2 ਸਾਲਾਂ ਤੋਂ ਭਾਰਤੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ ਅਮਰੀਕੀ ਨੌਜਵਾਨ, ਹਮਲੇ ਲਈ ਮੰਦਰ ਹੀ ਕਿਉਂ ਚੁਣਿਆ? 19 ਸਾਲਾ ਅਮਰੀਕੀ ਨੌਜਵਾਨ ਐਲੇਕਸੈਂਡਰੋਸ ਪੈਪੋਰਾਕਿਸ ਨੇ ਇਲੀਨੋਇਸ ਦੇ ਔਰੋਰਾ ਸਥਿਤ ਇੱਕ ਹਿੰਦੂ ਮੰਦਰ ’ਚ ਸਮੂਹਿਕ ਗੋਲੀਬਾਰੀ ਕਰਨ ਦੀ ਸਾਜ਼ਿਸ਼ ਦੋ ਸਾਲ ਤੋਂ ਵੱਧ ਸਮੇਂ ਤੱਕ ਰਚੀ ਸੀ।
Publish Date: Fri, 16 Oct 2026 10:46 AM (IST)
Updated Date: Fri, 16 Oct 2026 10:49 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ। ਅਮਰੀਕਾ ਦੇ ਇੱਕ ਹਿੰਦੂ ਮੰਦਰ ’ਚ ਵੱਡੇ ਪੱਧਰ ’ਤੇ ਗੋਲੀਬਾਰੀ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਇਸ 19 ਸਾਲਾ ਨੌਜਵਾਨ ਨੇ ਹਮਲੇ ਦੀ ਯੋਜਨਾ ਦੋ ਸਾਲ ਤੋਂ ਵੀ ਵੱਧ ਸਮੇਂ ਪਹਿਲਾਂ ਬਣਾਈ ਸੀ। ਇਸ ਗੱਲ ਦਾ ਖੁਲਾਸਾ ਅਦਾਲਤੀ ਦਸਤਾਵੇਜ਼ਾਂ ਤੋਂ ਹੋਇਆ ਹੈ। ਕੁੱਕ ਕਾਊਂਟੀ ਸਟੇਟ ਦੇ ਅਟਾਰਨੀ ਦਫ਼ਤਰ ਦੇ ਸਰਕਾਰੀ ਵਕੀਲਾਂ ਨੇ ਦੱਸਿਆ ਕਿ 19 ਸਾਲਾ ਸ਼ੱਕੀ ਐਲੇਕਸੈਂਡਰੋਸ ਪੈਪੋਰਾਕਿਸ ਨੇ ਪੈਲੇਟਾਈਨ ਸਥਿਤ ਟੈਕੋ ਬੈੱਲ ’ਚ ਆਪਣੇ ਸਹਿਕਰਮੀਆਂ ਨੂੰ ਕਿਹਾ ਸੀ ਕਿ ਉਹ ਭਾਰਤੀਆਂ ਨੂੰ ਮਾਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।
ਹਿੰਦੂ ਮੰਦਰ ’ਤੇ ਹਮਲੇ ਦੀ ਯੋਜਨਾ ਹਾਲਾਂਕਿ, ਸਾਜ਼ਿਸ਼ ਦੇ ਸਹੀ ਨਿਸ਼ਾਨੇ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਇਲੀਨੋਇਸ ਦੇ ਪੈਲੇਟਾਈਨ ’ਚ ਪੁਲਿਸ ਅਧਿਕਾਰੀਆਂ ਤੇ ਐੱਫਬੀਆਈ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਨੌਜਵਾਨ ਸ਼ਿਕਾਗੋ ਤੋਂ ਲਗਪਗ 40 ਮੀਲ ਪੱਛਮ ’ਚ ਸਥਿਤ ਔਰੋਰਾ ਦੇ ਇੱਕ ਵੱਡੇ ਹਿੰਦੂ ਮੰਦਰ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੈਲੇਟਾਈਨ ਦੇ ਪੁਲਿਸ ਮੁਖੀ ਵਿਲੀਅਮ ਨੌਰਡ ਨੇ ਦੱਸਿਆ ਕਿ ਪੈਪੋਰਾਕਿਸ ਦੇ ਨਾਂ ’ਤੇ ਰਜਿਸਟਰਡ ਲਾਲ ਰੰਗ ਦੀ ਐਕਿਊਰਾ ਆਰਡੀਐਕਸ ਕਾਰ ਐਤਵਾਰ ਦੁਪਹਿਰ ਲਗਪਗ 12:25 ਵਜੇ ਇੱਕ ਮੰਦਰ ਦੀ ਪਾਰਕਿੰਗ ’ਚ ਪਹੁੰਚੀ ਤੇ 15 ਮਿੰਟ ਤੋਂ ਵੀ ਘੱਟ ਸਮੇਂ ’ਚ ਉੱਥੋਂ ਚਲੀ ਗਈ। ਦੁਪਹਿਰ ਲਗਪਗ 2 ਵਜੇ ਉਸ ਨੂੰ ਇੱਕ ਹੋਰ ਉਪਨਗਰ ’ਚ ਆਪਣੇ ਘਰ ਦੇ ਨੇੜੇ ਕਾਰ ’ਚ ਇਕੱਲੇ ਦੇਖਿਆ ਗਿਆ।
ਕੀ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਸੀ ਨਿਸ਼ਾਨੇ ’ਤੇ? ਅਧਿਕਾਰੀਆਂ ਨੇ ਉਸ ਥਾਂ ਦਾ ਨਾਂ ਨਹੀਂ ਦੱਸਿਆ, ਜਿਸ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਹਾਲਾਂਕਿ, ਇਲਾਕੇ ਦੇ ਸਭ ਤੋਂ ਵੱਡੇ ਮੰਦਰਾਂ ਵਿੱਚੋਂ ਇੱਕ, ਔਰੋਰਾ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ (ਬਾਲਾਜੀ) ਮੰਦਰ ਨੇ ਬਾਅਦ ’ਚ ਆਪਣੀ ਵੈੱਬਸਾਈਟ ’ਤੇ ਇੱਕ ਪੋਸਟ ਰਾਹੀਂ ਸ਼ਰਧਾਲੂਆਂ ਨੂੰ ਸੁਰੱਖਿਆ ਸਬੰਧੀ ਖ਼ਤਰੇ ਬਾਰੇ ਜਾਣਕਾਰੀ ਦਿੱਤੀ। ਮੰਦਰ ਦੀ ਇੱਕ ਰਿਸੈਪਸ਼ਨਿਸਟ ਨੇ ਦ ਨਿਊਯਾਰਕ ਟਾਈਮਜ਼ ਨੂੰ ਫ਼ੋਨ ’ਤੇ ਦੱਸਿਆ ਕਿ ਜਿਸ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ, ਉਸ ਦਾ ਨਿਸ਼ਾਨਾ ਅਸਲ ’ਚ ਇਹੀ ਮੰਦਰ ਸੀ।
ਇਸ ਨੌਜਵਾਨ ਦੀ ਖ਼ੂਨੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ, ਕਿਉਂਕਿ ਉਸ ਦੇ ਇੱਕ ਸਾਥੀ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਸੀ। ਇਸ ਤੋਂ ਬਾਅਦ ਮਾਊਂਟ ਪ੍ਰਾਸਪੈਕਟ ਤੇ ਪੈਲੇਟਾਈਨ ਪੁਲਿਸ ਵਿਭਾਗਾਂ ਨੇ ਮਿਲ ਕੇ ਪੈਪੋਰਾਕਿਸ ਦਾ ਪਤਾ ਲਗਾਇਆ ਤੇ ਐਤਵਾਰ ਦੁਪਹਿਰ ਉਸ ਨੂੰ ਘਰੋਂ ਨਿਕਲਦੇ ਸਮੇਂ ਗ੍ਰਿਫ਼ਤਾਰ ਕਰ ਲਿਆ। ਸਰਕਾਰੀ ਵਕੀਲਾਂ ਦਾ ਮੰਨਣਾ ਹੈ ਕਿ ਉਹ ਉਸੇ ਦਿਨ ਆਪਣੀ ਯੋਜਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ।
ਘਰ ਦੀ ਤਲਾਸ਼ੀ ਦੌਰਾਨ ਕੀ ਮਿਲਿਆ? ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਰਾਈਫ਼ਲ, ਰਾਈਫ਼ਲ ਦੀਆਂ ਕਈ ਭਰੀਆਂ ਹੋਈਆਂ ਮੈਗਜ਼ੀਨਾਂ ਤੇ ਸੈਂਕੜੇ ਵਾਧੂ ਕਾਰਤੂਸ ਮਿਲੇ। ਇਸ ਤੋਂ ਇਲਾਵਾ, ਉੱਥੇ ਬਾਡੀ ਆਰਮਰ ਵਾਲੀ ਇੱਕ ਟੈਕਟੀਕਲ ਜੈਕੇਟ ਤੇ ਇੱਕ ਅਜਿਹਾ ਪੈਚ ਵੀ ਮਿਲਿਆ, ਜਿਸ ’ਤੇ ਗੋਰੇ ਸਰਵਉੱਚਤਾ ਦੇ ਕੱਟੜਪੰਥੀ ਵਿਚਾਰਾਂ ਨਾਲ ਜੁੜੀਆਂ ਤਸਵੀਰਾਂ ਸਨ। ਉਸ ਦੇ ਘਰੋਂ ਨਾਜ਼ੀ ਚਿੰਨ੍ਹਾਂ ਵਾਲੀਆਂ ਚੀਜ਼ਾਂ ਵੀ ਮਿਲੀਆਂ, ਜਿਨ੍ਹਾਂ ’ਤੇ ਸਵਾਸਤਿਕ ਦੇ ਨਿਸ਼ਾਨ ਸਨ। ਇਸ ਤੋਂ ਇਲਾਵਾ, ਉੱਥੇ ਗੈਸ ਦਾ ਇੱਕ ਕੈਨ ਵੀ ਮਿਲਿਆ, ਜਿਸ ’ਤੇ ਭਾਰਤੀਆਂ ਲਈ ਅਪਮਾਨਜਨਕ ਸ਼ਬਦ ਲਿਖਿਆ ਹੋਇਆ ਸੀ।
ਅਦਾਲਤੀ ਦਸਤਾਵੇਜ਼ ਅਨੁਸਾਰ, ਜਾਂਚਕਰਤਾਵਾਂ ਨੇ ਉਸ ਦੇ ਇਲੈਕਟ੍ਰਾਨਿਕ ਸੰਚਾਰ ਤੇ ਪੈਪੋਰਾਕਿਸ ਨਾਲ ਸਬੰਧਤ ਇੱਕ ਦਸਤਾਵੇਜ਼ ਦੀ ਵੀ ਜਾਂਚ ਕੀਤੀ, ਜਿਸ ਦਾ ਸਿਰਲੇਖ ਸੀ, “ਮੈਂ ਕਿਉਂ ਲੜਿਆ: (ਔਰੋਰਾ ਸ਼ੂਟਰ ਦਾ ਮੈਨੀਫੈਸਟੋ)”। ਇਸ ਦਸਤਾਵੇਜ਼ ’ਚ ਭਾਰਤੀਆਂ, ਯਹੂਦੀਆਂ ਤੇ ਅਫ਼ਰੀਕੀ-ਅਮਰੀਕੀ ਲੋਕਾਂ ਨੂੰ ਮਨੁੱਖਾਂ ਤੋਂ ਨੀਵੇਂ ਦਰਜੇ ਦਾ ਦੱਸਿਆ ਗਿਆ ਸੀ ਤੇ ਵੱਧ ਤੋਂ ਵੱਧ ਲੋਕਾਂ ਨੂੰ ਮਾਰਨ ਦੀ ਸਾਜ਼ਿਸ਼ ਦਾ ਜ਼ਿਕਰ ਕੀਤਾ ਗਿਆ ਸੀ।
ਖ਼ਾਸ ਦਿਨ ਦਾ ਕੀਤਾ ਸੀ ਜ਼ਿਕਰ ਪੈਪੋਰਾਕਿਸ ’ਤੇ ਅੱਤਵਾਦੀ ਧਮਕੀ ਦੇਣ ਤੇ ਗ਼ੈਰ-ਕਾਨੂੰਨੀ ਢੰਗ ਨਾਲ ਰਾਈਫ਼ਲ ਰੱਖਣ ਵਰਗੇ ਗੰਭੀਰ ਦੋਸ਼ ਲੱਗੇ ਹਨ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਟੈਕੋ ਬੈੱਲ ’ਚ ਕੈਸ਼ੀਅਰ ਵਜੋਂ ਕੰਮ ਕਰਨ ਵਾਲੇ ਪੈਪੋਰਾਕਿਸ ਨੇ ਆਪਣੇ ਇੱਕ ਸਹਿਕਰਮੀ ਨੂੰ ਗੋਰੇ ਸਰਵਉੱਚਤਾ ਵਾਲੀ ਵਿਚਾਰਧਾਰਾ ਤੇ ਸੰਭਾਵੀ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਬਾਰੇ ਸੰਦੇਸ਼ ਭੇਜੇ ਸਨ। ਉਸ ਨੇ ਸਹਿਕਰਮੀ ਨੂੰ ਦੱਸਿਆ ਸੀ ਕਿ ਐਤਵਾਰ ਦਾ ਦਿਨ ਖ਼ਾਸ ਹੋਵੇਗਾ। ਦਸਤਾਵੇਜ਼ਾਂ ਅਨੁਸਾਰ, ਐਤਵਾਰ ਨੂੰ ਉਸ ਨੇ ਆਪਣੇ ਸਹਿਕਰਮੀ ਨੂੰ ਫ਼ੋਨ ਕਰਕੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਉਸ ਦੀ ਬੰਦੂਕ ਜਾਮ ਹੋ ਗਈ ਸੀ ਤੇ ਉਹ ਉੱਥੋਂ ਭੱਜ ਰਿਹਾ ਸੀ।
ਦ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ, ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਇੱਕ ਸਹਿਕਰਮੀ ਨੂੰ ਵੀਡੀਓ ਵੀ ਭੇਜੀ ਸੀ, ਜਿਸ ’ਚ ਦਿਖਾਈ ਦੇ ਰਿਹਾ ਸੀ ਕਿ ਉਸ ਦੀ ਬੰਦੂਕ ਵਿੱਚੋਂ ਗੋਲੀ ਨਹੀਂ ਚੱਲੀ। ਉਸ ਨੇ ਸਹਿਕਰਮੀ ਨੂੰ ਦੱਸਿਆ ਕਿ ਉਹ ਹਥਿਆਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਜੋ ਉਹ ਮੁੜ ਕੋਸ਼ਿਸ਼ ਕਰ ਸਕੇ। ਉਸ ਨੇ ਇਹ ਵੀ ਕਿਹਾ ਕਿ ਜਿਸ ਵਿਅਕਤੀ ’ਤੇ ਉਸ ਨੇ ਗੋਲੀ ਚਲਾਈ ਸੀ, ਉਹ ਆਪਣੇ ਰੱਬ ਦੀ ਮਿਹਰ ਨਾਲ ਬਚ ਗਿਆ।
ਸਰਕਾਰੀ ਵਕੀਲਾਂ ਅਨੁਸਾਰ, ਪੈਪੋਰਾਕਿਸ ਨੇ ਆਪਣੇ ਸਹਿਕਰਮੀ ਨੂੰ ਅੱਠ ਪੰਨਿਆਂ ਦਾ ਇੱਕ ਦਸਤਾਵੇਜ਼ ਭੇਜਿਆ ਸੀ, ਜਿਸ ’ਚ ਉਸ ਨੇ ਗ਼ੈਰ-ਗੋਰੇ ਲੋਕਾਂ ਲਈ ਨਸਲੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ ਤੇ ਵੱਧ ਤੋਂ ਵੱਧ ਲੋਕਾਂ ਨੂੰ ਮਾਰਨ ਦੀ ਯੋਜਨਾ ਦਾ ਜ਼ਿਕਰ ਕੀਤਾ ਸੀ।
ਉਸ ਨੇ ਖ਼ੁਦ ਨੂੰ ਗੋਰੇ ਸਰਵਉੱਚਤਾ ਦਾ ਸਮਰਥਕ ਤੇ ਨਵ-ਨਾਜ਼ੀ ਦੱਸਿਆ ਸੀ ਤੇ ਵੱਡੇ ਪੱਧਰ ’ਤੇ ਕਤਲੇਆਮ ਕਰਨ ਦੀਆਂ ਕਲਪਨਾਵਾਂ ਕਰਦਾ ਸੀ। ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਉਸ ਦੇ ਸਹਿਕਰਮੀਆਂ ਨੇ ਦੱਸਿਆ ਸੀ ਕਿ ਸ਼ਨੀਵਾਰ ਨੂੰ ਪੈਪੋਰਾਕਿਸ ਦਾ ਵਿਹਾਰ ਹੋਰ ਵੀ ਹਮਲਾਵਰ ਹੋ ਗਿਆ ਸੀ। ਉਸ ਨੇ ਇੱਕ ਸਹਿਕਰਮੀ ਨੂੰ ਕਿਹਾ ਸੀ ਕਿ ਉਹ ਭਾਰਤੀਆਂ ਨੂੰ ਮਾਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਜਦਕਿ ਦੂਜੇ ਸਹਿਕਰਮੀ ਨੂੰ ਦੱਸਿਆ ਸੀ ਕਿ ਉਹ ਔਰੋਰਾ ਦੇ ਇੱਕ ਹਿੰਦੂ ਮੰਦਰ ’ਚ ਕੁਝ ਵੱਡਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਦੋ ਸਾਲ ਪਹਿਲਾਂ ਤੋਂ ਰਚ ਰਿਹਾ ਸੀ ਹਮਲੇ ਦੀ ਸਾਜ਼ਿਸ਼ ਰਿਪੋਰਟ ਅਨੁਸਾਰ, ਪੈਪੋਰਾਕਿਸ ਨੇ ਆਪਣੇ ਇੱਕ ਸਹਿਕਰਮੀ ਨੂੰ ਲਿਖਿਆ ਸੀ ਕਿ ਉਹ ਦੋ ਸਾਲਾਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਖ਼ਾਸ ਥਾਂ ਦੀ ਭਾਲ ਕਰ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਦੱਸਿਆ ਸੀ ਕਿ ਕਾਲਜ ’ਚ ਪੜ੍ਹਨ ਵਾਲੇ ਇੱਕ ਕੰਮਕਾਜੀ ਵਿਦਿਆਰਥੀ ਵਜੋਂ ਉਸ ਦੀ ਸ਼ਖ਼ਸੀਅਤ ਸਿਰਫ਼ ਇੱਕ ਦਿਖਾਵਾ ਸੀ। ਇਸ ਦੇ ਪਿੱਛੇ ਉਸ ਦੀ ਨਫ਼ਰਤ ਤੇ ਵੱਡੇ ਪੱਧਰ ’ਤੇ ਲੋਕਾਂ ਦੀ ਹੱਤਿਆ ਕਰਨ ਦੀਆਂ ਵਾਰ-ਵਾਰ ਆਉਣ ਵਾਲੀਆਂ ਕਲਪਨਾਵਾਂ ਲੁਕੀਆਂ ਹੋਈਆਂ ਸਨ।
ਅਮਰੀਕਾ ’ਚ ਭਾਰਤ-ਵਿਰੋਧੀ ਭਾਵਨਾਵਾਂ ਵਧਣ ਬਾਰੇ ਚਿੰਤਾ ਪੈਪੋਰਾਕਿਸ ਦੀ ਗ੍ਰਿਫ਼ਤਾਰੀ ਨੇ ਅਮਰੀਕਾ ’ਚ ਦੱਖਣੀ ਏਸ਼ੀਆਈ ਲੋਕਾਂ, ਖ਼ਾਸ ਕਰਕੇ ਭਾਰਤੀਆਂ ਵਿਰੁੱਧ ਸਰੀਰਕ ਤੇ ਜ਼ੁਬਾਨੀ ਹਮਲਿਆਂ ’ਚ ਵਾਧੇ ਨੂੰ ਲੈ ਕੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਇਹ ਚਿੰਤਾਵਾਂ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਦੌਰ ਦੌਰਾਨ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਕਲੀਵਲੈਂਡ ਦੇ ਬਾਹਰ ਸਥਿਤ ਇੱਕ ਹਿੰਦੂ ਮੰਦਰ ’ਚ ਭੰਨਤੋੜ ਕੀਤੀ ਗਈ ਸੀ, ਜਦੋਂ ਇੱਕ ਅਣਪਛਾਤੇ ਹਮਲਾਵਰ ਨੇ ਖਿੜਕੀ ਰਾਹੀਂ ਇੱਟ ਸੁੱਟੀ ਸੀ। ਸਤੰਬਰ ’ਚ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੂੰ ਉਸ ਸਮੇਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਇੱਕ ਸਿੱਖ ਵਿਅਕਤੀ ਦੀ ਤਸਵੀਰ ਨਾਲ ਅਜਿਹਾ ਸੰਦੇਸ਼ ਪੋਸਟ ਕੀਤਾ ਸੀ, ਜਿਸ ’ਚ ਕੁਝ ਪ੍ਰਵਾਸੀਆਂ ਨੂੰ ਖ਼ੁਦ ਦੇਸ਼ ਛੱਡ ਕੇ ਜਾਣ ਲਈ ਕਿਹਾ ਗਿਆ ਸੀ।