ਰਿਪਬਲਿਕਨ ਸੰਮੇਲਨ 'ਚ ਛਾਏ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ, ਖੁਦ ਨੂੰ ਦੱਸਿਆ ਟਰੰਪ ਦਾ ਉੱਤਰਾਧਿਕਾਰੀ
ਸੰਮੇਲਨ ਦੌਰਾਨ ਵੈਂਸ ਦੇ ਭਾਸ਼ਣ ’ਤੇ ਪੂਰਾ ਹਾਲ ਤਾਲੀਆਂ ਅਤੇ ‘ਜੇਡੀ-ਜੇਡੀ’ ਦੇ ਨਾਰਿਆਂ ਨਾਲ ਗੂੰਜ ਉੱਠਿਆ। ਆਪਣੇ ਹਮਲਾਵਰ ਭਾਸ਼ਣ ਵਿੱਚ ਵੈਂਸ ਨੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ‘ਸਿਰਫਿਰੇ’ ਕਰਾਰ ਦਿੱਤਾ
Publish Date: Sat, 12 Sep 2026 10:26 AM (IST)
Updated Date: Sat, 12 Sep 2026 10:30 AM (IST)
ਡਿਜ਼ਿਟਲ ਡੈਸਕ, ਡਲਾਸ : ਅਮਰੀਕਾ ਵਿੱਚ ਆਉਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸੇ ਦੌਰਾਨ ਡਲਾਸ ਵਿੱਚ ਕਰਵਾਏ ਗਏ ਰਿਪਬਲਿਕਨ ਪਾਰਟੀ ਦੇ ਇੱਕ ਵੱਡੇ ਸੰਮੇਲਨ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਇੱਕ ਵੱਡਾ ਅਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਵੈਂਸ ਨੇ ਖੁੱਲ੍ਹੇ ਤੌਰ ’ਤੇ ਦਾਅਵਾ ਕੀਤਾ ਹੈ ਕਿ ਉਹ ਹੀ ਰਾਸ਼ਟਰਪਤੀ ਟਰੰਪ ਦੇ ਅਸਲ ਉੱਤਰਾਧਿਕਾਰੀ ਹਨ।
ਸੰਮੇਲਨ ਦੌਰਾਨ ਵੈਂਸ ਦੇ ਭਾਸ਼ਣ ’ਤੇ ਪੂਰਾ ਹਾਲ ਤਾਲੀਆਂ ਅਤੇ ‘ਜੇਡੀ-ਜੇਡੀ’ ਦੇ ਨਾਰਿਆਂ ਨਾਲ ਗੂੰਜ ਉੱਠਿਆ। ਆਪਣੇ ਹਮਲਾਵਰ ਭਾਸ਼ਣ ਵਿੱਚ ਵੈਂਸ ਨੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ‘ਸਿਰਫਿਰੇ’ ਕਰਾਰ ਦਿੱਤਾ। ਉਨ੍ਹਾਂ ਨੇ ਆਤਮਵਿਸ਼ਵਾਸ ਨਾਲ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੂੰ ਉਨ੍ਹਾਂ ਨੇ ‘ਬੌਸ’ ਕਿਹਾ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਸਮਰੱਥ ਹਨ।
ਵੈਂਸ ਦੇ ਇਸ ਵੱਡੇ ਬਿਆਨ ਦੇ ਕੀ ਮਾਇਨੇ ਹਨ? ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਨੂੰ ਆਉਣ ਵਾਲੀਆਂ ਮਿਡਟਰਮ ਚੋਣਾਂ ਵਿੱਚ ਹਾਰ ਦਾ ਡਰ ਸਤਾ ਰਿਹਾ ਹੈ। ਅਜਿਹੇ ਵਿੱਚ ਵੈਂਸ ਹੁਣ ਤੋਂ ਹੀ ਦੋ ਸਾਲ ਬਾਅਦ ਹੋਣ ਵਾਲੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਮਜ਼ਬੂਤ ਕਰਨ ਵਿੱਚ ਜੁਟ ਗਏ ਹਨ।
ਕੱਟੜਪੰਥੀ ਧੜੇ 'ਚ ਪੈਠ ਬਣਾਉਣ ਦੀ ਕੋਸ਼ਿਸ਼ ਦੂਜੇ ਪਾਸੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟਰੰਪ ਦੇ ਸਮਰਥਕਾਂ ਦਾ ਇੱਕ ਬਹੁਤ ਵੱਡਾ ਅਤੇ ਪ੍ਰਭਾਵਸ਼ਾਲੀ ਵਰਗ ‘ਮੇਕ ਅਮਰੀਕਾ ਗ੍ਰੇਟ ਅਗੇਨ’ (MAGA) ਹੁਣ ਭਵਿੱਖ ਲਈ ਇੱਕ ਨਵੇਂ ਚਿਹਰੇ ਦੀ ਤਲਾਸ਼ ਵਿੱਚ ਹੈ।
ਰੋਮਨ ਕੈਥੋਲਿਕ ਪਿਛੋਕੜ ਵਾਲੇ ਜੇਡੀ ਵੈਂਸ ਖੁਦ ਨੂੰ ਟਰੰਪ ਦੀ ਵਿਰਾਸਤ ਦੇ ਇਕਲੌਤੇ ਵਾਰਿਸ ਵਜੋਂ ਪੇਸ਼ ਕਰਕੇ ਇਸ ਕੱਟੜਪੰਥੀ ਧੜੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਟਰੰਪ ਦੀ ਤੀਜੀ ਵਾਰ ਉਮੀਦਵਾਰੀ ’ਤੇ ਪੇਚ
ਜ਼ਿਕਰਯੋਗ ਹੈ ਕਿ ਅਮਰੀਕੀ ਸੰਵਿਧਾਨ ਦੇ ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਵੱਧ ਤੋਂ ਵੱਧ ਦੋ ਵਾਰ ਹੀ ਰਾਸ਼ਟਰਪਤੀ ਬਣ ਸਕਦਾ ਹੈ। ਟਰੰਪ ਨੂੰ ਤੀਜੀ ਵਾਰ ਚੋਣ ਲੜਨ ਲਈ ਸੰਵਿਧਾਨ ਵਿੱਚ ਸੋਧ ਕਰਵਾਉਣੀ ਪਵੇਗੀ, ਜਿਸ ਲਈ ਸੰਸਦ ਵਿੱਚ ਦੋ-ਤਿਹਾਈ ਬਹੁਮਤ ਦੀ ਲੋੜ ਹੋਵੇਗੀ।
ਇਹੀ ਕਾਰਨ ਹੈ ਕਿ ਟਰੰਪ ਨੇ ਹੁਣ ਤੀਜੀ ਵਾਰ ਉਮੀਦਵਾਰੀ ਨੂੰ ਲੈ ਕੇ ਬਿਆਨ ਦੇਣਾ ਲਗਪਗ ਬੰਦ ਕਰ ਦਿੱਤਾ ਹੈ।
ਉੱਧਰ, ਰਿਪਬਲਿਕਨ ਪਾਰਟੀ ਦੇ ਅੰਦਰ ਇਸ ਉੱਤਰਾਧਿਕਾਰ ਦੀ ਦੌੜ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੀ ਇੱਕ ਬਹੁਤ ਵੱਡਾ ਨਾਮ ਹਨ। ਉਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਦੇ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਅਜਿਹੇ ਵਿੱਚ ਵੈਂਸ ਦਾ ਇਹ ਦਾਅਵਾ ਪਾਰਟੀ ਦੇ ਅੰਦਰ ਭਵਿੱਖ ਦੇ ਨੇਤ੍ਰਿਤਵ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨੂੰ ਵੀ ਸਪੱਸ਼ਟ ਤੌਰ ’ਤੇ ਸਾਹਮਣੇ ਲਿਆਉਂਦਾ ਹੈ।