ਦਿਲ ਦਹਿਲਾ ਦੇਣ ਵਾਲੀ ਘਟਨਾ: ਨਮਾਜ਼ ਨਾ ਪੜ੍ਹਨ 'ਤੇ ਦਾਦੇ ਨੇ ਬੇਰਹਿਮੀ ਨਾਲ ਕੀਤਾ ਪੋਤਿਆਂ ਦਾ ਕਤਲ, ਪਤਨੀ ਤੇ ਨੂੰਹ ਵੀ ਜ਼ਖ਼ਮੀ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇੱਕ 65 ਸਾਲਾ ਆਦਮੀ ਨੇ ਆਪਣੇ ਦੋ ਨਾਬਾਲਗ ਪੋਤਿਆਂ ਦਾ ਕਤਲ ਕਰ ਦਿੱਤਾ ਅਤੇ ਪਤਨੀ ਤੇ ਨੂੰਹ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਨਮਾਜ਼ ਨਹੀਂ ਪੜ੍ਹੀ ਸੀ। ਇਹ ਘਟਨਾ ਸ਼ਨੀਵਾਰ ਰਾਤ ਫੈਸਲਾਬਾਦ ਜ਼ਿਲ੍ਹੇ ਵਿਚ ਵਾਪਰੀ।
Publish Date: Tue, 25 Aug 2026 11:19 AM (IST)
Updated Date: Tue, 25 Aug 2026 11:20 AM (IST)
ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇੱਕ 65 ਸਾਲਾ ਆਦਮੀ ਨੇ ਆਪਣੇ ਦੋ ਨਾਬਾਲਗ ਪੋਤਿਆਂ ਦਾ ਕਤਲ ਕਰ ਦਿੱਤਾ ਅਤੇ ਪਤਨੀ ਤੇ ਨੂੰਹ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਨਮਾਜ਼ ਨਹੀਂ ਪੜ੍ਹੀ ਸੀ। ਇਹ ਘਟਨਾ ਸ਼ਨੀਵਾਰ ਰਾਤ ਫੈਸਲਾਬਾਦ ਜ਼ਿਲ੍ਹੇ ਵਿਚ ਵਾਪਰੀ।
ਦੋਸ਼ੀ ਸ਼ਾਹ ਮੁਹੰਮਦ ਅਕਸਰ ਪਰਿਵਾਰਕ ਮੈਂਬਰਾਂ ਨਾਲ ਪੰਜ ਵਕਤ ਦੀ ਨਮਾਜ਼ ਪੜ੍ਹਨ ਨੂੰ ਲੈ ਕੇ ਝਗੜਦਾ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤ, ਸ਼ਾਹ ਦਾ ਆਪਣੀ ਪਤਨੀ ਅਸ਼ੀਆ ਬੀਬੀ ਅਤੇ ਨੂੰਹ ਹੁਮੈਰਾ ਨਾਲ ਨਮਾਜ਼ ਨਾ ਪੜ੍ਹਨ ਨੂੰ ਲੈ ਕੇ ਝਗੜਾ ਹੋਇਆ। ਜਦੋਂ ਬਹਿਸ ਵਧ ਗਈ, ਤਾਂ ਉਸਨੇ ਚਾਕੂ ਚੁੱਕਿਆ ਅਤੇ ਦੋਵਾਂ ’ਤੇ ਹਮਲਾ ਕਰ ਦਿੱਤਾ। ਗੁੱਸੇ ਵਿਚ ਆ ਕੇ ਉਸਨੇ ਆਪਣੇ ਦੋ ਨਾਬਾਲਗ ਪੋਤਿਆਂ ਛੇ ਸਾਲਾ ਨਬੀਲ ਅਤੇ ਪੰਜ ਸਾਲਾ ਅਦੀਲ ’ਤੇ ਵੀ ਹਮਲਾ ਕੀਤਾ। ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਆਂਢੀਆਂ ਨੇ ਉਸਨੂੰ ਕਾਬੂ ਕੀਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਅਸ਼ੀਆ ਅਤੇ ਹੁਮੈਰਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਸ਼ੀ ਦੇ ਪੁੱਤਰ ਨਦੀਮ ਸ਼ਾਹ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਪਰਿਵਾਰਕ ਮੈਂਬਰਾਂ ’ਤੇ ਬਿਨਾਂ ਵਜ੍ਹਾ ਪਾਬੰਦੀਆਂ ਲਗਾਉਂਦਾ ਸੀ। ਨਦੀਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ’ਤੇ ਬਹੁਤ ਜਲਦੀ ਗੁੱਸੇ ਹੋ ਜਾਂਦੇ ਸਨ। ਪਰਿਵਾਰ ਦੀਆਂ ਔਰਤਾਂ ਨੂੰ ਮੋਬਾਈਲ ਫੋਨ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ ਤੇ ਹਮੇਸ਼ਾ ਧਰਮ ਬਾਰੇ ਆਪਣੀ ਸਮਝ ਦੇ ਹਿਸਾਬ ਨਾਲ ਪਰਿਵਾਰ ਨੂੰ ਅਨੁਸ਼ਾਸਿਤ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਪੁਲਿਸ ਨੇ ਸ਼ਾਹ ਮੁਹੰਮਦ ਖਿਲਾਫ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।