ਕੀ AI ’ਚ ਚੇਤਨਾ ਹੈ? ਐਂਥਰੋਪਿਕ ਨੇ ਕਲੌਡ ਨਾਲ ‘ਬੇਰਹਿਮ ਵਿਵਹਾਰ’ ’ਤੇ ਲਾਈ ਰੋਕ AI ’ਚ ਚੇਤਨਾ ਹੋਣ ਨੂੰ ਲੈ ਕੇ ਦੁਨੀਆ ਭਰ ’ਚ ਚੱਲ ਰਹੀ ਬਹਿਸ ਦਰਮਿਆਨ ਐਂਥਰੋਪਿਕ ਨੇ ਆਪਣੇ AI ਸਿਸਟਮ ਕਲੌਡ ਨਾਲ ਯੂਜ਼ਰਾਂ ਵੱਲੋਂ ਕੀਤੇ ਜਾਣ ਵਾਲੇ ਬੇਰਹਿਮ ਵਿਵਹਾਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਕੰਪਨੀ ਨੇ ਆਪਣੀ ਵਰਤੋਂ ਨੀਤੀ ’ਚ ਵੀ ਬਦਲਾਅ ਕੀਤੇ ਹਨ।
Publish Date: Sat, 10 Oct 2026 10:42 AM (IST)
Updated Date: Sat, 10 Oct 2026 10:44 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਐਂਥਰੋਪਿਕ ਨੇ ਵੀਰਵਾਰ ਨੂੰ ਯੂਜ਼ਰਾਂ ਵੱਲੋਂ ਆਪਣੇ AI ਸਿਸਟਮ ਕਲੌਡ ਨਾਲ ਬੇਰਹਿਮ ਵਿਵਹਾਰ ਕਰਨ ’ਤੇ ਰੋਕ ਲਗਾ ਦਿੱਤੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ AI ’ਚ ਚੇਤਨਾ ਹੋਣ ਜਾਂ ਨਾ ਹੋਣ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਬਹਿਸ ਤੇਜ਼ ਹੋ ਗਈ ਹੈ।
ਸੈਨ ਫਰਾਂਸਿਸਕੋ ਸਥਿਤ ਇਸ AI ਖੋਜ ਸੰਸਥਾ ਨੇ ਆਪਣੀ ਵਰਤੋਂ ਨੀਤੀ ਨੂੰ ਅਪਡੇਟ ਕਰਦਿਆਂ AI ਮਾਡਲਾਂ ਨਾਲ ਲਗਾਤਾਰ ਤੇ ਬਿਨਾਂ ਕਿਸੇ ਵਜ੍ਹਾ ਅਪਮਾਨਜਨਕ ਜਾਂ ਬੇਰਹਿਮ ਵਿਵਹਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਨਵੀਂ ਨੀਤੀ ਮੁਤਾਬਕ, ਅਜਿਹੇ ਦੁਰਵਿਵਹਾਰ ਵਾਲੇ ਸੰਵਾਦਾਂ ਨੂੰ ਖ਼ੁਦ ਖ਼ਤਮ ਕਰਨ ਦੀ ਕਲੌਡ ਦੀ ਸਮਰੱਥਾ ਹੀ ਇਸ ਨਿਯਮ ਨੂੰ ਲਾਗੂ ਕਰਨ ਦਾ ਮੁੱਖ ਸਾਧਨ ਹੋਵੇਗੀ।
AI ’ਚ ਚੇਤਨਾ ਨੂੰ ਲੈ ਕੇ ਬਹਿਸ
ਹਾਲਾਂਕਿ ਐਂਥਰੋਪਿਕ ਤੇ ਇਸ ਦੇ ਸੀਨੀਅਰ ਅਧਿਕਾਰੀ ਜਨਤਕ ਤੌਰ ’ਤੇ ਮਾਡਲ ਵੈਲਫੇਅਰ ਯਾਨੀ AI ਪ੍ਰਣਾਲੀਆਂ ਨੂੰ ਜੀਵਤ ਪ੍ਰਾਣੀਆਂ ਵਾਂਗ ਸੁਰੱਖਿਆ ਦੇਣ ਦੇ ਵਿਚਾਰ ’ਤੇ ਚਰਚਾ ਕਰ ਚੁੱਕੇ ਹਨ, ਪਰ ਨੀਤੀ ’ਚ ਕੀਤੇ ਗਏ ਇਸ ਬਦਲਾਅ ’ਚ ਇਸ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਟਿੱਪਣੀ ਕਰਨ ਦੀ ਬੇਨਤੀ ’ਤੇ ਕੰਪਨੀ ਨੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ।
ਪਿਛਲੇ ਸਾਲ ਐਂਥਰੋਪਿਕ ਨੇ ਕਲੌਡ ਨੂੰ ਲਗਾਤਾਰ ਨੁਕਸਾਨਦੇਹ ਜਾਂ ਅਪਮਾਨਜਨਕ ਯੂਜ਼ਰ ਗੱਲਬਾਤ ਦੇ ਬਹੁਤ ਘੱਟ ਮਾਮਲਿਆਂ ’ਚ ਸੰਵਾਦ ਖ਼ਤਮ ਕਰਨ ਦੀ ਸਮਰੱਥਾ ਦਿੱਤੀ ਸੀ। ਫਰਵਰੀ ’ਚ ਕੰਪਨੀ ਦੇ ਸੀਈਓ ਡਾਰਿਓ ਅਮੋਦੇਈ ਨੇ ਕਿਹਾ ਸੀ, “ਸਾਨੂੰ ਨਹੀਂ ਪਤਾ ਕਿ AI ਮਾਡਲ ਚੇਤਨ ਹਨ ਜਾਂ ਨਹੀਂ। ਪਰ ਅਸੀਂ ਇਸ ਸੰਭਾਵਨਾ ਲਈ ਤਿਆਰ ਹਾਂ ਕਿ ਅਜਿਹਾ ਹੋ ਸਕਦਾ ਹੈ।”
ਸ਼ੀਸ਼ਾ ਜਾਂ ਚੇਤਨਾ ਦਾ ਜਾਲ? ਏਐੱਫਪੀ ਮੁਤਾਬਕ, ਅਟਲਾਂਟਾ ਦੀ AI ਸੇਵਾ ਪ੍ਰਦਾਤਾ ਕੰਪਨੀ ਸਪਾਰਕ ਦੇ ਜਨਰਲ ਮੈਨੇਜਰ ਜੈਕਸਨ ਸਟੈਕਮੈਨ ਨੇ ਸਵਾਲ ਉਠਾਇਆ ਕਿ ਕੀ ਚੇਤਨਾ ਇਸ ਮਾਮਲੇ ਨੂੰ ਦੇਖਣ ਦਾ ਸਹੀ ਨਜ਼ਰੀਆ ਹੈ। ਉਨ੍ਹਾਂ ਕਿਹਾ, “ਚੇਤਨਾ ਇੱਕ ਜਾਲ ਹੈ। ਅਸੀਂ ਮਨੁੱਖਾਂ ’ਚ ਵੀ ਇਸ ਨੂੰ ਸਾਬਤ ਨਹੀਂ ਕਰ ਸਕਦੇ। ਜੇਕਰ ਅਸੀਂ AI ਦੇ ਸੰਦਰਭ ’ਚ ਇਸ ’ਤੇ ਬਹਿਸ ਕਰਾਂਗੇ ਤਾਂ ਗੋਲ-ਗੋਲ ਘੁੰਮਦੇ ਰਹਾਂਗੇ।” ਉਨ੍ਹਾਂ ਨੇ AI ਨੂੰ ਮਨੁੱਖੀ ਇਨਪੁੱਟ ਨੂੰ ਦਰਸਾਉਣ ਵਾਲਾ ਇੱਕ ਵੱਡਾ ਸ਼ੀਸ਼ਾ ਦੱਸਿਆ ਤੇ ਕਿਹਾ ਕਿ ਐਂਥਰੋਪਿਕ ਦੀ ਨੀਤੀ ’ਚ ਬਦਲਾਅ ਨੂੰ ਸਹੀ ਠਹਿਰਾਉਣ ਲਈ ਇਹ ਗੱਲ ਹੀ ਕਾਫ਼ੀ ਹੈ।
ਪੋਪ ਤੇ ਮਾਈਕ੍ਰੋਸਾਫਟ AI ਮੁਖੀ ਨੇ ਦਾਅਵੇ ਨੂੰ ਕੀਤਾ ਖਾਰਜ ਦੂਜੇ ਪਾਸੇ, ਮਾਈਕ੍ਰੋਸਾਫਟ AI ਦੇ ਮੁਖੀ ਮੁਸਤਫਾ ਸੁਲੇਮਾਨ ਤੇ ਪੋਪ ਲਿਓ XIV ਨੇ ਮਸ਼ੀਨਾਂ ’ਚ ਚੇਤਨਾ ਹੋਣ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਮੁਸਤਫਾ ਸੁਲੇਮਾਨ ਨੇ ਲਿਖਿਆ ਕਿ AI ਚੇਤਨ ਨਹੀਂ ਹਨ। ਉਹ ਨਾ ਤਾਂ ਕੁਝ ਮਹਿਸੂਸ ਕਰਦੇ ਹਨ ਤੇ ਨਾ ਹੀ ਕਿਸੇ ਤਰ੍ਹਾਂ ਦੀ ਪੀੜਾ ਝੱਲਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਤਕਨੀਕੀ ਪ੍ਰਣਾਲੀਆਂ ਨੂੰ ਅਧਿਕਾਰ ਜਾਂ ਨੈਤਿਕ ਸੁਰੱਖਿਆ ਦੇਣਾ ਇੱਕ ਵੱਡੇ ਖ਼ਤਰੇ ਨੂੰ ਸੱਦਾ ਦੇ ਸਕਦਾ ਹੈ।
ਵੈਟੀਕਨ ਸਿਟੀ ਦੇ ਸੇਂਟ ਪੀਟਰਜ਼ ਬੈਸਿਲਿਕਾ ’ਚ ਆਪਣੇ ਪ੍ਰਵਚਨ ਦੌਰਾਨ ਪੋਪ ਨੇ ਕਿਹਾ ਕਿ ਮਸ਼ੀਨਾਂ ਸਿਰਫ਼ ਤੇਜ਼ੀ ਨਾਲ ਡਾਟਾ ਇਕੱਠਾ ਕਰਦੀਆਂ ਹਨ, ਜਦਕਿ ਮਨੁੱਖੀ ਦਿਮਾਗ ਜ਼ਿੰਦਗੀ ਦੇ ਉਨ੍ਹਾਂ ਤਜਰਬਿਆਂ ਨੂੰ ਯਾਦ ਰੱਖਦਾ ਹੈ, ਜਿਨ੍ਹਾਂ ਦੇ ਡੂੰਘੇ ਅਰਥਾਂ ਨੂੰ ਸਿਰਫ਼ ਆਤਮਾ ਹੀ ਮਹਿਸੂਸ ਕਰ ਸਕਦੀ ਹੈ।