ਮੱਕਾ ਦੀ ਮਸਜਿਦ ’ਚ ਕੀਤੀ ਅਜਿਹੀ ਹਰਕਤ ਕਿ ਮਿਲੀ ਮੌਤ ਦੀ ਸਜ਼ਾ, ਦੋ ਬੰਗਲਾਦੇਸ਼ੀਆਂ ਨੂੰ ਫਾਂਸੀ; ਕੌਂਸਲੇਟ ਵੀ ਹੈਰਾਨ
ਸਾਊਦੀ ਅਰਬ ਨੇ ਮੱਕਾ ਦੀ ਇੱਕ ਮਸਜਿਦ ’ਚ ਅਨੈਤਿਕ ਹਰਕਤਾਂ ਕਰਨ ਦੇ ਦੋਸ਼ ਹੇਠ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਫਾਂਸੀ ਦੇ ਦਿੱਤੀ ਹੈ।
Publish Date: Fri, 16 Oct 2026 10:33 AM (IST)
Updated Date: Fri, 16 Oct 2026 10:34 AM (IST)
ਡਿਜੀਟਲ ਡੈਸਕ, ਮੱਕਾ। ਸਾਊਦੀ ਅਰਬ ਨੇ ਮੱਕਾ ਦੀ ਇੱਕ ਮਸਜਿਦ ਦੇ ਅੰਦਰ ਅਨੈਤਿਕ ਹਰਕਤਾਂ ਕਰਨ ਦੇ ਦੋਸ਼ ’ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਫਾਂਸੀ ਦੇ ਦਿੱਤੀ ਹੈ। ਬੰਗਲਾਦੇਸ਼ ਦੇ ਅਖ਼ਬਾਰ ਦ ਡੇਲੀ ਸਟਾਰ ਦੀ ਰਿਪੋਰਟ ਅਨੁਸਾਰ, ਜੇਦਾਹ ਸਥਿਤ ਬੰਗਲਾਦੇਸ਼ੀ ਕੌਂਸਲੇਟ ਨੇ ਕਿਹਾ ਹੈ ਕਿ ਉਸ ਨੂੰ ਇਨ੍ਹਾਂ ਫਾਂਸੀਆਂ ਬਾਰੇ ਪਹਿਲਾਂ ਤੋਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।
ਬੁੱਧਵਾਰ ਨੂੰ ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤੇ ਸਰਕਾਰੀ ਸਾਊਦੀ ਪ੍ਰੈੱਸ ਏਜੰਸੀ (SPA) ਵੱਲੋਂ ਪ੍ਰਕਾਸ਼ਿਤ ਬਿਆਨ ਅਨੁਸਾਰ, ਇਹ ਮੌਤ ਦੀਆਂ ਸਜ਼ਾਵਾਂ ਮੱਕਾ ਖੇਤਰ ’ਚ ਦਿੱਤੀਆਂ ਗਈਆਂ। ਜੇਦਾਹ ਸਥਿਤ ਬੰਗਲਾਦੇਸ਼ ਦੇ ਕੌਂਸਲੇਟ ਜਨਰਲ ਨੇ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਲਈ ਸਾਊਦੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ।
ਬੰਗਲਾਦੇਸ਼ੀ ਅਧਿਕਾਰੀਆਂ ਨੇ ਕੀ ਕਿਹਾ?
ਬੰਗਲਾਦੇਸ਼ੀ ਮਿਸ਼ਨ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਦ ਡੇਲੀ ਸਟਾਰ ਨੂੰ ਵ੍ਹਟਸਐਪ ਸੰਦੇਸ਼ ਰਾਹੀਂ ਦੱਸਿਆ, “ਮੰਤਰਾਲੇ ਨੇ ਕੌਂਸਲੇਟ ਨੂੰ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਸੀ।” ਅਧਿਕਾਰੀ ਨੇ ਅੱਗੇ ਕਿਹਾ, “ਇਸ ਸਬੰਧ ’ਚ ਅਸੀਂ ਸਾਊਦੀ ਵਿਦੇਸ਼ ਮੰਤਰਾਲੇ ਨੂੰ ਇੱਕ ਰਸਮੀ ਪੱਤਰ ਸੌਂਪਿਆ ਹੈ, ਜਿਸ ’ਚ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਦੀ ਬੇਨਤੀ ਕੀਤੀ ਗਈ ਹੈ।”
ਕੌਣ ਸਨ ਉਹ ਦੋ ਬੰਗਲਾਦੇਸ਼ੀ?
ਸਾਊਦੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਜਿਨ੍ਹਾਂ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ ਗਈ, ਉਨ੍ਹਾਂ ਦੀ ਪਛਾਣ ਨਜ਼ਰੁਲ ਇਸਲਾਮ ਅਬਦੁਲ ਬਸ਼ੀਰ ਤੇ ਸਿਤੀ ਅਖ਼ਤਰ ਵਜੋਂ ਹੋਈ ਹੈ। ਮੰਤਰਾਲੇ ਅਨੁਸਾਰ, ਸਾਊਦੀ ਸੁਰੱਖਿਆ ਅਧਿਕਾਰੀਆਂ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਤੋਂ ਬਾਅਦ ਉਨ੍ਹਾਂ ਵਿਰੁੱਧ ਦੋਸ਼ ਤੈਅ ਕੀਤੇ ਗਏ ਤੇ ਮਾਮਲਾ ਸਮਰੱਥ ਅਦਾਲਤ ’ਚ ਭੇਜ ਦਿੱਤਾ ਗਿਆ। ਅਦਾਲਤ ਨੇ ਦੋਸ਼ਾਂ ਨੂੰ ਸਹੀ ਪਾਇਆ ਤੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ।
ਕਿਉਂ ਦਿੱਤੀ ਗਈ ਮੌਤ ਦੀ ਸਜ਼ਾ?
ਇਹ ਸਜ਼ਾਵਾਂ ‘ਤਾਜ਼ੀਰ’ ਦੇ ਤਹਿਤ ਦਿੱਤੀਆਂ ਗਈਆਂ ਸਨ। ਇਸਲਾਮੀ ਕਾਨੂੰਨ ’ਚ ਤਾਜ਼ੀਰ ਅਜਿਹੀ ਸਜ਼ਾ ਹੁੰਦੀ ਹੈ, ਜਿਸ ਦੀ ਕਿਸਮ ਤੇ ਮਿਆਦ ਦਾ ਫ਼ੈਸਲਾ ਨਿਆਂਇਕ ਅਧਿਕਾਰੀਆਂ ਦੇ ਵਿਵੇਕ ਅਨੁਸਾਰ ਕੀਤਾ ਜਾਂਦਾ ਹੈ। ਮੰਤਰਾਲੇ ਨੇ ਸਜ਼ਾ ਨੂੰ ਜਾਇਜ਼ ਠਹਿਰਾਉਂਦਿਆਂ ਅਪਰਾਧ ਦੀ ਗੰਭੀਰਤਾ ਤੇ ਸਮੇਂ ਤੇ ਸਥਾਨ ਦੀ ਪਵਿੱਤਰਤਾ ਦੀ ਉਲੰਘਣਾ ਦਾ ਹਵਾਲਾ ਦਿੱਤਾ।
ਬਿਆਨ ’ਚ ਕਿਹਾ ਗਿਆ ਹੈ ਕਿ ਸਬੰਧਤ ਅਧਿਕਾਰੀਆਂ ਨੇ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ, ਜਿਸ ਤੋਂ ਬਾਅਦ ਇਹ ਅੰਤਿਮ ਹੋ ਗਿਆ। ਇਸ ਪਿੱਛੋਂ ਫਾਂਸੀ ਦੇਣ ਲਈ ਸ਼ਾਹੀ ਹੁਕਮ ਜਾਰੀ ਕੀਤਾ ਗਿਆ। ਹਾਲਾਂਕਿ, ਸਾਊਦੀ ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਦੋਵਾਂ ਵਿਅਕਤੀਆਂ ਨੇ ਮਸਜਿਦ ਦੇ ਅੰਦਰ ਅਸਲ ’ਚ ਕੀ ਕੀਤਾ ਸੀ। ਬਿਆਨ ’ਚ ਨਾ ਤਾਂ ਮਸਜਿਦ ਦਾ ਨਾਂ ਦੱਸਿਆ ਗਿਆ ਹੈ ਤੇ ਨਾ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕਾਰਨ ਮਾਮਲੇ ਨਾਲ ਜੁੜੇ ਕਈ ਅਹਿਮ ਸਵਾਲ ਅਜੇ ਵੀ ਬਰਕਰਾਰ ਹਨ।
ਬੰਗਲਾਦੇਸ਼ੀ ਕੌਂਸਲੇਟ ਨੇ ਕੀਤੀ ਅਧਿਕਾਰਤ ਪੁਸ਼ਟੀ ਦੀ ਮੰਗ
ਫਾਂਸੀ ਦੇਣ ਤੋਂ ਪਹਿਲਾਂ ਕੋਈ ਸੂਚਨਾ ਨਾ ਮਿਲਣ ਕਾਰਨ ਜੇਦਾਹ ਸਥਿਤ ਬੰਗਲਾਦੇਸ਼ੀ ਮਿਸ਼ਨ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਕੋਲ ਰਸਮੀ ਤੌਰ ’ਤੇ ਇਹ ਮਾਮਲਾ ਉਠਾਇਆ ਹੈ। ਕੌਂਸਲੇਟ ਨੇ ਇੱਕ ਕੂਟਨੀਤਕ ਨੋਟ ਰਾਹੀਂ ਦੋਵਾਂ ਨੂੰ ਦਿੱਤੀਆਂ ਗਈਆਂ ਫਾਂਸੀ ਦੀਆਂ ਸਜ਼ਾਵਾਂ ਦੀ ਅਧਿਕਾਰਤ ਪੁਸ਼ਟੀ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਹੁਣ ਤੱਕ ਜਾਰੀ ਬਿਆਨਾਂ ’ਚ ਇਸ ਕੂਟਨੀਤਕ ਗੱਲਬਾਤ ਜਾਂ ਮਾਮਲੇ ਨਾਲ ਜੁੜੇ ਅਸਲ ਹਾਲਾਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।