ਫਲਾਈਦੁਬਈ ਮਾਮਲੇ ’ਚ UAE ਦਾ ਵੱਡਾ ਖੁਲਾਸਾ, 9/11 ਤੋਂ ਪ੍ਰੇਰਿਤ ਹੋ ਕੇ ਇਜ਼ਰਾਈਲ ’ਚ ਜਹਾਜ਼ ਕਰੈਸ਼ ਕਰਨਾ ਚਾਹੁੰਦਾ ਸੀ ਓਮਾਨੀ ਪਾਇਲਟ
ਯੂਏਈ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਫਲਾਈਦੁਬਈ ਦੇ ਓਮਾਨੀ ਕੋ-ਪਾਇਲਟ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਨੂੰ ਹਾਈਜੈਕ ਕਰਕੇ ਇਜ਼ਰਾਈਲ ਦੇ ਬੇਨ ਗੁਰਿਓਨ ਹਵਾਈ ਅੱਡੇ ਦੇ ਟਰਮੀਨਲ ਨਾਲ ਜਹਾਜ਼ ਟਕਰਾਉਣ ਦੀ ਯੋਜਨਾ ਬਣਾਈ ਸੀ। ਇਹ ਆਤਮਘਾਤੀ ਹਮਲਾ 9/11 ਦੇ ਅੱਤਵਾਦੀ ਹਮਲਿਆਂ ਤੋਂ ਪ੍ਰੇਰਿਤ ਸੀ।
Publish Date: Sat, 10 Oct 2026 11:27 AM (IST)
Updated Date: Sat, 10 Oct 2026 11:29 AM (IST)
ਡਿਜੀਟਲ ਡੈਸਕ, ਦੁਬਈ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਟਾਰਨੀ ਜਨਰਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਫਲਾਈਦੁਬਈ ਦੇ ਓਮਾਨੀ ਕੋ-ਪਾਇਲਟ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਨੂੰ ਹਾਈਜੈਕ ਕਰਕੇ ਇਜ਼ਰਾਈਲ ਦੇ ਬੇਨ ਗੁਰਿਓਨ ਹਵਾਈ ਅੱਡੇ ਦੇ ਟਰਮੀਨਲ ਨਾਲ ਜਹਾਜ਼ ਟਕਰਾਉਣ ਦੀ ਯੋਜਨਾ ਬਣਾਈ ਸੀ। ਇਹ ਆਤਮਘਾਤੀ ਹਮਲਾ 9/11 ਦੇ ਅੱਤਵਾਦੀ ਹਮਲਿਆਂ ਤੋਂ ਪ੍ਰੇਰਿਤ ਸੀ।
ਯੂਏਈ ਦੀ ਸਰਕਾਰੀ ਸਮਾਚਾਰ ਏਜੰਸੀ ਵਾਮ (WAM) ਮੁਤਾਬਕ, ਅਟਾਰਨੀ ਜਨਰਲ ਹਮਦ ਸੈਫ ਅਲ ਸ਼ਮਸੀ ਨੇ ਦੱਸਿਆ ਕਿ ਇਹ ਜਾਣਕਾਰੀ 30 ਸਤੰਬਰ ਨੂੰ ਫਲਾਈਦੁਬਈ ਦੀ ਉਡਾਣ FZ1073 ’ਚ ਵਾਪਰੀ ਘਟਨਾ ਦੀ ਜਾਂਚ ਦੌਰਾਨ ਸਾਹਮਣੇ ਆਈ। ਜਾਂਚ 1 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਭਾਰਤੀ ਕੈਪਟਨ ਸਮਿਤ ਮੱਛਰ ਨੇ ਕੋ-ਪਾਇਲਟ ਨੂੰ ਜਹਾਜ਼ ਦਾ ਕੰਟਰੋਲ ਹਾਸਲ ਕਰਨ ਤੋਂ ਰੋਕ ਦਿੱਤਾ, ਜਿਸ ਕਾਰਨ ਸਾਜ਼ਿਸ਼ ਨਾਕਾਮ ਹੋ ਗਈ।
ਜਾਂਚਕਰਤਾਵਾਂ ਮੁਤਾਬਕ, 29 ਸਾਲਾ ਸ਼ੱਕੀ ਹਮਾਮ ਅਲ-ਹਮਾਮੀ ਦਾ ਇਰਾਦਾ ਵੱਧ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਉਣ ਦਾ ਸੀ। ਉਸ ਨੇ ਤੇਲ ਅਵੀਵ ਜਾਣ ਵਾਲੀਆਂ ਦੋ ਪਹਿਲਾਂ ਦੀਆਂ ਉਡਾਣਾਂ ’ਚ ਸਫ਼ਰ ਕਰਕੇ ਰੂਟ ਅਤੇ ਹਵਾਈ ਅੱਡੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।
30 ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਕੋ-ਪਾਇਲਟ ਨੇ ਐਮਰਜੈਂਸੀ ਕਰੈਸ਼ ਐਕਸ ਨਾਲ ਕੈਪਟਨ ’ਤੇ ਹਮਲਾ ਕੀਤਾ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ’ਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਜਹਾਜ਼ 30 ਸਕਿੰਟਾਂ ’ਚ 16,000 ਫੁੱਟ ਹੇਠਾਂ ਆ ਗਿਆ। ਅਖ਼ੀਰ ’ਚ ਕੈਪਟਨ ਮੱਛਰ ਦੀ ਬਹਾਦਰੀ ਸਦਕਾ ਜਹਾਜ਼ ਦੀ ਸਾਊਦੀ ਅਰਬ ’ਚ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਸਕੀ।
ਯੂਏਈ ਦੇ ਅਟਾਰਨੀ ਜਨਰਲ ਮੁਤਾਬਕ, ਸ਼ੱਕੀ ਪਹਿਲਾਂ ਓਮਾਨ ਏਅਰ ਅਤੇ ਰਾਇਲ ਏਅਰ ਮੋਰੱਕੋ ਸਮੇਤ ਕਈ ਏਅਰਲਾਈਨਾਂ ’ਚ ਕੰਮ ਕਰ ਚੁੱਕਾ ਸੀ। ਉਹ ਜਨਵਰੀ 2026 ’ਚ ਫਲਾਈਦੁਬਈ ਨਾਲ ਜੁੜਿਆ ਸੀ।
ਰਾਇਟਰਜ਼ ਮੁਤਾਬਕ, ਪੁੱਛਗਿੱਛ ਦੌਰਾਨ ਸ਼ੱਕੀ ਨੇ ਦੱਸਿਆ ਕਿ ਉਸ ਨੇ ਫਲਾਈਦੁਬਈ ’ਚ ਨੌਕਰੀ ਹਾਸਲ ਕਰਨ ਤੋਂ ਪਹਿਲਾਂ ਹੀ ਇਸ ਹਮਲੇ ਦੀ ਯੋਜਨਾ ਬਣਾ ਲਈ ਸੀ। ਇੱਕ ਸੂਤਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਤੇਲ ਅਵੀਵ ਜਾਣ ਵਾਲੀ ਇੱਕ ਉਡਾਣ ਨੂੰ ਹਾਈਜੈਕ ਕਰਕੇ ਕਰੈਸ਼ ਕਰਨ ਦੀ ਯੋਜਨਾ ਬਣਾਈ ਸੀ, ਪਰ ਉਸ ਸਮੇਂ ਇਸ ਨੂੰ ਅੰਜਾਮ ਨਹੀਂ ਦਿੱਤਾ।