਕਾਮਯਾਬੀ
ਅਲਫਾ ਨੂੰ ਛੇ ਘੰਟਿਆਂ ਦੇ ਅੰਦਰ ਲੱਭ ਲਿਆ ਗਿਆ ਸੀ, ਪਰ ਬ੍ਰਾਵੋ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਸ ਨੂੰ ਪਹਾੜਾਂ ’ਚ ਬਿਨਾਂ ਖਾਣੇ ਤੇ ਪਾਣੀ ਦੇ ਇੱਕ ਹੋਰ ਦਿਨ ਇਕੱਲਿਆਂ ਬਿਤਾਉਣਾ ਪਿਆ। ਆਖਿਰਕਾਰ ਉਹ ਅਮਰੀਕਾ ਨੂੰ ਆਪਣੀ ਸਥਿਤੀ ਬਾਰੇ ਇੱਕ ਸੁਨੇਹਾ ਭੇਜਣ ’ਚ ਕਾਮਯਾਬ ਹੋ ਗਿਆ।
ਅੰਤਿਮ ਰੈਸਕਿਊ ਟੀਮ ਭੇਜਣ ਤੋਂ ਪਹਿਲਾਂ ਅਮਰੀਕੀ ਫੌਜ ਨੂੰ ਬ੍ਰਾਵੋ ਦੇ ਲੁਕਣ ਵਾਲੇ ਸਥਾਨ ਦੇ ਨੇੜੇ ਮੌਜੂਦ ਈਰਾਨੀ ਬਲਾਂ ’ਤੇ ਹਮਲਾ ਕਰਨ ਲਈ ਬੰਬਵਰਸ਼ਕ ਜਹਾਜ਼ਾਂ ਤੇ ਡਰੋਨਾਂ ਦੀ ਵਰਤੋਂ ਕਰਨੀ ਪਈ।
ਇਸ ਮਿਸ਼ਨ ’ਚ CIA ਨੇ ਵੀ ਅਹਿਮ ਭੂਮਿਕਾ ਨਿਭਾਈ ਤੇ ਈਰਾਨੀ ਫੌਜ ਨੂੰ ਭੰਬਲਭੂਸੇ ’ਚ ਪਾਉਣ ਲਈ ਇੱਕ ਡਿਸੈਪਸ਼ਨ ਕੈਂਪੇਨ ਚਲਾਇਆ। ਲਗਭਗ 50 ਘੰਟਿਆਂ ਦੀ ਭਾਲ ਤੇ ਕਰੋੜਾਂ ਡਾਲਰ ਦੇ ਜਹਾਜ਼ਾਂ ਦੀ ਵਰਤੋਂ ਤੋਂ ਬਾਅਦ ਬ੍ਰਾਵੋ ਨੂੰ ਲੱਭ ਲਿਆ ਗਿਆ। ਉਸ ਨੇ ਆਪਣੇ ਬਚਾਏ ਜਾਣ ਦੇ ਪਲ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਮਹਾਨ ਪਲਾਂ ’ਚੋਂ ਇੱਕ ਦੱਸਿਆ।