ਪੰਜਾਬ ਬਾਰਡਰ ’ਤੇ BSF ਨੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਕੀਤਾ ਢੇਰ, ਤਿਲਮਿਲਾਏ PAK ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ ਪੰਜਾਬ ਸਰਹੱਦ ’ਤੇ BSF ਵੱਲੋਂ ਦੋ ਸ਼ੱਕੀ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।
Publish Date: Sat, 03 Oct 2026 04:00 PM (IST)
Updated Date: Sat, 03 Oct 2026 04:03 PM (IST)
ਡਿਜੀਟਲ ਡੈਸਕ, ਇਸਲਾਮਾਬਾਦ : BSF ਵੱਲੋਂ ਪੰਜਾਬ ਸਰਹੱਦ ’ਤੇ ਦੋ ਸ਼ੱਕੀ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤੇ ਜਾਣ ਦੇ ਮਾਮਲੇ ’ਚ ਪਾਕਿਸਤਾਨ ਨੇ ਸਖ਼ਤ ਵਿਰੋਧ ਜਤਾਇਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਤਲਬ ਕਰਕੇ ਇਸ ਘਟਨਾ ’ਤੇ ਰਸਮੀ ਇਤਰਾਜ਼ ਦਰਜ ਕਰਵਾਇਆ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਦੋਵੇਂ ਵਿਅਕਤੀ ਆਮ ਨਾਗਰਿਕ ਸਨ, ਜਦਕਿ ਭਾਰਤੀ ਸਰਹੱਦ ਸੁਰੱਖਿਆ ਬਲ ਦਾ ਕਹਿਣਾ ਹੈ ਕਿ ਉਹ ਭਾਰਤੀ ਖੇਤਰ ’ਚ ਜ਼ਬਰਦਸਤੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪੰਜਾਬ ਦੇ ਤਰਨਤਾਰਨ ਸੈਕਟਰ ’ਚ ਹੋਈ ਸੀ ਮੁੱਠਭੇੜ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ’ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਵਾਪਰੀ। ਤਰਨਤਾਰਨ ਦੇ ਪੁਲਿਸ ਉਪ ਕਪਤਾਨ (DSP) ਭਿੱਖੀਵਿੰਡ ਅਤੁਲ ਸੋਨੀ ਮੁਤਾਬਕ, ਤਿੰਨ ਸ਼ੱਕੀ ਵਿਅਕਤੀ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਖੇਤਰ ਵੱਲ ਵਧ ਰਹੇ ਸਨ। ਇਨ੍ਹਾਂ ’ਚੋਂ ਇੱਕ ਵਿਅਕਤੀ ਵਾਪਸ ਪਾਕਿਸਤਾਨ ਵੱਲ ਮੁੜ ਗਿਆ, ਜਦਕਿ ਬਾਕੀ ਦੋ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਅੱਗੇ ਵਧਦੇ ਰਹੇ।
BSF ਸੰਤਰੀ ਮੁਤਾਬਕ, ਦੋਵੇਂ ਵਿਅਕਤੀ ਜਵਾਨਾਂ ਨੂੰ ਉਕਸਾਉਂਦੇ ਹੋਏ ਭਾਰਤੀ ਸਰਹੱਦ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ BSF ਨੇ ਗੋਲੀ ਚਲਾਈ, ਜਿਸ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਨਾਗਰਿਕ ਸਨ: ਪਾਕਿਸਤਾਨ ਦਾ ਦਾਅਵਾ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਆਪਣੇ ਬਿਆਨ ’ਚ ਘੁਸਪੈਠ ਦੀ ਗੱਲ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਮਾਰੇ ਗਏ ਦੋਵੇਂ ਵਿਅਕਤੀ ਆਮ ਨਾਗਰਿਕ ਸਨ, ਜੋ ਸਰਹੱਦੀ ਇਲਾਕੇ ’ਚ ਘੁੰਮਣ ਗਏ ਸਨ ਤੇ ਅਣਜਾਣੇ ’ਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਏ।
ਪਾਕਿਸਤਾਨ ਨੇ BSF ਦੀ ਕਾਰਵਾਈ ਨੂੰ ਗੈਰ-ਵਾਜਬ ਤੇ ਹੱਦ ਤੋਂ ਵੱਧ ਬਲ ਦੀ ਵਰਤੋਂ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਨਿਹੱਥੇ ਨਾਗਰਿਕਾਂ ’ਤੇ ਬਿਨਾਂ ਉਕਸਾਵੇ ਦੇ ਘਾਤਕ ਹਮਲਾ ਕੀਤਾ ਗਿਆ। ਪਾਕਿਸਤਾਨ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ।
ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਪੂਰੀ ਘਟਨਾ ਦੀ ਤੁਰੰਤ, ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਕਾਰਵਾਈ ਲਈ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਢੁਕਵੇਂ ਕਾਨੂੰਨੀ ਤੇ ਅਨੁਸ਼ਾਸਨਾਤਮਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਜਾਂਚ ਦੇ ਨਤੀਜਿਆਂ ਤੇ ਕੀਤੀ ਗਈ ਕਾਰਵਾਈ ਬਾਰੇ ਪਾਕਿਸਤਾਨੀ ਪੱਖ ਨੂੰ ਰਸਮੀ ਤੌਰ ’ਤੇ ਜਾਣਕਾਰੀ ਦੇਣ ਦੀ ਮੰਗ ਕੀਤੀ ਗਈ ਹੈ।