ਈਰਾਨ ਨਾਲ ਤੇਲ ਵਪਾਰ ’ਤੇ ਅਮਰੀਕਾ ਦੀ ਵੱਡੀ ਕਾਰਵਾਈ, ਮੁੰਬਈ ਦੀਆਂ 2 ਕੰਪਨੀਆਂ ਤੇ 5 ਭਾਰਤੀਆਂ ’ਤੇ ਲਾਈਆਂ ਪਾਬੰਦੀਆਂ ਅਮਰੀਕਾ ਨੇ ਵੀਰਵਾਰ ਨੂੰ ਈਰਾਨ ਨਾਲ ਪੈਟਰੋਲੀਅਮ ਉਤਪਾਦਾਂ ਦਾ ਵਪਾਰ ਕਰਨ ਦੇ ਦੋਸ਼ ਹੇਠ ਮੁੰਬਈ ਦੀਆਂ ਦੋ ਕੰਪਨੀਆਂ ਤੇ ਉਨ੍ਹਾਂ ਨਾਲ ਜੁੜੇ ਪੰਜ ਭਾਰਤੀ ਨਾਗਰਿਕਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ।
Publish Date: Fri, 09 Oct 2026 10:48 AM (IST)
Updated Date: Fri, 09 Oct 2026 10:50 AM (IST)
ਪੀਟੀਆਈ, ਵਾਸ਼ਿੰਗਟਨ। ਅਮਰੀਕਾ ਨੇ ਵੀਰਵਾਰ ਨੂੰ ਈਰਾਨ ਨਾਲ ਪੈਟਰੋਲੀਅਮ ਉਤਪਾਦਾਂ ਦਾ ਵਪਾਰ ਕਰਨ ਦੇ ਦੋਸ਼ ਹੇਠ ਮੁੰਬਈ ਦੀਆਂ ਦੋ ਕੰਪਨੀਆਂ ਤੇ ਉਨ੍ਹਾਂ ਨਾਲ ਜੁੜੇ ਪੰਜ ਭਾਰਤੀ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਈਰਾਨ ਤੋਂ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ’ਚ ਮਦਦ ਕਰਨ ਦੇ ਦੋਸ਼ ਹੇਠ ਐੱਸਐੱਸਪੀਐੱਲ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਤੇ ਸਮੁੰਦਰ ਮਰੀਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਇਹ ਕਾਰਵਾਈ ਕੀਤੀ।
ਐੱਸਐੱਸਪੀਐੱਲ ਸਲਿਊਸ਼ਨਜ਼ ਨਾਲ ਜੁੜੇ ਧਵਨੀ ਤੇ ਨਿਸਰਗ ਵੋਰਾ, ਜਦਕਿ ਸਮੁੰਦਰ ਮਰੀਨ ਸਰਵਿਸਿਜ਼ ਨਾਲ ਜੁੜੇ ਕੇਤਨ ਕੋਚੀਕਰ, ਭੁਪਿੰਦਰ ਸਿੰਘ ਸਾਹੂ ਤੇ ਹਰੀਸ਼ਿਆਮ ਹਰੀਹਰਨ ਚੁੰਡਾਕੱਟਿਲ ਨੂੰ ਵੀ ਆਪਣੀਆਂ-ਆਪਣੀਆਂ ਕੰਪਨੀਆਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ ਤੋਂ ਰੋਕ ਦਿੱਤਾ ਗਿਆ ਹੈ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਈਰਾਨ ਨੂੰ ਪਾਬੰਦੀਆਂ ਤੋਂ ਬਚਣ ’ਚ ਮਦਦ ਕਰਨ ਵਾਲਾ ਕੋਈ ਵੀ ਵਿਅਕਤੀ ਵਿੱਤ ਵਿਭਾਗ ਦੀ ਕਾਰਵਾਈ ਤੋਂ ਸੁਰੱਖਿਅਤ ਨਹੀਂ ਹੈ। ਭਾਰਤੀ ਕੰਪਨੀਆਂ ਤੇ ਨਾਗਰਿਕਾਂ ਵਿਰੁੱਧ ਇਹ ਕਦਮ 'ਆਪ੍ਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਖ਼ਿਲਾਫ਼ ਅਮਰੀਕਾ ਦੀ ਕਾਰਵਾਈ ਦਾ ਹਿੱਸਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਈਰਾਨੀ ਤੇਲ ਤੇ ਪੈਟਰੋਲੀਅਮ ਉਤਪਾਦਾਂ ਦੇ ਵਪਾਰ ਦੇ ਸਬੰਧ ’ਚ 10 ਕੰਪਨੀਆਂ, ਛੇ ਵਿਅਕਤੀਆਂ ਤੇ ਪੰਜ ਜਹਾਜ਼ਾਂ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਈਰਾਨ ਸਰਕਾਰ ਤੱਕ ਲੱਖਾਂ ਡਾਲਰ ਪਹੁੰਚਾਏ। ਇਸ ਨਾਲ ਈਰਾਨ ਦੀ ਆਮਦਨ ਦੇ ਇੱਕ ਅਹਿਮ ਸਰੋਤ ਨੂੰ ਮਜ਼ਬੂਤੀ ਮਿਲੀ ਤੇ ਉਸ ਨੂੰ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖਣ ’ਚ ਮਦਦ ਮਿਲੀ। ਅਮਰੀਕੀ ਸਰਕਾਰ ਇਸ ਵਪਾਰ ਨੂੰ ਅੱਗੇ ਵਧਾਉਣ ਵਾਲੇ ਖ਼ਰੀਦਦਾਰਾਂ ਤੇ ਵਿਕਰੇਤਾਵਾਂ, ਦੋਵਾਂ ਵਿਰੁੱਧ ਪਾਬੰਦੀਆਂ ਲਗਾ ਰਹੀ ਹੈ।
ਇਸ ਦੌਰਾਨ, ਅਮਰੀਕਾ ਨੇ ਸਮੁੰਦਰ ਮਰੀਨ ਸਰਵਿਸਿਜ਼ ਨੂੰ 23 ਅਕਤੂਬਰ ਤੱਕ ਆਪਣੇ ਲੈਣ-ਦੇਣ ਸਮੇਟਣ ਦੀ ਮਨਜ਼ੂਰੀ ਵੀ ਦਿੱਤੀ ਹੈ। ਇਸ ਪ੍ਰਕਿਰਿਆ ਨੂੰ 'ਵਿੰਡ-ਡਾਊਨ' ਕਿਹਾ ਜਾਂਦਾ ਹੈ। ਇਸ ਤਹਿਤ ਸਬੰਧਤ ਧਿਰਾਂ ਨੂੰ ਕੁਝ ਸਮਾਂ ਦਿੱਤਾ ਜਾਂਦਾ ਹੈ, ਤਾਂ ਜੋ ਉਹ ਮੌਜੂਦਾ ਕਾਰੋਬਾਰ ਪੂਰਾ ਕਰ ਸਕਣ ਤੇ ਨਵੀਆਂ ਪਾਬੰਦੀਆਂ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਪਹਿਲਾਂ ਆਪਣਾ ਕੰਮਕਾਜ ਬੰਦ ਕਰ ਸਕਣ।