- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂਆਂ ’ਤੇ ਵਧ ਰਹੇ ਹਮਲਿਆਂ ’ਤੇ ਰੋਕ ਲੱਗਦੀ ਨਹੀਂ ਦਿਸ ਰਹੀ। ਸੋਮਵਾਰ ਨੂੰ ਦੋ ਵੱਖ-ਵੱਖ ਵਾਰਦਾਤਾਂ ’ਚ ਇੱਕ ਮਹਿਲਾ ਸਮੇਤ ਦੋ ਹਿੰਦੂਆਂ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਨਾਲ ਦੇਸ਼ ’ਚ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ।

ਢਾਕਾ (ਏਜੰਸੀ) : ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂਆਂ ’ਤੇ ਵਧ ਰਹੇ ਹਮਲਿਆਂ ’ਤੇ ਰੋਕ ਲੱਗਦੀ ਨਹੀਂ ਦਿਸ ਰਹੀ। ਸੋਮਵਾਰ ਨੂੰ ਦੋ ਵੱਖ-ਵੱਖ ਵਾਰਦਾਤਾਂ ’ਚ ਇੱਕ ਮਹਿਲਾ ਸਮੇਤ ਦੋ ਹਿੰਦੂਆਂ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਨਾਲ ਦੇਸ਼ ’ਚ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਨੌਗਾਓਂ ਜ਼ਿਲ੍ਹੇ ਦੇ ਮਹਾਦੇਵਪੁਰ ਉਪਜ਼ਿਲ੍ਹੇ ’ਚ 45 ਸਾਲਾ ਹਿੰਦੂ ਸੁਨਿਆਰਾ ਅਲੀਫ਼ ਚੰਦਰ ਦੱਤਾ ਸੋਮਵਾਰ ਰਾਤ ਕਰੀਬ 8:30 ਵਜੇ ਮਹਾਦੇਵਪੁਰ ਬਾਜ਼ਾਰ ਸਥਿਤ ਆਪਣੀ ਗਹਿਣਿਆਂ ਦੀ ਦੁਕਾਨ ਤੋਂ ਘਰ ਜਾ ਰਿਹਾ ਸੀ। ਰਾਤ ਕਰੀਬ ਨੌਂ ਵਜੇ ਜਦੋਂ ਉਹ ਦੁਲਾਲਪਾੜਾ ’ਚ ਘਰ ਨੇੜੇ ਪੁੱਜਾ ਤਾਂ ਅਣਪਛਾਤੇ ਹਮਲਾਵਰਾਂ ਦੇ ਸਮੂਹ ਨੇ ਉਸ ਨੂੰ ਰੋਕ ਲਿਆ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾਵਰ ਉਸ ਕੋਲੋਂ ਲਗਪਗ 70 ਗ੍ਰਾਮ ਸੋਨਾ ਤੇ ਸੱਤ ਲੱਖ ਬੰਗਲਾਦੇਸ਼ੀ ਟਕਾ ਲੁੱਟ ਕੇ ਫ਼ਰਾਰ ਹੋ ਗਏ। ਬਾਅਦ ’ਚ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਦੱਤਾ ਨੂੰ ਰਾਜਸ਼ਾਹੀ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਹਾਦੇਵਪੁਰ ਥਾਣੇ ਦੇ ਇੰਚਾਰਜ ਉਮਰ ਫ਼ਾਰੂਕ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸਿਰਫ਼ ਲੁੱਟ ਦੀ ਘਟਨਾ ਸੀ ਜਾਂ ਹਮਲੇ ਪਿੱਛੇ ਦੁਸ਼ਮਣੀ ਜਾਂ ਕੋਈ ਹੋਰ ਮਕਸਦ ਸੀ।
ਇੱਕ ਹੋਰ ਘਟਨਾ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਮਹੇਸ਼ਖਾਲੀ ਉਪਜ਼ਿਲ੍ਹੇ ’ਚ ਹੋਈ। ਸੋਮਵਾਰ ਸ਼ਾਮ ਕਰੀਬ 7:30 ਵਜੇ ਹੋਨੋਕ ਯੂਨੀਅਨ ’ਚ 45 ਸਾਲਾ ਹਿੰਦੂ ਮਹਿਲਾ ਰਾਣੀ ਸੁਸ਼ੀਲ ਘਰ ’ਚ ਖਾਣਾ ਬਣਾ ਰਹੀ ਸੀ, ਉਦੋਂ ਇੱਕ ਅਣਪਛਾਤੇ ਵਿਅਕਤੀ ਨੇ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਮਹੇਸ਼ਖਾਲੀ ਥਾਣੇ ਦੇ ਇੰਚਾਰਜ ਅਬਦੁਸ ਸੁਲਤਾਨ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਦੇਖ ਕੇ ਮਹਿਲਾ ਨੇ ਰੌਲਾ ਪਾਇਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਕਥਿਤ ਤੌਰ ’ਤੇ ਮਹਿਲਾ ਦਾ ਚਿਹਰਾ ਫੜ ਲਿਆ ਤੇ ਕਈ ਵਾਰ ਚਾਕੂ ਮਾਰਨ ਤੋਂ ਬਾਅਦ ਫ਼ਰਾਰ ਹੋ ਗਿਆ। ਹਮਲਾਵਰ ਦੀ ਪਛਾਣ ਕਰਨ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਸਥਾਨਕ ਲੋਕ ਜ਼ਖ਼ਮੀ ਰਾਣੀ ਸੁਸ਼ੀਲ ਨੂੰ ਹਸਪਤਾਲ ਲੈ ਗਏ, ਜਿੱਥੇ ਕੁਝ ਘੰਟਿਆਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਤਾਜ਼ਾ ਘਟਨਾਵਾਂ ਬੰਗਲਾਦੇਸ਼ ਦੇ ਰੰਗਪੁਰ ਸ਼ਹਿਰ ’ਚ ਇੱਕ ਸੇਵਾਮੁਕਤ ਹਿੰਦੂ ਸਕੂਲ ਅਧਿਆਪਕ ਗਣਪਤੀ ਚੱਕਰਵਰਤੀ ਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਹੋਈਆਂ ਹਨ। ਬੰਗਲਾਦੇਸ਼ ’ਚ ਘੱਟਗਿਣਤੀਆਂ, ਖ਼ਾਸ ਕਰਕੇ ਹਿੰਦੂਆਂ ’ਤੇ ਹਮਲੇ ਵਧੇ ਹਨ। ਇਹ ਘਟਨਾਵਾਂ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਪਿਛਲੀ ਅੰਤਰਿਮ ਸਰਕਾਰ ਦੇ ਸਮੇਂ ਤੋਂ ਹੋ ਰਹੀਆਂ ਹਨ ਅਤੇ ਮੌਜੂਦਾ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਸਰਕਾਰ ਦੌਰਾਨ ਵੀ ਜਾਰੀ ਹਨ।