ਵਿਦੇਸ਼ੀ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਮਾਮਲੇ ’ਚ ਇਸ਼ਾਕ ਡਾਰ ਦੇ ਪੋਤੇ ਸਣੇ 8 ਜਣਿਆਂ ’ਤੇ ਦੋਸ਼ ਤੈਅ!
ਪਾਕਿਸਤਾਨ ਦੀ ਇੱਕ ਅਦਾਲਤ ਨੇ ਦੋ ਵਿਦੇਸ਼ੀ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਦੇ ਮਾਮਲੇ ’ਚ 8 ਸ਼ੱਕੀਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਇਨ੍ਹਾਂ ਸ਼ੱਕੀਆਂ ’ਚ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਦਾ ਪੋਤਾ ਵੀ ਸ਼ਾਮਲ ਹੈ।
Publish Date: Wed, 11 Nov 2026 09:48 PM (IST)
Updated Date: Wed, 11 Nov 2026 09:51 PM (IST)
ਡਿਜੀਟਲ ਡੈਸਕ, ਲਹੌਰ: ਪਾਕਿਸਤਾਨ ਦੀ ਇੱਕ ਅਦਾਲਤ ਨੇ ਦੋ ਵਿਦੇਸ਼ੀ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਦੇ ਮਾਮਲੇ ’ਚ 8 ਸ਼ੱਕੀਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਇਨ੍ਹਾਂ ਸ਼ੱਕੀਆਂ ’ਚ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਦਾ ਪੋਤਾ ਵੀ ਸ਼ਾਮਲ ਹੈ।
ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਹੌਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਫ਼ਾਕਤ ਅਲੀ ਗੋਂਡਲ ਨੇ ਮੰਗਲਵਾਰ ਨੂੰ ਸ਼ੱਕੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ। ਸ਼ੱਕੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਜੱਜ ਨੇ ਸਰਕਾਰੀ ਵਕੀਲ ਨੂੰ 9 ਦਸੰਬਰ ਨੂੰ ਆਪਣੇ ਗਵਾਹ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਮਾਮਲੇ ਦੀ ਰਸਮੀ ਸੁਣਵਾਈ ਸ਼ੁਰੂ ਕੀਤੀ ਜਾ ਸਕੇ।
ਸਾਰੇ ਸ਼ੱਕੀ ਇਸ ਸਮੇਂ ਨਿਆਂਇਕ ਹਿਰਾਸਤ ’ਚ ਹਨ ਅਤੇ ਉਨ੍ਹਾਂ ਨੂੰ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਲਈ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਪੰਜਾਬ ਪੁਲਿਸ ਪਹਿਲਾਂ ਹੀ ਇਸ ਮਾਮਲੇ ’ਚ ਇਸ਼ਾਕ ਡਾਰ ਦੇ ਪੋਤੇ ਰਜ਼ਾ ਡਾਰ ਅਤੇ ਉਸ ਦੇ ਚਾਰ ਸਾਥੀਆਂ ਨੂੰ ਕਲੀਨ ਚਿੱਟ ਦੇ ਚੁੱਕੀ ਸੀ।
ਅਦਾਲਤ ’ਚ ਪਹਿਲਾਂ ਸੌਂਪੀ ਗਈ ਇੱਕ ਪੁਲਿਸ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਨਾ ਸਿਰਫ਼ ਡਾਰ ਦੇ ਪੋਤੇ ਅਤੇ ਉਸ ਦੇ ਚਾਰ ਦੋਸਤਾਂ ਨੂੰ ਜਬਰ-ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ, ਸਗੋਂ ਡਾਰ ਦੇ ਤਿੰਨ ਹੋਰ ਕਰਮਚਾਰੀਆਂ (ਜਿਹੜੇ ਘੱਟ ਤਨਖ਼ਾਹ 'ਤੇ ਕੰਮ ਕਰਦੇ ਸਨ) 'ਤੇ ਔਰਤਾਂ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਮੜ੍ਹ ਦਿੱਤਾ।
ਪੀੜਤ ਔਰਤਾਂ, ਜਿਨ੍ਹਾਂ ’ਚੋਂ ਇੱਕ ਨੀਦਰਲੈਂਡ ਅਤੇ ਦੂਜਾ ਵੈਨੇਜ਼ੁਏਲਾ ਦੀ ਰਹਿਣ ਵਾਲੀ ਹੈ, ਇਸ ਸਾਲ ਜੂਨ ’ਚ ਇੱਕ ਬਿਜ਼ਨਸ ਟ੍ਰਿਪ 'ਤੇ ਲਹੌਰ ਪਹੁੰਚੀਆਂ ਸਨ। ਦੋਸ਼ ਹੈ ਕਿ ਉੱਥੇ ਰਜ਼ਾ ਡਾਰ ਅਤੇ ਉਸ ਦੇ ਚਾਰ ਦੋਸਤਾਂ ਨੇ ਉਨ੍ਹਾਂ ਦਾ ਅਗਵਾ ਕਰਕੇ ਉਨ੍ਹਾਂ ਨਾਲ ਜਬਰ-ਜਨਾਹ ਕੀਤਾ। ਮੈਡੀਕਲ ਜਾਂਚ ’ਚ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਬਿਆਨ ਦਰਜ ਕਰਵਾਉਣ ਤੋਂ ਬਾਅਦ, ਦੋਵੇਂ ਪੀੜਤ ਔਰਤਾਂ ਆਪਣੇ-ਆਪਣੇ ਦੇਸ਼ ਪਰਤ ਗਈਆਂ।