- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਏਟੀਐੱਫ ਦੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਫਿਰ ਚਲਾਕੀ ਦਿਖਾਈ ਹੈ। ਉਸ ਨੇ ਆਪਣੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੋਧੀ ਹੋਈ ਸੂਚੀ (ਰੈੱਡ ਬੁੱਕ) ਵਿਚ ਪੁਲਵਾਮਾ ਹਮਲੇ ਦੇ ਮੁੱਖ ਗੁਨਾਹਗਾਰ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਭਗੌੜਾ ਦੱਸਦੇ ਹੋਏ ਉਸ ’ਤੇ ਪਾਕਿਸਤਾਨੀ ਕਰੰਸੀ ਵਿਚ ਇਨਾਮੀ ਰਕਮ 50 ਲੱਖ ਤੋਂ ਵਧਾ ਕੇ 70 ਲੱਖ ਕਰ ਦਿੱਤੀ ਹੈ।

ਨਵੀਨ ਨਵਾਜ਼, ਜਾਗਰਣ, ਸ੍ਰੀਨਗਰ : ਐੱਫਏਟੀਐੱਫ ਦੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਫਿਰ ਚਲਾਕੀ ਦਿਖਾਈ ਹੈ। ਉਸ ਨੇ ਆਪਣੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੋਧੀ ਹੋਈ ਸੂਚੀ (ਰੈੱਡ ਬੁੱਕ) ਵਿਚ ਪੁਲਵਾਮਾ ਹਮਲੇ ਦੇ ਮੁੱਖ ਗੁਨਾਹਗਾਰ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਭਗੌੜਾ ਦੱਸਦੇ ਹੋਏ ਉਸ ’ਤੇ ਪਾਕਿਸਤਾਨੀ ਕਰੰਸੀ ਵਿਚ ਇਨਾਮੀ ਰਕਮ 50 ਲੱਖ ਤੋਂ ਵਧਾ ਕੇ 70 ਲੱਖ ਕਰ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੀ ਲੁਕਿਆ ਹੋਇਆ ਹੈ। ਪਾਕਿਸਤਾਨ ਸਰਕਾਰ ਅਤੇ ਉਸ ਦੀ ਫ਼ੌਜ ਮਸੂਦ ਅਤੇ ਜੈਸ਼ ਦੀ ਲਗਾਤਾਰ ਪੁਸ਼ਤ-ਪਨਾਹੀ ਕਰ ਰਹੀ ਹੈ। ਮਸੂਦ ’ਤੇ ਇਨਾਮ ਦੀ ਰਕਮ ਵਧਾਉਣ ਦਾ ਮਤਲਬ ਸਾਫ਼ ਹੈ ਕਿ ਪਾਕਿਸਤਾਨ ਐੱਫਏਟੀਐੱਫ ਦੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ। ਉਸ ਦੀ ਦੋਹਰੀ ਖੇਡ ਇੱਥੇ ਹੀ ਖ਼ਤਮ ਨਹੀਂ ਹੁੰਦੀ। ਉਸ ਨੇ 26/11 ਮੁੰਬਈ ਅੱਤਵਾਦੀ ਹਮਲੇ ਨਾਲ ਜੁੜੇ 17 ਅੱਤਵਾਦੀਆਂ ਦੀ ਸੂਚੀ ਵਿੱਚੋਂ ਦੋ ਅੱਤਵਾਦੀਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਲਸ਼ਕਰ ਨਾਲ ਸਬੰਧ ਦੀ ਗੱਲ ਵੀ ਹਟਾ ਦਿੱਤੀ ਹੈ।
ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਮੀਟਿੰਗ 26 ਤੋਂ 30 ਅਕਤੂਬਰ ਤੱਕ ਪੈਰਿਸ ਵਿਚ ਹੋਵੇਗੀ। ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਹੈ ਕਿ ਐੱਫਏਟੀਐੱਫ ਉਸ ਨੂੰ ਗ੍ਰੇ ਸੂਚੀ ਵਿਚ ਸ਼ਾਮਲ ਨਾ ਕਰੇ। ਜੇਕਰ ਇਹ ਹੁੰਦਾ ਹੈ ਤਾਂ ਦੀਵਾਲੀਆ ਹੋਣ ਦੇ ਕੰਢੇ ਖੜ੍ਹੇ ਪਾਕਿਸਤਾਨ ਦੀ ਵਿੱਤੀ ਮਦਦ ਬੰਦ ਹੋ ਸਕਦੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ ਪਾਕਿਸਤਾਨ ਨੂੰ ਪਿਛਲੇ ਮਈ ਵਿਚ ਭਾਰਤੀ ਮੁਦਰਾ ਵਿਚ 11,322 ਕਰੋੜ ਦੀ ਵਿੱਤੀ ਸਹਾਇਤਾ ਦਾ ਪੈਕੇਜ ਦਿੱਤਾ ਸੀ। ਮੌਜੂਦਾ ਸਮੇਂ ਵਿਚ ਪਾਕਿਸਤਾਨ ਦਾ ਵਿਦੇਸ਼ੀ ਕਰਜ਼ਾ ਭਾਰਤੀ ਕਰੰਸੀ ਵਿਚ 4.92 ਲੱਖ ਕਰੋੜ ਹੈ। ਇਸ ਸਬੰਧ ਵਿਚ ਐੱਫਏਟੀਐੱਫ ਦੀ ਕਾਰਵਾਈ ਤੋਂ ਬਚਣ ਲਈ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) ਨੇ ਅੱਤਵਾਦੀਆਂ ਦੀ ਸੋਧੀ ਹੋਈ ਸੂਚੀ ਜਾਰੀ ਕਰ ਕੇ ਮਸੂਦ ਅਜ਼ਹਰ ’ਤੇ ਇਨਾਮ ਦੀ ਰਕਮ 50 ਤੋਂ ਵਧਾ ਕੇ 70 ਲੱਖ ਕਰ ਦਿੱਤੀ ਹੈ।
ਇੰਜ ਚੱਲ ਰਿਹਾ ਹੈ ਮਸੂਦ ਅਜ਼ਹਰ ਦਾ ਅੱਤਵਾਦੀ ਸੰਗਠਨ
ਜੈਸ਼ ਅਤੇ ਮਸੂਦ ਨੂੰ ਅਮਰੀਕਾ ਨੇ ਵੀ ਅੱਤਵਾਦੀ ਐਲਾਨਿਆ ਹੋਇਆ ਹੈ। ਪਾਕਿਸਤਾਨ ’ਤੇ ਉਸ ਨੂੰ ਫੜਨ ਦਾ ਦਬਾਅ ਹੈ ਪਰ ਉਹ 2021 ਤੋਂ ਹੀ ਮਸੂਦ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਆ ਰਿਹਾ ਹੈ। ਪਾਕਿਸਤਾਨੀ ਸਰਕਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਮਸੂਦ ਅਫ਼ਗਾਨਿਸਤਾਨ ਵਿਚ ਲੁਕਿਆ ਹੋਇਆ ਹੈ। ਅਫ਼ਗਾਨਿਸਤਾਨ ਦੀ ਸਰਕਾਰ ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਉਹ ਪਾਕਿਸਤਾਨ ਵਿਚ ਹੈ। ਸਵਾਲ ਇਹ ਹੈ ਕਿ ਜੇ ਪਾਕਿਸਤਾਨ ਸੱਚਮੁੱਚ ਮਸੂਦ ਨੂੰ ਫੜਨਾ ਚਾਹੁੰਦਾ ਹੈ ਤਾਂ ਉਸ ਦਾ ਸੰਗਠਨ ਪਾਕਿਸਤਾਨ ਵਿਚ ਕਿਵੇਂ ਸਰਗਰਮ ਹੈ? ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਜੈਸ਼ ਨੇ ਆਪਣੇ ਕੈਂਪ ਪਾਕਿਸਤਾਨ ਦੇ ਅੰਦਰਲੇ ਇਲਾਕਿਆਂ ਵਿਚ ਤਬਦੀਲ ਕਰ ਲਏ ਹਨ। ਉੱਥੇ ਅੱਤਵਾਦੀਆਂ ਦੀ ਭਰਤੀ ਅਤੇ ਰੈਲੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਕਈ ਵਾਰ ਮਸੂਦ ਨੇ ਵੀ ਫੋਨ ਜ਼ਰੀਏ ਸੰਬੋਧਨ ਕੀਤਾ ਹੈ।
ਪਾਕਿ ਸਰਕਾਰ ਨੇ ਸੁਭਾਨੱਲਾਹ ਦੇ ਪੁਨਰ ਨਿਰਮਾਣ ਵਿਚ ਦਿੱਤੇ ਸਨ 25 ਕਰੋੜ
ਭਾਰਤੀ ਖ਼ੁਫ਼ੀਆ ਏਜੰਸੀਆਂ ਅਤੇ ਮੁੱਖਧਾਰਾ ਵਿਚ ਵਾਪਸ ਆਏ ਜੈਸ਼ ਦੇ ਕੁਝ ਪੁਰਾਣੇ ਅੱਤਵਾਦੀਆਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਸਿੰਧੂਰ ਵਿਚ ਜੈਸ਼ ਦਾ ਪਾਕਿਸਤਾਨ ਵਿਚ ਜੋ ਢਾਂਚਾ ਨਸ਼ਟ ਹੋਇਆ ਹੈ, ਉਸ ਨੂੰ ਫਿਰ ਖੜ੍ਹਾ ਕਰਨ ਵਿਚ ਪਾਕਿਸਤਾਨ ਸਰਕਾਰ ਸਹਾਇਤਾ ਕਰ ਰਹੀ ਹੈ। ਬਹਾਵਲਪੁਰ ਸਥਿਤ ਜੈਸ਼ ਦੇ ਮੁੱਖ ਟਿਕਾਣੇ ਮਰਕਜ਼ ਸੁਭਾਨੱਲਾਹ ਦੇ ਪੁਨਰ ਨਿਰਮਾਣ ਲਈ ਪਾਕਿਸਤਾਨ ਸਰਕਾਰ ਨੇ ਜੈਸ਼ ਨੂੰ 25 ਕਰੋੜ ਪਾਕਿਸਤਾਨੀ ਰੁਪਏ ਕਿਸ਼ਤਾਂ ਵਿਚ ਉਪਲਬਧ ਕਰਵਾਏ ਹਨ।
ਅੱਤਵਾਦੀ ਮੁਹੰਮਦ ਖ਼ਾਨ ਤੇ ਅਬਦੁਲ ਰਹਿਮਾਨ ਦੀਆਂ ਤਸਵੀਰਾਂ ਹਟਾਈਆਂ
ਪਾਕਿਸਤਾਨ ਨੇ ਅੱਤਵਾਦੀਆਂ ਦੀ ਤਰਮੀਮਸ਼ੁਦਾ ਸੂਚੀ ਵਿਚ 26/11 ਮੁੰਬਈ ਹਮਲਿਆਂ ਨਾਲ ਜੁੜੇ 17 ਅੱਤਵਾਦੀਆਂ ਵਿੱਚੋਂ ਮੁਹੰਮਦ ਖ਼ਾਨ ਅਤੇ ਅਬਦੁਲ ਰਹਿਮਾਨ ਦੀਆਂ ਤਸਵੀਰਾਂ, ਲਸ਼ਕਰ ਨਾਲ ਉਨ੍ਹਾਂ ਦੇ ਸਬੰਧ ਅਤੇ ਹਮਲਿਆਂ ਵਿਚ ਉਨ੍ਹਾਂ ਦੀ ਭੂਮਿਕਾ ਹਟਾ ਦਿੱਤੀ ਹੈ। ਨਾਂ ਤਾਂ ਸੂਚੀ ਵਿਚ ਹਨ ਪਰ ਹੋਰ ਜਾਣਕਾਰੀਆਂ ਗਾਇਬ ਹਨ। ਮੁਹੰਮਦ ਖ਼ਾਨ ਵਾਸੀ ਤੁਰਬਤ ’ਤੇ ਹਮਲਾਵਰਾਂ ਨੂੰ ਸਮੁੰਦਰ ਰਾਹੀਂ ਮੁੰਬਈ ਪਹੁੰਚਾਉਣ ਲਈ ਅਲ-ਹੁਸੈਨੀ ਕਿਸ਼ਤੀ ਉਪਲਬਧ ਕਰਵਾਉਣ ਦਾ ਦੋਸ਼ ਹੈ। ਇਸੇ ਤਰ੍ਹਾਂ, ਬਹਾਵਲ ਨਗਰ ਦੇ ਅਬਦੁਲ ਰਹਿਮਾਨ ਦੀ ਵੀ ਹਮਲੇ ਵਿਚ ਭੂਮਿਕਾ ਹੈ। ਸੂਤਰਾਂ ਅਨੁਸਾਰ, 2021 ਦੀ ਪਾਕਿਸਤਾਨ ਦੀ ਸੂਚੀ ਵਿਚ ਦੋਹਾਂ ਦੀਆਂ ਤਸਵੀਰਾਂ ਅਤੇ ਭੂਮਿਕਾਵਾਂ ਦਾ ਵਿਸਥਾਰ ਨਾਲ ਉਲੇਖ ਸੀ। ਹਾਲਾਂਕਿ ਸੂਚੀ ਵਿਚ ਲਸ਼ਕਰ ਦੇ ਉਨ੍ਹਾਂ 11 ਅੱਤਵਾਦੀਆਂ ਦੇ ਨਾਂ ਮੌਜੂਦ ਹਨ, ਜਿਨ੍ਹਾਂ ’ਤੇ ਅਲ-ਹੁਸੈਨੀ ਅਤੇ ਅਲ-ਫ਼ੌਜ ਕਿਸ਼ਤੀਆਂ ਜ਼ਰੀਏ ਹਮਲਾਵਰਾਂ ਦੀ ਸਮੁੰਦਰੀ ਯਾਤਰਾ ਵਿਚ ਸਹਾਇਤਾ ਕਰਨ ਦਾ ਦੋਸ਼ ਹੈ। ਛੇ ਹੋਰ ਨਾਂ ਵਿੱਤੀ ਮਦਦਗਾਰਾਂ ਦੇ ਤੌਰ ’ਤੇ ਦੱਸੇ ਜਾਂਦੇ ਹਨ। ਪਾਕਿਸਤਾਨ ਦਾ ਕਹਿਣਾ ਹੈ ਕਿ 26/11 ਨਾਲ ਜੁੜੇ ਸਾਰੇ 17 ਅੱਤਵਾਦੀ 18 ਸਾਲਾਂ ਤੋਂ ਭਗੌੜੇ ਹਨ। ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਸਾਰੇ ਪਾਕਿਸਤਾਨ ਵਿਚ ਹੀ ਹਨ।