- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਿਆ ਜਾ ਰਿਹਾ ਹੈ ਕਿ ਓਕਾਰੀ ਜੈਟੀ 'ਤੇ ਇੱਕ ਵੱਡੇ ਜਹਾਜ਼ ’ਚ ਤੇਲ ਭਰਿਆ ਜਾ ਰਿਹਾ ਸੀ, ਉਦੋਂ ਹੀ ਕੁਝ ਸ਼ੱਕੀ ਚੋਰ ਪਾਈਪਲਾਈਨ ’ਚੋਂ ਤੇਜ਼ ਦਬਾਅ ਵਾਲੇ ਪੈਟਰੋਲੀਅਮ ਪਦਾਰਥ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਆਪਣੀਆਂ ਬੇੜੀਆਂ ਵਿੱਚ ਭਰਨ ਦੀ ਕੋਸ਼ਿਸ਼ ਕਰਨ ਲੱਗੇ। ਇਸੇ ਦੌਰਾਨ ਉੱਥੇ ਜ਼ਹਿਰੀਲੀ ਗੈਸ ਦਾ ਰਿਸਾਅ (ਲੀਕੇਜ) ਹੋ ਗਿਆ। ਸਮੂਹ ਦਾ ਕਹਿਣਾ ਹੈ ਕਿ ਕਈ ਲੋਕ ਅਜੇ ਵੀ ਲਾਪਤਾ ਹਨ ਅਤੇ ਨਦੀ ਵਿੱਚ ਕੁਝ ਲਾਸ਼ਾਂ ਤੈਰਦੀਆਂ ਹੋਈਆਂ ਦੇਖੀਆਂ ਗਈਆਂ ਹਨ।

ਡਿਜੀਟਲ ਡੈਸਕ, ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਘੱਟੋ-ਘੱਟ 37 ਲੋਕਾਂ ਦੀ ਜਾਨ ਚਲੀ ਗਈ। ਹਾਲਾਂਕਿ, ਪ੍ਰਸ਼ਾਸਨ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਦੀ ਮੌਤ ਕੱਚਾ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਹੋਈ। ਇਹ ਘਟਨਾ ਨਾਈਜਰ ਡੈਲਟਾ ’ਚ ਕੱਚੇ ਤੇਲ ਦੀ ਚੋਰੀ ਅਤੇ ਪਾਈਪਲਾਈਨ ’ਚ ਤੋੜ-ਭੰਨ ਦੀ ਗੰਭੀਰ ਅਤੇ ਲਗਾਤਾਰ ਬਣੀ ਹੋਈ ਸਮੱਸਿਆ ਨੂੰ ਦਰਸਾਉਂਦੀ ਹੈ।
ਅਕਤੂਬਰ 2023 ਤੋਂ ਬਾਅਦ ਇਹ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਘਟਨਾ ਹੈ, ਜਿਸ ’ਚ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਖੇਤਰ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਤੇਲ ਕੱਢਣ ਦੀਆਂ ਘਟਨਾਵਾਂ ਕਾਰਨ ਅਕਸਰ ਜਾਨਲੇਵਾ ਹਾਦਸੇ ਅਤੇ ਭਾਰੀ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਨਾਈਜੀਰੀਆ ਦੇ ਤੇਲ ਉਦਯੋਗ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, ਰਿਵਰਸ ਪੁਲਿਸ ਦੇ ਬੁਲਾਰੇ ਏਐੱਸਪੀ ਬਲੇਸਿੰਗ ਕਾਬੋਰਲੋ ਅਗਾਬੇ ਨੇ ਕਿਹਾ ਕਿ ਘਟਨਾ ਨਾਲ ਜੁੜੇ ਹਾਲਾਤਾਂ ਦਾ ਪਤਾ ਲਗਾਉਣ ਅਤੇ ਤੱਥਾਂ ਦੀ ਪੁਸ਼ਟੀ ਲਈ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ। ਉਹ ਘਟਨਾ ਦੇ ਕਾਰਨਾਂ ਅਤੇ ਮਰਨ ਵਾਲਿਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕੇ ਹਨ।
ਉੱਥੇ ਹੀ, ਨਾਈਜੀਰੀਆ ਸੁਰੱਖਿਆ ਅਤੇ ਨਾਗਰਿਕ ਰੱਖਿਆ ਕੋਰ ਨੇ ਸਪੱਸ਼ਟ ਕੀਤਾ ਹੈ ਕਿ ਮਾਰੇ ਗਏ ਲੋਕਾਂ ਦੀ ਦੱਸੀ ਜਾ ਰਹੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਇਲਾਵਾ, ਘਟਨਾ ਵਿੱਚ ਸ਼ਾਮਲ ਰਸਾਇਣਕ ਪਦਾਰਥ ਦੀ ਤਕਨੀਕੀ ਜਾਂਚ ਦੀ ਵੀ ਲੋੜ ਹੈ।
ਕੋਰ ਨੇ ਕਿਹਾ ਕਿ ਉਹ ਮਰਨ ਵਾਲਿਆਂ, ਜ਼ਖ਼ਮੀਆਂ ਅਤੇ ਲਾਪਤਾ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਲਈ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ, ਕਿਸੇ ਵੀ ਸੰਭਾਵੀ ਲਾਪਰਵਾਹੀ, ਸਥਾਨਕ ਮਿਲੀਭੁਗਤ ਜਾਂ ਅਪਰਾਧਿਕ ਮਦਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।