ਨੌਜਵਾਨ ਦੀ ਅਮਰੀਕਾ 'ਚ ਭੇਤਭਰੇ ਹਾਲਾਤ 'ਚ ਮੌਤ, 17 ਦਿਨ ਪਹਿਲਾਂ ਹੋਇਆ ਸੀ ਵਿਆਹ
ਅਮਰੀਕਾ ਵਿੱਚ ਰਹਿਣ ਵਾਲੇ ਹੈਦਰਾਬਾਦ ਦੇ ਮੁਹੰਮਦ ਜਾਬੇਰ ਹੁਸੈਨ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ। ਹੁਸੈਨ ਦਾ 17 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। 28 ਸਾਲਾ ਮੁਹੰਮਦ ਜਾਬੇਰ ਹੁਸੈਨ ਮੈਸਾਚੂਸੇਟਸ ਦੇ ਲੋਵੈਲ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ।
Publish Date: Thu, 17 Sep 2026 02:17 PM (IST)
Updated Date: Thu, 17 Sep 2026 02:23 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਵਿੱਚ ਰਹਿਣ ਵਾਲੇ ਹੈਦਰਾਬਾਦ ਦੇ ਮੁਹੰਮਦ ਜਾਬੇਰ ਹੁਸੈਨ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ। ਹੁਸੈਨ ਦਾ 17 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। 28 ਸਾਲਾ ਮੁਹੰਮਦ ਜਾਬੇਰ ਹੁਸੈਨ ਮੈਸਾਚੂਸੇਟਸ ਦੇ ਲੋਵੈਲ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ। ਮੁਹੰਮਦ ਜਾਬੇਰ ਹੁਸੈਨ ਅਮਰੀਕਾ ਵਿੱਚ ਇੱਕ ਸਿਵਲ ਇੰਜੀਨੀਅਰ ਵਜੋਂ ਕੰਮ ਕਰਦਾ ਸੀ।
ਪਰਿਵਾਰ ਨੇ ਭਾਰਤ ਸਰਕਾਰ ਤੋਂ ਲਗਾਈ ਗੁਹਾਰ ਹੁਸੈਨ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮਦਦ ਮੰਗੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਰਥਿਕ ਤੌਰ 'ਤੇ ਕਮਜ਼ੋਰ ਹਨ ਅਤੇ ਹੁਸੈਨ ਦੀ ਦੇਹ ਨੂੰ ਵਾਪਸ ਹੈਦਰਾਬਾਦ ਲਿਆਉਣ ਦਾ ਪ੍ਰਬੰਧ ਕਰਨ ਵਿੱਚ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
MBT ਦੇ ਨੇਤਾ ਮਦਦ ਲਈ ਆਏ ਅੱਗੇ ਹੁਸੈਨ ਦੇ ਪਰਿਵਾਰ ਦੀ ਅਪੀਲ ਨੂੰ ਦੇਖਦੇ ਹੋਏ ਮਜਲਿਸ ਬਚਾਓ ਤਹਿਰੀਕ ਦੇ ਬੁਲਾਰੇ ਅਮਜਦ ਉੱਲਾ ਖ਼ਾਨ ਅੱਗੇ ਆਏ। ਅਮਜਦ ਉੱਲਾ ਖ਼ਾਨ ਨੇ ਹੁਸੈਨ ਦੇ ਪਿਤਾ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਨੂੰ X 'ਤੇ ਪੋਸਟ ਕੀਤਾ।
ਖ਼ਾਨ ਨੇ 'X' 'ਤੇ ਇੱਕ ਪੋਸਟ ਵਿੱਚ ਲਿਖਿਆ, 'ਇਸ ਬੇਹੱਦ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਰਤ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਬਿਨਾਂ ਕਿਸੇ ਦੇਰੀ ਦੇ ਜਾਬੇਰ ਨੂੰ ਉਨ੍ਹਾਂ ਦੇ ਪਰਿਵਾਰ ਕੋਲ ਵਾਪਸ ਲਿਆਉਣ ਲਈ ਤੁਰੰਤ ਇਨਸਾਨੀਅਤ ਦੇ ਆਧਾਰ 'ਤੇ ਦਖ਼ਲ ਦਿਓਗੇ।'
ਆਖ਼ਰੀ ਵਾਰ 14 ਸਤੰਬਰ ਨੂੰ ਪਰਿਵਾਰ ਨਾਲ ਹੋਈ ਸੀ ਗੱਲ ਹੁਸੈਨ ਦੇ ਪਿਤਾ ਮੁਹੰਮਦ ਜ਼ਾਕਿਰ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ, 'ਉਨ੍ਹਾਂ ਦੇ ਪੁੱਤਰ ਦਾ 28 ਅਗਸਤ ਨੂੰ ਟੈਕਸਾਸ ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਮੈਸਾਚੂਸੇਟਸ ਪਰਤ ਆਇਆ, ਜਿੱਥੇ ਉਹ ਕੰਮ ਕਰਦਾ ਸੀ। ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਉਸ ਦੀ ਪਤਨੀ ਵੀ ਉਸ ਦੇ ਨਾਲ ਪਰਤੀ ਸੀ ਜਾਂ ਨਹੀਂ।'
ਪਰਿਵਾਰ ਮੁਤਾਬਕ ਹੁਸੈਨ ਨੇ ਆਖ਼ਰੀ ਵਾਰ 14 ਸਤੰਬਰ ਨੂੰ ਉਨ੍ਹਾਂ ਨਾਲ ਗੱਲ ਕੀਤੀ ਸੀ। ਪਰਿਵਾਰ ਨਾਲ ਗੱਲ ਕਰਨ ਦੇ ਲਗਭਗ 8 ਘੰਟੇ ਬਾਅਦ ਉਸ ਦੇ ਰੂਮਮੇਟ ਨੇ ਪਰਿਵਾਰ ਨੂੰ ਫ਼ੋਨ ਕਰਕੇ ਹੁਸੈਨ ਦੀ ਮੌਤ ਦੀ ਖ਼ਬਰ ਦਿੱਤੀ। ਹੁਸੈਨ ਦੇ ਰੂਮਮੇਟ ਨੇ ਨੀਂਦ ਵਿੱਚ ਹੀ ਹੁਸੈਨ ਦੀ ਮੌਤ ਹੋਣ ਦਾ ਦਾਅਵਾ ਕੀਤਾ।
ਮੈਡੀਕਲ ਰਿਪੋਰਟ ਦਾ ਹੈ ਇੰਤਜ਼ਾਰ ਹੁਸੈਨ ਨੂੰ ਘਟਨਾ ਤੋਂ ਬਾਅਦ ਤੁਰੰਤ ਮੈਡੀਕਲ ਮਦਦ ਮਿਲੀ ਜਾਂ ਨਹੀਂ, ਇਹ ਅਜੇ ਸਾਫ਼ ਨਹੀਂ ਹੈ। ਪਰਿਵਾਰ ਅਜੇ ਵੀ ਪੋਸਟਮਾਰਟਮ ਅਤੇ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।
ਕੌਣ ਸੀ ਮੁਹੰਮਦ ਜਾਬੇਰ ਹੁਸੈਨ? ਹੁਸੈਨ 2021 ਵਿੱਚ ਕਨੈਕਟੀਕਟ ਦੀ ਯੂਨੀਵਰਸਿਟੀ ਆਫ਼ ਨਿਊ ਹੈਵਨ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਿਆ ਸੀ। ਹੁਸੈਨ ਬਾਰੇ ਮਿਲੀ ਜਾਣਕਾਰੀ ਮੁਤਾਬਕ 2023 ਵਿੱਚ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ 'ਐਸਟੀਮੇਟਰ' ਨਾਂ ਦੀ ਫ਼ਰਮ ਵਿੱਚ ਇੰਟਰਨ ਵਜੋਂ ਸ਼ਾਮਲ ਹੋਇਆ ਸੀ।
ਬਾਅਦ ਵਿੱਚ ਉਸ ਨੇ 'ਗ੍ਰੀਨ ਇੰਟਰਨੈਸ਼ਨਲ ਐਫੀਲੀਏਟਸ ਇੰਕ' ਨਾਂ ਦੀ ਇੱਕ ਹੋਰ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਸ ਨੇ ਤਿੰਨ ਸਾਲ ਤੋਂ ਵੱਧ ਸਮਾਂ ਕੰਮ ਕੀਤਾ। ਇਸ ਸਾਲ ਉਸ ਨੇ ਫਿਰ ਨੌਕਰੀ ਬਦਲੀ ਅਤੇ ਮੈਸਾਚੂਸੇਟਸ ਵਿੱਚ ਸਥਿਤ 'ਲੋਚਨਰ' ਨਾਂ ਦੀ ਕੰਪਨੀ ਵਿੱਚ ਕੰਮ ਕਰ ਰਿਹਾ ਸੀ।