ਦਿੱਲੀ ’ਚ ਹੋ ਰਹੇ ਪ੍ਰਦਰਸ਼ਨਾਂ ’ਚ ਪਾਕਿਸਤਾਨ ਲੈ ਰਿਹੈ ਦਿਲਚਸਪੀ, ਫਰਜ਼ੀ ਪੋਸਟਾਂ ਦੇ ਮਾਮਲੇ ’ਚ 4 FIR ਦਰਜ; 200 ਪੋਸਟਾਂ ਹਟਵਾਈਆਂ
ਦਿੱਲੀ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਗਲਤ ਬਿਰਤਾਂਤ ਫੈਲਾਉਣ ਤੇ ਮਾਹੌਲ ਖ਼ਰਾਬ ਕਰਨ ਵਾਲੇ ਸੋਸ਼ਲ ਮੀਡੀਆ ਹੈਂਡਲਾਂ ਵਿਰੁੱਧ ਚਾਰ ਐੱਫਆਈਆਰ ਦਰਜ ਕੀਤੀਆਂ ਹਨ। ਜਾਂਚ ਦੌਰਾਨ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
Publish Date: Tue, 13 Oct 2026 03:38 PM (IST)
Updated Date: Tue, 13 Oct 2026 03:47 PM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ। ਕੌਮੀ ਰਾਜਧਾਨੀ ’ਚ ਹਾਲ ਹੀ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਤੇ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਸਖ਼ਤ ਰੁਖ਼ ਅਪਣਾਇਆ ਹੈ। ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨਜ਼ (ਆਈਐੱਫਐੱਸਓ) ਯੂਨਿਟ ਨੇ ਗਲਤ ਬਿਰਤਾਂਤ ਫੈਲਾਉਣ ਤੇ ਮਾਹੌਲ ਖ਼ਰਾਬ ਕਰਨ ਵਾਲੇ ਸੋਸ਼ਲ ਮੀਡੀਆ ਹੈਂਡਲਾਂ ਵਿਰੁੱਧ ਚਾਰ ਐੱਫਆਈਆਰ ਦਰਜ ਕੀਤੀਆਂ ਹਨ।
ਦਿੱਲੀ ’ਚ 273 ਕੰਪਨੀਆਂ ਤਾਇਨਾਤ ਰੱਖਣ ਦੀ ਮੰਗ
ਮਿਲੀ ਜਾਣਕਾਰੀ ਅਨੁਸਾਰ, ਵਿਰੋਧ ਪ੍ਰਦਰਸ਼ਨਾਂ ਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਗ੍ਰਹਿ ਮੰਤਰਾਲੇ ਤੋਂ ਦਿੱਲੀ ’ਚ 273 ਕੰਪਨੀਆਂ ਤਾਇਨਾਤ ਰੱਖਣ ਦੀ ਮੰਗ ਕੀਤੀ ਹੈ। ਫਰਜ਼ੀ ਪੋਸਟਾਂ ਦੇ ਸਬੰਧ ’ਚ ਚਾਰ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।
ਉੱਥੇ ਹੀ, ਦਿੱਲੀ ਪੁਲਿਸ ਨੇ 200 ਤੋਂ ਵੱਧ ਗੁੰਮਰਾਹਕੁੰਨ ਤੇ ਤੱਥਹੀਣ ਪੋਸਟਾਂ ਹਟਵਾਈਆਂ ਹਨ। ਪਾਕਿਸਤਾਨ ’ਚ ਬੈਠ ਕੇ ਚਲਾਏ ਜਾ ਰਹੇ ਸੋਸ਼ਲ ਮੀਡੀਆ ਹੈਂਡਲਾਂ ਸਮੇਤ ਲਗਭਗ 100 ਹੈਂਡਲ ਫਰਜ਼ੀ ਬਿਆਨਬਾਜ਼ੀ ਫੈਲਾਉਣ ਦੇ ਦੋਸ਼ ਹੇਠ ਪੁਲਿਸ ਦੀ ਨਿਗਰਾਨੀ ਹੇਠ ਹਨ। ਇਹ ਸਾਰੀਆਂ ਐੱਫਆਈਆਰ ਬਾਰਾਖੰਬਾ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਦੱਸੀਆਂ ਗਈਆਂ ਹਨ।
ਦਿੱਲੀ ਦੇ ਪ੍ਰਦਰਸ਼ਨਾਂ ’ਚ ਪਾਕਿਸਤਾਨੀਆਂ ਦੀ ਦਿਲਚਸਪੀ
ਸੂਤਰਾਂ ਅਨੁਸਾਰ, ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਰਹੱਦ ਪਾਰ ਤੋਂ ਭਾਰਤ ਵਿਰੋਧੀ ਭਾਵਨਾਵਾਂ ਫੈਲਾਉਣ ਤੇ ਤਣਾਅ ਪੈਦਾ ਕਰਨ ’ਚ ਕਈ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲ ਵੀ ਸਰਗਰਮੀ ਨਾਲ ਸ਼ਾਮਲ ਹਨ।
10 ਅਕਤੂਬਰ ਤੋਂ ਸ਼ੁਰੂ ਹੋਈ ਇਸ ਆਨਲਾਈਨ ਪ੍ਰਚਾਰ ਮੁਹਿੰਮ ਤਹਿਤ ਪਾਕਿਸਤਾਨ ਤੋਂ ਚਲਾਏ ਜਾ ਰਹੇ ਕੁਝ ਯੂਜ਼ਰ ਕਥਿਤ ਤੌਰ ’ਤੇ ਭਾਰਤੀ ਨਾਂ ਰੱਖ ਕੇ ਗੁੰਮਰਾਹਕੁੰਨ ਵੀਡੀਓ ਤੇ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ, ਤਾਂ ਜੋ ਇਹ ਲੱਗੇ ਕਿ ਇਹ ਪੋਸਟਾਂ ਦੇਸ਼ ਦੇ ਅੰਦਰੋਂ ਹੀ ਕੀਤੀਆਂ ਜਾ ਰਹੀਆਂ ਹਨ।
ਹੁਣ ਤੱਕ ਸੋਸ਼ਲ ਮੀਡੀਆ ਦੀਆਂ 200 ਪੋਸਟਾਂ ਹਟਾਈਆਂ
ਪੁਲਿਸ ਸੂਤਰਾਂ ਨੇ ਦੱਸਿਆ ਕਿ 10 ਅਕਤੂਬਰ ਨੂੰ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੌਤਾਂ ਨਾਲ ਸਬੰਧਤ ਕਈ ਝੂਠੀਆਂ ਰਿਪੋਰਟਾਂ ਵੀ ਇਨ੍ਹਾਂ ਹੈਂਡਲਾਂ ਰਾਹੀਂ ਫੈਲਾਈਆਂ ਗਈਆਂ ਸਨ। ਇਸ ਤੋਂ ਇਲਾਵਾ, ਲੋਕਾਂ ’ਚ ਅਸ਼ਾਂਤੀ ਜਾਂ ਅਫ਼ਵਾਹਾਂ ਫੈਲਾਉਣ ਵਾਲੀਆਂ ਲਗਭਗ 200 ਸੋਸ਼ਲ ਮੀਡੀਆ ਪੋਸਟਾਂ ਹੁਣ ਤੱਕ ਹਟਾਈਆਂ ਜਾ ਚੁੱਕੀਆਂ ਹਨ।
ਪੁਲਿਸ ਇਸ ਮਾਮਲੇ ਦੀ ਸਾਈਬਰ ਸੈੱਲ ਦੀ ਮਦਦ ਨਾਲ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪਾਕਿਸਤਾਨ ਨਾਲ ਜੁੜੇ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ’ਤੇ ਸਾਵਧਾਨੀ ਵਰਤਣ ਦੀ ਅਪੀਲ
ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਤੇ ਗਲਤ ਜਾਣਕਾਰੀ ਫੈਲਾਉਣ ਵਾਲੇ ਵਿਦੇਸ਼ੀ ਜਾਂ ਫਰਜ਼ੀ ਹੈਂਡਲਾਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਹੈ। ਪੁਲਿਸ ਨੇ ਲੋਕਾਂ ਨੂੰ ਸਿਰਫ਼ ਅਧਿਕਾਰਤ ਸੂਚਨਾਵਾਂ ’ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ।
ਇਸ ਦੇ ਨਾਲ ਹੀ ਲੋਕਾਂ ਨੂੰ ਅਜਿਹੀਆਂ ਪੋਸਟਾਂ ਸਾਂਝੀਆਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ, ਜਿਨ੍ਹਾਂ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ।