ਯੂਕਰੇਨ ਵੱਲੋਂ ਰੂਸ ਦੇ ਸਭ ਤੋਂ ਵੱਡੇ ਡਾਟਾ ਸੈਂਟਰ ’ਤੇ ਹਮਲਾ, ਏਆਈ ਪ੍ਰੋਜੈਕਟ ਨੂੰ ਝਟਕਾ ਲੱਗਣ ਦਾ ਖ਼ਦਸ਼ਾ ਰੂਸ ਦੇ ਬਾਲਾਕੋਵੋ ਖੇਤਰ ’ਚ ਸਥਿਤ ਇਸ ਡਾਟਾ ਸੈਂਟਰ ਦਾ ਸੰਚਾਲਨ ਸਾਈਬਰਬੈਂਕ ਕੰਪਨੀ ਕਰਦੀ ਹੈ। ਇਹ ਕੰਪਨੀ ਰੂਸ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਹੈ। ਪਿਛਲੇ ਹਫ਼ਤੇ ਯੂਕਰੇਨ ਨੇ ਰੂਸ ਦੀਆਂ ਤਕਨਾਲੋਜੀ ਕੰਪਨੀਆਂ ’ਤੇ ਲਗਾਤਾਰ ਹਮਲੇ ਕੀਤੇ ਹਨ।
Publish Date: Thu, 15 Oct 2026 10:53 AM (IST)
Updated Date: Thu, 15 Oct 2026 10:55 AM (IST)
ਰਾਇਟਰ, ਮਾਸਕੋ। ਯੂਕਰੇਨ ਨੇ ਬੁੱਧਵਾਰ ਨੂੰ ਰੂਸ ਦੇ ਸਭ ਤੋਂ ਵੱਡੇ ਡਾਟਾ ਸੈਂਟਰ ’ਤੇ ਡਰੋਨ ਰਾਹੀਂ ਹਮਲਾ ਕੀਤਾ, ਜਿਸ ਨਾਲ ਇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਕਾਰਨ ਰੂਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਵਿਕਾਸ ਨਾਲ ਜੁੜੇ ਪ੍ਰੋਜੈਕਟ ਨੂੰ ਝਟਕਾ ਲੱਗਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ, ਇਸ ਡਾਟਾ ਸੈਂਟਰ ’ਚ ਤਿੰਨ ਸੁਪਰ ਕੰਪਿਊਟਰ ਲੱਗੇ ਹੋਏ ਹਨ ਤੇ ਇੱਕ ਹੋਰ ਵਧੇਰੇ ਸਮਰੱਥਾ ਵਾਲਾ ਸੁਪਰ ਕੰਪਿਊਟਰ ਲਗਾਉਣ ਦੀ ਯੋਜਨਾ ਹੈ।
ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਸੁਪਰ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ। ਸਾਈਬਰਬੈਂਕ ਦੀ ਮਲਕੀਅਤ ਵਾਲੇ ਇਸ ਡਾਟਾ ਸੈਂਟਰ ਨੂੰ ਵਿਕਸਤ ਕਰਕੇ ਰੂਸ ਏਆਈ ਦੇ ਖੇਤਰ ’ਚ ਅਮਰੀਕਾ ਤੇ ਚੀਨ ਦੇ ਬਰਾਬਰ ਪਹੁੰਚਣਾ ਚਾਹੁੰਦਾ ਹੈ। ਰੂਸ ਦੇ ਬਾਲਾਕੋਵੋ ਖੇਤਰ ’ਚ ਸਥਿਤ ਇਸ ਡਾਟਾ ਸੈਂਟਰ ਦਾ ਸੰਚਾਲਨ ਸਾਈਬਰਬੈਂਕ ਕੰਪਨੀ ਕਰਦੀ ਹੈ। ਇਹ ਰੂਸ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਹੈ। ਪਿਛਲੇ ਹਫ਼ਤੇ ਯੂਕਰੇਨ ਨੇ ਰੂਸ ਦੀਆਂ ਤਕਨਾਲੋਜੀ ਕੰਪਨੀਆਂ ’ਤੇ ਲਗਾਤਾਰ ਹਮਲੇ ਕੀਤੇ ਸਨ। ਯੂਕਰੇਨ ਨੇ ਪਿਛਲੇ ਹਫ਼ਤੇ ਯਾਂਡੈਕਸ ਕੰਪਨੀ ਦੇ ਤਿੰਨ ਡਾਟਾ ਸੈਂਟਰਾਂ ਨੂੰ ਨਿਸ਼ਾਨਾ ਬਣਾਇਆ ਸੀ। ਪਰ ਸਭ ਤੋਂ ਵੱਡੇ ਡਾਟਾ ਸੈਂਟਰ ’ਤੇ ਹਮਲਾ ਬੁੱਧਵਾਰ ਨੂੰ ਹੋਇਆ।
ਹਮਲੇ ਤੋਂ ਬਾਅਦ ਸਾਈਬਰਬੈਂਕ ਦੇ ਪਹਿਲੇ ਡਿਪਟੀ ਸੀਈਓ ਅਲੈਗਜ਼ੈਂਡਰ ਵੇਦਿਆਸਕਿਨ ਨੇ ਦੱਸਿਆ ਕਿ ਡਰੋਨ ਹਮਲੇ ਕਾਰਨ ਡਾਟਾ ਸੈਂਟਰ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕੰਪਨੀ ਦਾ ਸਾਰਾ ਕੰਮਕਾਜ ਆਮ ਵਾਂਗ ਚੱਲ ਰਿਹਾ ਹੈ ਤੇ ਇਸ ’ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਈ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ 2024 ’ਚ ਦੱਸਿਆ ਸੀ ਕਿ ਸਾਈਬਰਬੈਂਕ ਵੱਲੋਂ ਚਲਾਏ ਜਾ ਰਹੇ ਬਾਲਾਕੋਵੋ ਦੇ ਡਾਟਾ ਸੈਂਟਰ ’ਚ ਰੂਸ ਦਾ ਸਭ ਤੋਂ ਵੱਡਾ ਸੁਪਰ ਕੰਪਿਊਟਰ ਤਿਆਰ ਕੀਤਾ ਜਾ ਰਿਹਾ ਹੈ, ਜੋ 2027 ’ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਸਾਈਬਰਬੈਂਕ ਤੇ ਯਾਂਡੈਕਸ ਦੋਵਾਂ ਨੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਇੱਥੇ ਕੰਮ ਕਰ ਰਹੇ ਸੁਪਰ ਕੰਪਿਊਟਰਾਂ ਨੂੰ ਯੂਕਰੇਨ ਦੇ ਹਮਲਿਆਂ ’ਚ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ। ਇਨ੍ਹਾਂ ਸੁਪਰ ਕੰਪਿਊਟਰਾਂ ਦੀ ਮਦਦ ਨਾਲ ਰੂਸ ਨਵੇਂ ਏਆਈ ਮਾਡਲ ਤਿਆਰ ਕਰ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਖੇਤਰਾਂ ’ਚ ਤੇਜ਼ੀ ਨਾਲ ਵਿਕਾਸ ਕਰਨ ਲਈ ਕੀਤੀ ਜਾਵੇਗੀ। ਪਰ ਅਮਰੀਕੀ ਪਾਬੰਦੀਆਂ ਕਾਰਨ ਦੋਵਾਂ ਕੰਪਨੀਆਂ ਨੂੰ ਆਧੁਨਿਕ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟਾਂ (ਜੀਪੀਯੂ) ਦੀ ਖ਼ਰੀਦ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਰੂਸ ਦੇ ਏਆਈ ਪ੍ਰੋਗਰਾਮ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ।
ਰੂਸ ਤੇ ਯੂਕਰੇਨ ਵੱਲੋਂ ਊਰਜਾ ਟਿਕਾਣਿਆਂ ’ਤੇ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਤੇ ਯੂਕਰੇਨ ਦੇ ਊਰਜਾ ਸਥਾਪਨਾਵਾਂ ’ਤੇ ਹਮਲੇ ਨਾ ਕਰਨ ਸਬੰਧੀ ਸਮਝੌਤਾ ਲਾਗੂ ਹੋਣ ਦਾ ਬਿਆਨ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਊਰਜਾ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਹੈ ਕਿ ਯੂਕਰੇਨ ਨੇ ਬੁੱਧਵਾਰ ਨੂੰ ਰੂਸ ਦੀਆਂ ਦੋ ਤੇਲ ਰਿਫਾਇਨਰੀਆਂ ’ਤੇ ਹਮਲਾ ਕੀਤਾ। ਇਸ ਦੇ ਜਵਾਬ ’ਚ ਰੂਸ ਨੇ ਕੀਵ ਤੇ ਖਾਰਕੀਵ ਦੇ 30 ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਕਾਰਨ ਦੋਵਾਂ ਸ਼ਹਿਰਾਂ ਦੇ ਛੇ ਲੱਖ ਲੋਕਾਂ ਦੇ ਘਰਾਂ ’ਚ ਹਨੇਰਾ ਛਾ ਗਿਆ। ਰੂਸ ਦੇ ਇਨ੍ਹਾਂ ਹਮਲਿਆਂ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ।