- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
AI ਦੀ ਇੱਕ ਗਲਤੀ ਕਾਰਨ ਮੱਧ ਪੂਰਬ ’ਚ ਅਮਰੀਕਾ ਤੇ ਚੀਨ ਵਿਚਾਲੇ ਜੰਗ ਛਿੜਨ ਦੀ ਨੌਬਤ ਆ ਗਈ ਸੀ। ਇੱਕ ਚੀਨੀ ਜਹਾਜ਼ ’ਤੇ ਪਰਮਾਣੂ ਹਥਿਆਰ ਪ੍ਰੋਗਰਾਮ ਨਾਲ ਸਬੰਧਤ ਉਪਕਰਨ ਲਿਜਾਣ ਬਾਰੇ ਗਲਤ ਜਾਣਕਾਰੀ ਮਿਲੀ ਸੀ।

ਡਿਜੀਟਲ ਡੈਸਕ, ਵਾਸ਼ਿੰਗਟਨ : ਈਰਾਨ ਨਾਲ ਚੱਲ ਰਹੀ ਭਿਆਨਕ ਜੰਗ ਦੇ ਦੌਰਾਨ ਅਮਰੀਕੀ ਖੁਫੀਆ ਵਿਭਾਗ ਦੀ ਇੱਕ ਬੇਹੱਦ ਸੰਵੇਦਨਸ਼ੀਲ ਰਿਪੋਰਟ ਨੇ ਮੱਧ ਪੂਰਬ ’ਚ ਤਬਾਹੀ ਦਾ ਅਜਿਹਾ ਖ਼ਤਰਾ ਪੈਦਾ ਕਰ ਦਿੱਤਾ ਸੀ, ਜੋ ਅਮਰੀਕਾ ਤੇ ਚੀਨ ਨੂੰ ਸਿੱਧੇ ਜੰਗ ਦੇ ਕੰਢੇ ’ਤੇ ਲੈ ਆਇਆ ਸੀ। ਅਮਰੀਕੀ ਨਿਊਜ਼ ਚੈਨਲ CNN ਦੀ ਇੱਕ ਖੋਜੀ ਰਿਪੋਰਟ ਮੁਤਾਬਕ, ਅਮਰੀਕੀ ਖੁਫੀਆ ਏਜੰਸੀਆਂ ਨੇ ਇੱਕ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਮੱਧ ਪੂਰਬ ਦੇ ਸਮੁੰਦਰ ’ਚ ਤੈਰ ਰਿਹਾ ਇੱਕ ਚੀਨੀ ਜਹਾਜ਼ ਪਰਮਾਣੂ ਹਥਿਆਰ ਪ੍ਰੋਗਰਾਮ ਨਾਲ ਜੁੜੇ ਖ਼ਤਰਨਾਕ ਉਪਕਰਨ ਲੈ ਕੇ ਜਾ ਰਿਹਾ ਹੈ।
ਇਹ ਜਾਣਕਾਰੀ ਮਿਲਦੇ ਹੀ ਅਮਰੀਕੀ ਫੌਜ ਨੇ ਜੰਗੀ ਪੱਧਰ ’ਤੇ ਕਾਰਵਾਈ ਕਰਦਿਆਂ ਚੀਨੀ ਜਹਾਜ਼ ਨੂੰ ਸਮੁੰਦਰ ਦੇ ਵਿਚਕਾਰ ਹੀ ਘੇਰਨ ਲਈ ਇੱਕ ਬੇਹੱਦ ਹਮਲਾਵਰ ਆਪਰੇਸ਼ਨ ਸ਼ੁਰੂ ਕਰ ਦਿੱਤਾ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਹਥਿਆਰਬੰਦ ਅਮਰੀਕੀ ਕਮਾਂਡੋਜ਼ ਜਹਾਜ਼ ’ਤੇ ਜ਼ਬਰਦਸਤੀ ਚੜ੍ਹਨ ਦੀ ਤਿਆਰੀ ਕਰ ਚੁੱਕੇ ਸਨ ਤੇ ਅਮਰੀਕੀ ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰ ਲਈ ਸੀ। ਪਰ ਇਸ ਤੋਂ ਪਹਿਲਾਂ ਕਿ ਅਮਰੀਕੀ ਸੈਨਿਕ ਗੋਲੀ ਚਲਾਉਂਦੇ ਤੇ ਇੱਕ ਵਿਨਾਸ਼ਕਾਰੀ ਵਿਸ਼ਵ ਜੰਗ ਦੀ ਸ਼ੁਰੂਆਤ ਹੁੰਦੀ, ਠੀਕ ਉਸੇ ਸਮੇਂ ਅਧਿਕਾਰੀਆਂ ਨੇ ਇਸ ਖੁਫੀਆ ਜਾਣਕਾਰੀ ਦੀ ਮੁੜ ਬਾਰੀਕੀ ਨਾਲ ਜਾਂਚ ਕੀਤੀ।
ਫੌਜੀ ਤੰਤਰ ਤੱਕ AI ਦੀ ਗਲਤ ਜਾਣਕਾਰੀ ਕਿਵੇਂ ਪਹੁੰਚੀ?
ਇੱਕ ਅਮਰੀਕੀ ਸਪੈਸ਼ਲ ਆਪਰੇਸ਼ਨਜ਼ ਕਮਾਂਡ ਦੇ ਵਿਸ਼ਲੇਸ਼ਕ ਵੱਲੋਂ ਵਰਤੇ ਗਏ AI ਚੈਟਬੌਟ ਨੇ ਜਹਾਜ਼ ਦੇ ਮੈਨੀਫੈਸਟ ’ਚ ਦਰਜ ਸਮੱਗਰੀ ਦੀ ਗਲਤ ਪਛਾਣ ਕਰ ਲਈ ਸੀ। ਇੱਕ ਸੂਤਰ ਨੇ ਦੱਸਿਆ ਕਿ ਇਹ ਖੁਫੀਆ ਰਿਪੋਰਟ ਪੂਰੀ ਤਰ੍ਹਾਂ ਗਲਤ ਸੀ, ਪਰ ਇਹ ਅਧਿਕਾਰਤ ਚੈਨਲਾਂ ਰਾਹੀਂ ਅੱਗੇ ਭੇਜੀ ਗਈ ਤੇ ਇਸ ਨੂੰ ਭਰੋਸੇਯੋਗ ਫੌਜੀ ਖੁਫੀਆ ਜਾਣਕਾਰੀ ਮੰਨਿਆ ਜਾ ਰਿਹਾ ਸੀ।
ਸੂਤਰ ਨੇ ਕਿਹਾ ਕਿ ਇਸ ਗਲਤੀ ਕਾਰਨ ਲਗਭਗ ਜੰਗ ਛਿੜਨ ਦੀ ਸਥਿਤੀ ਬਣ ਗਈ ਸੀ। ਇਸ ਘਟਨਾ ਦੀ ਸ਼ੁਰੂਆਤ ਉਸ ਸਮੇਂ ਹੋਈ, ਜਦੋਂ ਵਿਸ਼ਲੇਸ਼ਕ ਨੇ ਹਵਾਈ ਸਥਿਤ ਅਮਰੀਕੀ ਸਪੈਸ਼ਲ ਆਪਰੇਸ਼ਨਜ਼ ਕਮਾਂਡ ਪੈਸਿਫਿਕ ਤੋਂ ਮਿਲੀ ਜਹਾਜ਼ ਦੇ ਮੈਨੀਫੈਸਟ ਦੀ ਜਾਣਕਾਰੀ ਦੀ ਜਾਂਚ ਕੀਤੀ।
ਵਿਸ਼ਲੇਸ਼ਕ ਨੇ ਜਾਣਕਾਰੀ ਹਾਸਲ ਕਰਨ ਲਈ ਚੈਟਬੌਟ ਨੂੰ ਸਵਾਲ ਪੁੱਛਿਆ, ਪਰ AI ਸਿਸਟਮ ਨੇ ਜਹਾਜ਼ ’ਚ ਮੌਜੂਦ ਸਮਾਨ ਦੀ ਗਲਤ ਪਛਾਣ ਕਰ ਲਈ। ਚੈਟਬੌਟ ਨੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਓਪਨ-ਸੋਰਸ ਜਾਣਕਾਰੀ ਤੇ ਅਮਰੀਕੀ ਸਰਕਾਰ ਦੀ ਗੁਪਤ ਖੁਫੀਆ ਜਾਣਕਾਰੀ ਨੂੰ ਆਪਸ ’ਚ ਮਿਲਾ ਦਿੱਤਾ ਸੀ।
ਇਸ ਤੋਂ ਬਾਅਦ ਵਿਸ਼ਲੇਸ਼ਕ ਨੇ ਇਸ ਜਾਣਕਾਰੀ ਨੂੰ ਇੱਕ ਮਿਆਰੀ ਖੁਫੀਆ ਰਿਪੋਰਟ ’ਚ ਬਦਲਣ ਲਈ ਮੁੜ AI ਦੀ ਵਰਤੋਂ ਕੀਤੀ, ਜਿਸ ਕਾਰਨ ਇਸ ਨੂੰ ਰਵਾਇਤੀ ਫੌਜੀ ਖੁਫੀਆ ਜਾਣਕਾਰੀ ਦਾ ਰੂਪ ਮਿਲ ਗਿਆ। CNN ਦੇ ਅਨੁਸਾਰ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵਰਤਿਆ ਗਿਆ ਚੈਟਬੌਟ ਕੋਈ ਵਪਾਰਕ ਸਿਸਟਮ ਸੀ ਜਾਂ ਅਮਰੀਕੀ ਸਰਕਾਰ ਲਈ ਤਿਆਰ ਕੀਤਾ ਗਿਆ ਕੋਈ ਅੰਦਰੂਨੀ AI ਟੂਲ।
ਹਥਿਆਰ ਬਣਾਉਣ ’ਚ ਵੀ ਹੋ ਰਿਹਾ AI ਦੀ ਦੁਰਵਰਤੋਂ
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਸਰਕਾਰਾਂ, ਫੌਜਾਂ ਤੇ AI ਕੰਪਨੀਆਂ ਇਸ ਸਵਾਲ ਨਾਲ ਜੂਝ ਰਹੀਆਂ ਹਨ ਕਿ ਤੇਜ਼ੀ ਨਾਲ ਸਮਰੱਥ ਹੋ ਰਹੇ AI ਸਿਸਟਮਾਂ ਦੀ ਫੌਜੀ ਉਦੇਸ਼ਾਂ ਲਈ ਦੁਰਵਰਤੋਂ ਨੂੰ ਕਿਵੇਂ ਰੋਕਿਆ ਜਾਵੇ। ਐਂਥਰੋਪਿਕ ਕੰਪਨੀ ਨੇ ਹਾਲ ਹੀ ’ਚ ਖੁਲਾਸਾ ਕੀਤਾ ਹੈ ਕਿ ਯਮਨ ’ਚ ਸਥਿਤ ਇੱਕ ਹਥਿਆਰ ਇੰਜੀਨੀਅਰਿੰਗ ਗਰੁੱਪ ਨੇ ਮਿਜ਼ਾਈਲਾਂ ਤੇ ਗਾਈਡਿਡ ਰਾਕੇਟਾਂ ਲਈ ਨੈਵੀਗੇਸ਼ਨ ਤੇ ਕੰਟਰੋਲ ਸਾਫਟਵੇਅਰ ਤਿਆਰ ਕਰਨ ਵਾਸਤੇ ਉਨ੍ਹਾਂ ਦੇ ਕਲੌਡ AI ਮਾਡਲ ਦੀ ਵਰਤੋਂ ਕੀਤੀ ਸੀ।
ਕੰਪਨੀ ਨੇ ਕਿਹਾ ਕਿ ਇਸ ਗਰੁੱਪ ਨੇ ਮਨੁੱਖੀ ਸਾਫਟਵੇਅਰ ਇੰਜੀਨੀਅਰਾਂ ਦੀ ਥਾਂ ਕਲੌਡ ਦੇ ਕੋਡ ਦੀ ਵਰਤੋਂ ਕੀਤੀ, ਤਾਂ ਜੋ ਓਪਨ-ਸੋਰਸ ਆਟੋਪਾਇਲਟ ਨੂੰ ਫਲਾਈਟ ਕੰਪਿਊਟਰ ਨਾਲ ਜੋੜਿਆ ਜਾ ਸਕੇ, ਕੰਟਰੋਲ ਸਾਫਟਵੇਅਰ ਲਿਖਿਆ ਜਾ ਸਕੇ, ਸੈਟਿੰਗਾਂ ਨੂੰ ਅਨੁਕੂਲ ਕੀਤਾ ਜਾ ਸਕੇ ਤੇ ਫਲਾਈਟ ਸਿਮੂਲੇਸ਼ਨ ਕੀਤੀ ਜਾ ਸਕੇ।
ਹਾਲਾਂਕਿ, ਕੰਪਨੀ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਗਰੁੱਪ ਨੇ ਸਫਲਤਾਪੂਰਵਕ ਕਿਸੇ ਕਾਰਗਰ ਹਥਿਆਰ ਨੂੰ ਤਾਇਨਾਤ ਕੀਤਾ ਹੋਵੇ। ਪਰ ਉਨ੍ਹਾਂ ਨੇ ਇੱਕ ਗਾਈਡਿਡ ਰਾਕੇਟ ਦਾ ਟੈਸਟ ਜ਼ਰੂਰ ਕੀਤਾ ਸੀ, ਜੋ ਅਸਫਲ ਰਿਹਾ। ਕੰਪਨੀ ਦੇ ਸੁਰੱਖਿਆ ਪ੍ਰਬੰਧਾਂ ਨੇ ਕਈ ਬੇਨਤੀਆਂ ਨੂੰ ਰੋਕ ਦਿੱਤਾ ਸੀ, ਪਰ ਗਰੁੱਪ ਨੇ ਵਾਰ-ਵਾਰ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ।
ਵਿਸ਼ਵ ਸੁਰੱਖਿਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਚਿੰਤਾ
ਯਮਨ ਦਾ ਮਾਮਲਾ ਐਂਥਰੋਪਿਕ ਵੱਲੋਂ ਪਛਾਣੇ ਗਏ ਰਵਾਇਤੀ ਹਥਿਆਰਾਂ ਨਾਲ ਸਬੰਧਤ ਕਈ ਕਾਰਵਾਈਆਂ ਵਿੱਚੋਂ ਇੱਕ ਸੀ। ਇਨ੍ਹਾਂ ’ਚ ਡਰੋਨ ਸਵਾਰਮ, ਟਾਰਪੀਡੋ ਰੋਕਣ ਤੇ ਇਲੈਕਟ੍ਰਾਨਿਕ ਜੰਗ ਲਈ ਟਾਰਗੇਟਿੰਗ ਸਿਸਟਮ ਸ਼ਾਮਲ ਸਨ। ਇਸ ਤੋਂ ਇਲਾਵਾ, ਕੰਪਨੀ ਨੇ 30 ਦਿਨਾਂ ਦੀ ਮਿਆਦ ਦੌਰਾਨ ਲਗਭਗ 35 ਸੰਭਾਵਿਤ ਚਿੰਤਾਜਨਕ ਜੈਵਿਕ ਖੋਜ ਗਤੀਵਿਧੀਆਂ ਦੀ ਵੀ ਪਛਾਣ ਕੀਤੀ ਸੀ। ਹੁਣ ਇਹ ਚਿੰਤਾਵਾਂ ਅੰਤਰਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਚਰਚਾਵਾਂ ਦੇ ਉੱਚ ਪੱਧਰ ਤੱਕ ਪਹੁੰਚ ਰਹੀਆਂ ਹਨ। ਰਾਇਟਰਜ਼ ਦੇ ਅਨੁਸਾਰ, ਓਪਨਏਆਈ ਦੇ CEO ਸੈਮ ਆਲਟਮੈਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ AI ਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਮੁੱਦੇ ’ਤੇ ਜਾਣਕਾਰੀ ਦੇਣ ਵਾਲੇ ਹਨ।
ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ, ਜਦੋਂ ਦੁਨੀਆ ਭਰ ਦੀਆਂ ਸਰਕਾਰਾਂ ਇਸ ਗੱਲ ’ਤੇ ਵਿਚਾਰ ਕਰ ਰਹੀਆਂ ਹਨ ਕਿ AI ਸਿਸਟਮਾਂ ਨੂੰ ਕਿਵੇਂ ਨਿਯੰਤਰਿਤ ਕੀਤਾ ਜਾਵੇ ਤੇ ਸੁਰੱਖਿਆ ਲਈ ਸਾਂਝੇ ਮਾਪਦੰਡ ਕਿਵੇਂ ਤੈਅ ਕੀਤੇ ਜਾਣ।