'ਪਰਮਾਣੂ ਧਮਕੀਆਂ ਹੁਣ ਨਹੀਂ ਚੱਲਣਗੀਆਂ...', UN 'ਚ ਭਾਰਤ ਨੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼ ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਕਮੇਟੀ ਦੀ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਪਰਮਾਣੂ ਹਥਿਆਰਾਂ ਨੂੰ ਰੋਜ਼ਾਨਾ ਦੀ ਕੂਟਨੀਤੀ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ। ਜਿਨੇਵਾ ਵਿੱਚ ਭਾਰਤ ਦੇ ਸੀਨੀਅਰ ਸਲਾਹਕਾਰ ਅਨਮੋਲ ਸ਼ੇਰ ਸਿੰਘ ਬੇਦੀ ਨੇ ਜਵਾਬ ਦੇਣ ਦੇ ਅਧਿਕਾਰ (ਰਾਈਟ ਆਫ਼ ਰਿਪਲਾਈ) ਦੀ ਵਰਤੋਂ ਕਰਦਿਆਂ ਕਿਹਾ ਕਿ ਭਾਰਤ ਕਿਸੇ ਵੀ ਤਰ੍ਹਾਂ ਦੀ ਪਰਮਾਣੂ ਬਲੈਕਮੇਲਿੰਗ ਅੱਗੇ ਕਦੇ ਨਹੀਂ ਝੁਕੇਗਾ। ਭਾਰਤ ਦੀਆਂ ਸਮਰੱਥਾਵਾਂ ਪੂਰੀ ਤਰ੍ਹਾਂ ਰੱਖਿਆਤਮਕ ਹਨ ਅਤੇ ਇਹ ਦੇਸ਼ ਦੇ ਸੁਰੱਖਿਆ ਮਾਹੌਲ ਦੇ ਅਨੁਸਾਰ ਤੈਅ ਕੀਤੀਆਂ ਜਾਂਦੀਆਂ ਹਨ।
Publish Date: Sat, 10 Oct 2026 01:54 PM (IST)
Updated Date: Sat, 10 Oct 2026 01:57 PM (IST)
ਡਿਜੀਟਲ ਡੈਸਕ, ਜਿਨੇਵਾ - ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਕਮੇਟੀ ਦੀ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਪਰਮਾਣੂ ਹਥਿਆਰਾਂ ਨੂੰ ਰੋਜ਼ਾਨਾ ਦੀ ਕੂਟਨੀਤੀ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ। ਜਿਨੇਵਾ ਵਿੱਚ ਭਾਰਤ ਦੇ ਸੀਨੀਅਰ ਸਲਾਹਕਾਰ ਅਨਮੋਲ ਸ਼ੇਰ ਸਿੰਘ ਬੇਦੀ ਨੇ ਜਵਾਬ ਦੇਣ ਦੇ ਅਧਿਕਾਰ (ਰਾਈਟ ਆਫ਼ ਰਿਪਲਾਈ) ਦੀ ਵਰਤੋਂ ਕਰਦਿਆਂ ਕਿਹਾ ਕਿ ਭਾਰਤ ਕਿਸੇ ਵੀ ਤਰ੍ਹਾਂ ਦੀ ਪਰਮਾਣੂ ਬਲੈਕਮੇਲਿੰਗ ਅੱਗੇ ਕਦੇ ਨਹੀਂ ਝੁਕੇਗਾ। ਭਾਰਤ ਦੀਆਂ ਸਮਰੱਥਾਵਾਂ ਪੂਰੀ ਤਰ੍ਹਾਂ ਰੱਖਿਆਤਮਕ ਹਨ ਅਤੇ ਇਹ ਦੇਸ਼ ਦੇ ਸੁਰੱਖਿਆ ਮਾਹੌਲ ਦੇ ਅਨੁਸਾਰ ਤੈਅ ਕੀਤੀਆਂ ਜਾਂਦੀਆਂ ਹਨ।
ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ’ਤੇ ਭਾਰਤ ਨੇ ਸਖ਼ਤ ਜਵਾਬ ਦਿੱਤਾ। ਭਾਰਤੀ ਪ੍ਰਤੀਨਿਧੀ ਨੇ ਜ਼ੋਰ ਦੇ ਕੇ ਕਿਹਾ ਕਿ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠਲੇ ਭਾਰਤੀ ਇਲਾਕਿਆਂ ਨੂੰ ਖਾਲੀ ਕਰਨ ਦੀ ਮੰਗ ਕੀਤੀ।
ਭਾਰਤ ਨੇ ਦੁਹਰਾਇਆ ਕਿ ਉਹ ਹਮੇਸ਼ਾ ਸ਼ਾਂਤੀ ਦਾ ਸਮਰਥਕ ਰਿਹਾ ਹੈ, ਪਰ ਜੇਕਰ ਗ਼ੈਰ-ਜ਼ਿੰਮੇਵਾਰਾਨਾ ਕਾਰਵਾਈਆਂ ਲਈ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਤਾਂ ਸ਼ਾਂਤੀ ਸਿਰਫ਼ ਦੋ ਸੰਕਟਾਂ ਵਿਚਕਾਰ ਇੱਕ ਛੋਟਾ ਜਿਹਾ ਵਿਰਾਮ ਬਣ ਕੇ ਰਹਿ ਜਾਵੇਗੀ।
ਸੰਕਟ ਪੈਦਾ ਕਰਨ ਦਾ ਪਾਕਿਸਤਾਨੀ ਤਰੀਕਾ ਬੇਨਕਾਬ
ਭਾਰਤ ਨੇ ਪਾਕਿਸਤਾਨ ਦੇ ਕੰਮ ਕਰਨ ਦੇ ਤਰੀਕੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਰਹੱਦ ਪਾਰੋਂ ਸੰਕਟ ਪੈਦਾ ਕਰਨ ਦੀਆਂ ਕਾਰਵਾਈਆਂ ਇੱਕ ਤੈਅ ਪੈਟਰਨ ਅਨੁਸਾਰ ਹੁੰਦੀਆਂ ਹਨ। ਪਹਿਲਾਂ ਉਕਸਾਉਣ ਵਾਲੀ ਕਾਰਵਾਈ ਕੀਤੀ ਜਾਂਦੀ ਹੈ, ਫਿਰ ਉਸ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਤੇ ਜਦੋਂ ਭਾਰਤ ਜਵਾਬ ਦਿੰਦਾ ਹੈ ਤਾਂ ਸੰਜਮ ਵਰਤਣ ਦੀਆਂ ਨਸੀਹਤਾਂ ਦਿੱਤੀਆਂ ਜਾਣ ਲੱਗਦੀਆਂ ਹਨ।
ਭਾਰਤ ਨੇ ਸਪੱਸ਼ਟ ਕੀਤਾ ਕਿ ਗ਼ੈਰ-ਸਰਕਾਰੀ ਹਿੰਸਕ ਸਮੂਹਾਂ ਦੀ ਆੜ ਵਿੱਚ ਹਿੰਸਾ ਫੈਲਾਉਣ ਨਾਲ ਕਿਸੇ ਦੇਸ਼ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਸਵੈ-ਰੱਖਿਆ ਦਾ ਉਸ ਦਾ ਅਧਿਕਾਰ ਪੂਰੀ ਤਰ੍ਹਾਂ ਬਰਕਰਾਰ ਹੈ।
ਭਾਰਤ ਦੀਆਂ ਤਿੰਨ ਸਪੱਸ਼ਟ ‘ਰੈੱਡ ਲਾਈਨਜ਼’ ਕੌਮਾਂਤਰੀ ਮੰਚ ਤੋਂ ਭਾਰਤ ਨੇ ਆਪਣੀ ਨੀਤੀ ਦੀਆਂ ਤਿੰਨ ਸਪੱਸ਼ਟ ਹੱਦਾਂ ਬਾਰੇ ਦੱਸਿਆ।
ਪਹਿਲੀ, ਭਾਰਤ ’ਤੇ ਹੋਣ ਵਾਲੇ ਕਿਸੇ ਵੀ ਅੱਤਵਾਦੀ ਹਮਲੇ ਦਾ ਸਖ਼ਤ ਅਤੇ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਦੂਜੀ, ਭਾਰਤ ਕਿਸੇ ਵੀ ਪਰਮਾਣੂ ਧਮਕੀ ਅੱਗੇ ਨਹੀਂ ਝੁਕੇਗਾ।
ਤੀਜੀ, ਭਾਰਤ ਅੱਤਵਾਦ ਨੂੰ ਪਨਾਹ ਦੇਣ ਜਾਂ ਇਸ ਲਈ ਵਿੱਤੀ ਮਦਦ ਮੁਹੱਈਆ ਕਰਵਾਉਣ ਵਾਲਿਆਂ ਅਤੇ ਅੱਤਵਾਦੀ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਵਿਚਕਾਰ ਕੋਈ ਫ਼ਰਕ ਨਹੀਂ ਕਰੇਗਾ।
ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਕੀ ਰੁਖ਼ ਹੈ? ਭਾਰਤ ਨੇ ਯਾਦ ਦਿਵਾਇਆ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਭਾਰਤ ਨੇ ਸਵੈ-ਰੱਖਿਆ ਤਹਿਤ ‘ਆਪ੍ਰੇਸ਼ਨ ਸਿੰਦੂਰ’ ਚਲਾਇਆ ਸੀ। ਭਾਰਤ ਅਨੁਸਾਰ, ਇਹ ਕਦਮ ਪੂਰੀ ਤਰ੍ਹਾਂ ਸੰਤੁਲਿਤ ਅਤੇ ਬਿਨਾਂ ਉਕਸਾਵੇ ਵਾਲਾ ਸੀ।
ਸਿੰਧੂ ਜਲ ਸੰਧੀ ਦਾ ਜ਼ਿਕਰ ਕਰਦਿਆਂ ਭਾਰਤ ਨੇ ਕਿਹਾ ਕਿ ਇਹ ਸਮਝੌਤਾ ਆਪਸੀ ਭਰੋਸੇ ਅਤੇ ਸਦਭਾਵਨਾ ’ਤੇ ਆਧਾਰਿਤ ਸੀ। ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਪੂਰੀ ਤਰ੍ਹਾਂ ਅਤੇ ਸਥਾਈ ਤੌਰ ’ਤੇ ਖ਼ਤਮ ਨਹੀਂ ਕਰਦਾ, ਉਦੋਂ ਤੱਕ ਇਸ ਸੰਧੀ ਨੂੰ ਮੁਅੱਤਲ ਰੱਖਿਆ ਜਾਵੇਗਾ।
ਵਿਸ਼ਵ ਸੁਰੱਖਿਆ ਬਾਰੇ ਚਿਤਾਵਨੀ ਭਾਰਤ ਨੇ ਏ. ਕਿਊ. ਖ਼ਾਨ ਨੈੱਟਵਰਕ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਪਰਮਾਣੂ ਹਥਿਆਰਾਂ ਦੇ ਗ਼ੈਰ-ਕਾਨੂੰਨੀ ਪਸਾਰ ’ਤੇ ਡੂੰਘੀ ਚਿੰਤਾ ਪ੍ਰਗਟਾਈ। ਇਸ ਨੈੱਟਵਰਕ ਨੇ ਦੁਨੀਆ ਭਰ ਵਿੱਚ ਪਰਮਾਣੂ ਸਮੱਗਰੀ ਅਤੇ ਤਕਨਾਲੋਜੀ ਦੀ ਗ਼ੈਰ-ਕਾਨੂੰਨੀ ਸਪਲਾਈ ਕੀਤੀ ਸੀ।
ਭਾਰਤ ਨੇ ਦੁਨੀਆ ਦੇ ਸਾਰੇ ਜ਼ਿੰਮੇਵਾਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉੱਨਤ ਹਥਿਆਰਾਂ ਅਤੇ ਪਰਮਾਣੂ ਤਕਨਾਲੋਜੀ ਦੇ ਤਬਾਦਲੇ ਸਬੰਧੀ ਵੱਧ ਤੋਂ ਵੱਧ ਚੌਕਸੀ ਵਰਤਣ, ਕਿਉਂਕਿ ਇਹ ਕਦਮ ਸਿਰਫ਼ ਭਾਰਤ ਦੀ ਸੁਰੱਖਿਆ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ।