ਹੋਰਮੁਜ਼ ਤੇ ਫ਼ਾਰਸ ਦੀ ਖਾੜੀ ’ਚ ਦੋ ਜਹਾਜ਼ਾਂ ’ਤੇ ਹਮਲਾ, ਇਕ ਭਾਰਤੀ ਜ਼ਖ਼ਮੀ! ਪੱਛਮੀ ਏਸ਼ੀਆ ’ਚ ਵਪਾਰਕ ਜਹਾਜ਼ਾਂ ਉੱਤੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹੋਰਮੁਜ਼ ਸਟ੍ਰੇਟ ਅਤੇ ਫ਼ਾਰਸ ਦੀ ਖਾੜੀ ਵਿੱਚ ਦੋ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
Publish Date: Wed, 11 Nov 2026 10:30 PM (IST)
Updated Date: Wed, 11 Nov 2026 10:32 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਪੱਛਮੀ ਏਸ਼ੀਆ ’ਚ ਵਪਾਰਕ ਜਹਾਜ਼ਾਂ ਉੱਤੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹੋਰਮੁਜ਼ ਸਟ੍ਰੇਟ ਅਤੇ ਫ਼ਾਰਸ ਦੀ ਖਾੜੀ ਵਿੱਚ ਦੋ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੇਂਦਰੀ ਪੱਤਣ, ਪੋਤ, ਟਰਾਂਸਪੋਰਟ ਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਸਾਊਦੀ ਅਰਬ ਅਤੇ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ਾਂ 'ਤੇ ਹਮਲਾ ਕੀਤਾ ਗਿਆ, ਜਿਨ੍ਹਾਂ ’ਤੇ ਨੌਂ ਭਾਰਤੀ ਸਵਾਰ ਸਨ। ਇਨ੍ਹਾਂ ’ਚੋਂ ਇਕ ਜ਼ਖ਼ਮੀ ਹੋ ਗਿਆ ਹੈ।
ਸਾਊਦੀ ਅਰਬ ਦਾ ਝੰਡਾ ਲੱਗੇ ਤੇਲ ਟੈਂਕਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ, ਜਦੋਂ ਉਹ ਹੋਰਮੁਜ਼ ਸਟ੍ਰੇਟ ਤੋਂ ਲੰਘ ਰਹਾ ਸੀ। ਇਸ 'ਤੇ ਤਿੰਨ ਭਾਰਤੀ ਸਵਾਰ ਸਨ। ਜਦੋਂ ਕਿ ਫ਼ਾਰਸ ਦੀ ਖਾੜੀ ਤੋਂ ਲੰਘਦੇ ਸਮੇਂ ਲਾਇਬੇਰੀਆ ਦੇ ਝੰਡੇ ਵਾਲੇ ਵੀ.ਐੱਲ.ਸੀ.ਸੀ. (ਕੱਚਾ ਤੇਲ ਲਿਜਾਣ ਵਾਲੇ ਵਿਸ਼ਾਲ ਪੋਤ) 'ਐੱਮ.ਟੀ. ਫੁਜੈਰਾਹ ਐਨਰਜੀ' 'ਤੇ ਇੱਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਇਸ ਦੇ ਅਮਲੇ ਵਿੱਚ ਛੇ ਭਾਰਤੀ ਸ਼ਾਮਲ ਹਨ।
ਸੋਨੋਵਾਲ ਨੇ 'ਐਕਸ' ਉੱਤੇ ਇੱਕ ਪੋਸਟ ਵਿੱਚ ਕਿਹਾ, '11 ਨਵੰਬਰ ਨੂੰ ਤਿੰਨ ਭਾਰਤੀ ਨਾਵਿਕਾਂ ਨੂੰ ਲੈ ਕੇ ਜਾ ਰਹੇ ਸਾਊਦੀ ਅਰਬ ਦੇ ਝੰਡੇ ਵਾਲੇ ਤੇਲ ਟੈਂਕਰ 'ਐੱਨ.ਸੀ.ਸੀ. ਫਜਰ' ਨੇ ਹੋਰਮੁਜ਼ ਸਟ੍ਰੇਟ ਤੋਂ ਲੰਘਦੇ ਸਮੇਂ ਸੰਭਾਵਿਤ ਹਮਲੇ ਦਾ ਸਾਹਮਣਾ ਕੀਤਾ।' ਉਨ੍ਹਾਂ ਦੱਸਿਆ ਕਿ ਤਿੰਨਾਂ ਭਾਰਤੀਆਂ ਸਮੇਤ ਜਹਾਜ਼ ਦਾ ਪੂਰਾ ਅਮਲਾ ਸੁਰੱਖਿਅਤ ਹੈ।
ਇਸ ਤੋਂ ਪਹਿਲਾਂ ਸੋਨੋਵਾਲ ਨੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ 'ਐੱਮ.ਟੀ. ਫੁਜੈਰਾਹ ਐਨਰਜੀ' ਉੱਤੇ 10 ਨਵੰਬਰ ਨੂੰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਇਹ ਅਲ ਰੁਵੈਸ ਤੋਂ ਦੁਬਈ ਜਾ ਰਿਹਾ ਸੀ। ਹਮਲੇ ਵਿੱਚ ਅਮਲੇ ਦੇ ਚਾਰ ਮੈਂਬਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਇੱਕ ਭਾਰਤੀ ਨਾਗਰਿਕ ਸ਼ਾਮਲ ਹੈ। ਭਾਰਤੀ ਨਾਗਰਿਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੰਜ ਹੋਰ ਭਾਰਤੀਆਂ ਸਮੇਤ ਅਮਲੇ ਦੇ ਬਾਕੀ 18 ਮੈਂਬਰ ਸੁਰੱਖਿਅਤ ਹਨ। ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।