ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਚੱਲ ਰਹੀ ਜੰਗ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਰਣਨੀਤਕ ਟੀਚਿਆਂ ਦੇ ਬਹੁਤ ਕਰੀਬ ਪਹੁੰਚ ਚੁੱਕਾ ਹੈ ਅਤੇ ਜਲਦੀ ਹੀ ਇਸ ਜੰਗ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਦਾ ਕਿਸੇ ਵੀ ਹਾਲਤ ਵਿੱਚ ਨੁਕਸਾਨ ਨਹੀਂ ਹੋਣ ਦੇਵੇਗਾ।

ਟਰੰਪ ਦਾ ਦਾਅਵਾ - ਜਿੱਤ ਕਰੀਬ
ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਮਿਲ ਕੇ ਚਲਾਈ ਜਾ ਰਹੀ ਮੁਹਿੰਮ ਵਿੱਚ ਈਰਾਨ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਦੀ ਜਲ ਸੈਨਾ ਲਗਪਗ ਖ਼ਤਮ ਹੋ ਚੁੱਕੀ ਹੈ, ਉਸ ਦੀ ਹਵਾਈ ਸੈਨਾ ਕਮਜ਼ੋਰ ਪੈ ਗਈ ਹੈ ਅਤੇ ਕਈ ਵੱਡੇ ਆਗੂ ਮਾਰੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਨੂੰ ਪੱਥਰ ਯੁੱਗ ਵਿੱਚ ਪਹੁੰਚਾ ਦਿਆਂਗੇ।
ਟਰੰਪ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਈਰਾਨ ਦੀ ਫੌਜੀ ਤਾਕਤ ਨੂੰ ਖ਼ਤਮ ਕਰਨਾ ਸੀ, ਜੋ ਹੁਣ ਲਗਪਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅਮਰੀਕਾ ਬਹੁਤ ਜਲਦੀ ਆਪਣੇ ਸਾਰੇ ਟੀਚਿਆਂ ਨੂੰ ਹਾਸਲ ਕਰ ਲਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਜੰਗ ਵਿੱਚ ਪਹਿਲਾਂ ਨਾਲੋਂ ਵੱਧ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਦੁਸ਼ਮਣ ਲਗਾਤਾਰ ਕਮਜ਼ੋਰ ਹੋ ਰਿਹਾ ਹੈ।
ਜਲਦੀ ਖ਼ਤਮ ਹੋਵੇਗੀ ਜੰਗ
ਟਰੰਪ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ 2-3 ਹਫ਼ਤਿਆਂ ਵਿੱਚ ਈਰਾਨ 'ਤੇ ਹੋਰ ਸਖ਼ਤ ਹਮਲੇ ਕਰੇਗਾ ਅਤੇ 'ਬਹੁਤ ਜਲਦੀ' ਮਿਸ਼ਨ ਪੂਰਾ ਕਰ ਲਵੇਗਾ। ਉਨ੍ਹਾਂ ਦੁਹਰਾਇਆ ਕਿ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ, ਖਾਸ ਕਰਕੇ ਇਜ਼ਰਾਈਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗੱਲਬਾਤ ਸਫ਼ਲ ਨਹੀਂ ਹੁੰਦੀ, ਤਾਂ ਅਮਰੀਕਾ ਈਰਾਨ ਦੇ ਬਿਜਲੀ ਪਲਾਂਟਾਂ ਅਤੇ ਹੋਰ ਅਹਿਮ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਤੋਂ ਇਲਾਵਾ, ਟਰੰਪ ਨੇ ਹੋਰਨਾਂ ਦੇਸ਼ਾਂ ਨੂੰ ਵੀ ਕਿਹਾ ਕਿ ਉਹ ਸਟ੍ਰੇਟ ਆਫ ਹਾਰਮੁਜ਼ ਵਰਗੇ ਅਹਿਮ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਚੁੱਕਣ।
ਜੰਗ ਨੂੰ ਕਿਉਂ ਦੱਸਿਆ ਜ਼ਰੂਰੀ?
ਟਰੰਪ ਨੇ ਕਿਹਾ ਕਿ ਇਹ ਜੰਗ ਅਮਰੀਕਾ ਅਤੇ ਦੁਨੀਆ ਦੀ ਸੁਰੱਖਿਆ ਲਈ ਜ਼ਰੂਰੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਈਰਾਨ ਲੰਬੇ ਸਮੇਂ ਤੋਂ ਅੱਤਵਾਦ ਦਾ ਸਮਰਥਨ ਕਰਦਾ ਆ ਰਿਹਾ ਹੈ ਅਤੇ ਉਹ ਪਰਮਾਣੂ ਹਥਿਆਰ ਬਣਾਉਣ ਦੇ ਬਹੁਤ ਕਰੀਬ ਪਹੁੰਚ ਗਿਆ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਕੀਮਤ 'ਤੇ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ। ਟਰੰਪ ਦੇ ਅਨੁਸਾਰ, ਉਨ੍ਹਾਂ ਦੀ ਪਹਿਲੀ ਪਸੰਦ ਕੂਟਨੀਤੀ ਸੀ, ਪਰ ਈਰਾਨ ਨੇ ਹਰ ਪ੍ਰਸਤਾਵ ਨੂੰ ਠੁਕਰਾ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਕੀਤੇ ਗਏ ਹਮਲਿਆਂ ਵਿੱਚ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ।
ਤੇਲ ਅਤੇ ਗਲੋਬਲ ਪ੍ਰਭਾਵ 'ਤੇ ਬਿਆਨ
ਟਰੰਪ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਲਈ ਈਰਾਨ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਈਰਾਨ ਨੇ ਤੇਲ ਟੈਂਕਰਾਂ 'ਤੇ ਹਮਲੇ ਕਰਕੇ ਵਿਸ਼ਵ ਪੱਧਰੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਹੈ ਅਤੇ ਉਹ ਇਸ ਸੰਕਟ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਖੇਤਰੀ ਸਹਿਯੋਗੀਆਂ ਜਿਵੇਂ ਕਿ ਸਾਊਦੀ ਅਰਬ, ਕਤਰ, ਯੂ.ਏ.ਈ., ਕੁਵੈਤ ਅਤੇ ਬਹਿਰੀਨ ਦੀ ਤਾਰੀਫ਼ ਵੀ ਕੀਤੀ।