
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਗਲਾਦੇਸ਼ ਦੇ ਪ੍ਰਮੁੱਖ ਅਖ਼ਬਾਰ ‘ਦੈਨਿਕ ਕਲਬੇਲਾ’ ਦੀ ਰਿਪੋਰਟ ਅਨੁਸਾਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਾਲ ਹੀ ਵਿਚ ਪਤਾ ਲੱਗਾ ਕਿ ਪਟਵਾਰੀ ਪਰਿਵਾਰ ਦੇ ਇਕ ਮੈਂਬਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪਿੰਟੂ ਦਾਸ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰ ਲਾਪਤਾ ਹੋ ਗਏ ਹਨ।

ਢਾਕਾ, ਆਈਏਐੱਨਐੱਸ : ਬੰਗਲਾਦੇਸ਼ ਵਿਚ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਵਧਾਉਂਦੇ ਹੋਏ ਇਕ ਹੋਰ ਦੁਖਦਾਈ ਘਟਨਾ ਵਿਚ ਚਾਂਦਪੁਰ ਸ਼ਹਿਰ ਤੋਂ ਦੋ ਬੱਚਿਆਂ ਸਮੇਤ ਇਕ ਹਿੰਦੂ ਪਰਿਵਾਰ ਦੇ ਚਾਰ ਜੀਅ ਲਾਪਤਾ ਹੋ ਗਏ ਹਨ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਕ ਰਿਸ਼ਤੇਦਾਰ ਦੇ ਹਵਾਲੇ ਨਾਲ ਦੱਸਿਆ ਕਿ ਗਾਇਬ ਪਰਿਵਾਰ ਦੇ ਮੈਂਬਰਾਂ ਵਿਚ ਵਪਾਰੀ ਪਿੰਟੂ ਦਾਸ, ਉਨ੍ਹਾਂ ਦੀ ਪਤਨੀ ਰਿਮੀ, ਵੱਡਾ ਪੁੱਤਰ ਪ੍ਰਿਆਮ ਅਤੇ ਛੋਟਾ ਪੁੱਤਰ ਰੂਪਮ ਦਾਸ ਸ਼ਾਮਲ ਹਨ।
ਨੇੜਲੇ ਰਿਸ਼ਤੇਦਾਰ ਅਤੇ ਚਾਂਦਪੁਰ ਜ਼ਿਲ੍ਹੇ ਦੇ ਹਿੰਦੂ ਬੋਧ ਅਤੇ ਕ੍ਰਿਸ਼ਚਨ ਵਿਦਿਆਰਥੀ ਯੂਨਿਟੀ ਕੌਂਸਲ ਦੇ ਸੰਯੁਕਤ ਕਨਵੀਨਰ ਉਪਮਾ ਡੇ ਨੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ। ਪਿੰਟੂ ਦਾਸ ਆਪਣੇ ਪਰਿਵਾਰ ਨਾਲ ਚਾਂਦਪੁਰ ਸ਼ਹਿਰ ਵਿਚ ਇਕ ਕਿਰਾਏ ਦੇ ਘਰ ਵਿਚ ਰਹਿੰਦੇ ਸਨ ਅਤੇ ਭਾਰੀ ਕਰਜ਼ੇ ਵਿਚ ਸਨ।
ਬੰਗਲਾਦੇਸ਼ ਦੇ ਪ੍ਰਮੁੱਖ ਅਖ਼ਬਾਰ ‘ਦੈਨਿਕ ਕਲਬੇਲਾ’ ਦੀ ਰਿਪੋਰਟ ਅਨੁਸਾਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਾਲ ਹੀ ਵਿਚ ਪਤਾ ਲੱਗਾ ਕਿ ਪਟਵਾਰੀ ਪਰਿਵਾਰ ਦੇ ਇਕ ਮੈਂਬਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪਿੰਟੂ ਦਾਸ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰ ਲਾਪਤਾ ਹੋ ਗਏ ਹਨ।
ਚਾਂਦਪੁਰ ਸਦਰ ਮਾਡਲ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ, ‘ਪਿੰਟੂ ਦਾਸ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਚਾਰ ਜੀਆਂ ਦੇ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।’ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਬੰਗਲਾਦੇਸ਼ ਦੇ ਰੰਗਪੁਰ ਸ਼ਹਿਰ ਵਿਚ ਇਕ ਸੇਵਾ ਮੁਕਤ ਹਿੰਦੂ ਸਕੂਲ ਅਧਿਆਪਕ, ਉਨ੍ਹਾਂ ਦੀ ਪਤਨੀ, ਧੀ ਅਤੇ 12 ਸਾਲਾ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ ਜਿਸ ਦੀ ਵਿਆਪਕ ਨਿੰਦਾ ਹੋਈ ਸੀ।
ਪਹਿਲਾਂ ਗਾਇਬ ਦੱਸੇ ਗਏ ਪਰਿਵਾਰ ਦੇ ਜੀਆਂ ਦੀ ਦੋ ਦਿਨਾਂ ਬਾਅਦ 22 ਅਗਸਤ ਨੂੰ ਮ੍ਰਿਤਕਾਂ ਦੇ ਰੂਪ ਵਿਚ ਪਛਾਣ ਕੀਤੀ ਗਈ। ਬੰਗਲਾਦੇਸ਼ ਪੁਲਿਸ ਨੇ ਸੋਮਵਾਰ ਨੂੰ ਇਸ ਸਬੰਧ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ, ਫਰਾਂਸ ਵਿਚ ਸਥਿਤ ਪ੍ਰਮੁੱਖ ਅੰਤਰਰਾਸ਼ਟਰੀ ਮਨੁੱਖੀ ਹੱਕ ਸੰਸਥਾ ਜਸਟਿਸ ਮੈਕਰਸ ਬੰਗਲਾਦੇਸ਼ (ਜੇਐੱਮਬੀਐੱਫ) ਨੇ ਹਿੰਦੂ ਪਰਿਵਾਰ ਦੇ ਚਾਰ ਜੀਆਂ ਦੀ ਹੱਤਿਆ ’ਤੇ ਕਿਹਾ ਕਿ ਧਾਰਮਿਕ ਕੱਟੜਪੰਥੀ ਜਾਂ ਅੱਤਵਾਦੀ ਸਬੰਧਾਂ ਦੀ ਸੰਭਾਵਨਾ ਦੀ ਤਤਕਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।