ਨਹੀਂ ਰੁਕ ਰਿਹਾ ਵਿਦਿਆਰਥੀਆਂ ਦਾ ਅੰਦੋਲਨ, ਸੈਂਕੜੇ ਸਕੂਲ ਬੰਦ; ਪੁਲਿਸ ਨੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ ਫਰਾਂਸ ’ਚ ਸਿੱਖਿਆ ਲਈ ਫੰਡਿੰਗ ਵਧਾਉਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਵਿਦਿਆਰਥੀਆਂ ਦਾ ਅੰਦੋਲਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰਾਜਧਾਨੀ ਪੈਰਿਸ ਸਮੇਤ ਦੇਸ਼ ਭਰ ’ਚ ਕਈ ਥਾਵਾਂ ’ਤੇ ਵੀਰਵਾਰ ਨੂੰ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ।
Publish Date: Fri, 09 Oct 2026 10:41 AM (IST)
Updated Date: Fri, 09 Oct 2026 10:45 AM (IST)
ਏਪੀ, ਪੈਰਿਸ। ਫਰਾਂਸ ’ਚ ਸਿੱਖਿਆ ਲਈ ਫੰਡਿੰਗ ਵਧਾਉਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਵਿਦਿਆਰਥੀਆਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਰਾਜਧਾਨੀ ਪੈਰਿਸ ਸਮੇਤ ਦੇਸ਼ ਭਰ ’ਚ ਕਈ ਥਾਵਾਂ ’ਤੇ ਵੀਰਵਾਰ ਨੂੰ ਵੀ ਪ੍ਰਦਰਸ਼ਨ ਹੋਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਪੁਲਿਸ ਵੱਲੋਂ ਲਾਠੀਚਾਰਜ ਕਰਨ ਤੇ ਅੱਥਰੂ ਗੈਸ ਦੀ ਵਰਤੋਂ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਵਿਦਿਆਰਥੀਆਂ ਦਾ ਇਹ ਅੰਦੋਲਨ ਤੀਜੇ ਹਫ਼ਤੇ ’ਚ ਦਾਖ਼ਲ ਹੋ ਗਿਆ ਹੈ।
ਉੱਤਰ-ਪੂਰਬੀ ਪੈਰਿਸ ’ਚ ਵੀਰਵਾਰ ਨੂੰ ਵਿਦਿਆਰਥੀਆਂ ਨੇ ਕੂੜੇਦਾਨਾਂ ਦੀ ਮਦਦ ਨਾਲ ਇੱਕ ਹਾਈ ਸਕੂਲ ਦੇ ਬਾਹਰ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਮੰਗਲਵਾਰ ਨੂੰ ਵੀ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ। ਉਸ ਦਿਨ ਸਕੂਲੀ ਵਿਦਿਆਰਥੀਆਂ ਦੇ ਅੰਦੋਲਨ ਦੇ ਸਮਰਥਨ ’ਚ ਦੇਸ਼ ਭਰ ’ਚ ਪ੍ਰਦਰਸ਼ਨ ਕੀਤੇ ਗਏ ਸਨ। ਉਸ ਸਮੇਂ ਵੀ ਕਈ ਥਾਵਾਂ ’ਤੇ ਵਿਦਿਆਰਥੀਆਂ ਨਾਲ ਝੜਪਾਂ ਹੋਣ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਸਨ। ਵੀਰਵਾਰ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਪੈਰਿਸ ਦਾ ਹੇਲੇਨ ਬਾਊਚਰ ਹਾਈ ਸਕੂਲ ਝੜਪਾਂ ਦਾ ਮੁੱਖ ਕੇਂਦਰ ਰਿਹਾ, ਜਦਕਿ ਦੇਸ਼ ਭਰ ’ਚ ਸੈਂਕੜੇ ਸਕੂਲਾਂ ਦਾ ਕੰਮਕਾਜ ਪ੍ਰਦਰਸ਼ਨਾਂ ਕਾਰਨ ਪ੍ਰਭਾਵਿਤ ਹੋਇਆ।
ਗ੍ਰਹਿ ਮੰਤਰਾਲੇ ਅਨੁਸਾਰ, ਸਤੰਬਰ ’ਚ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਪੁਲਿਸ ਹੁਣ ਤੱਕ 6,600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਵੀਰਵਾਰ ਨੂੰ 375 ਸਕੂਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਬੰਦ ਰਹੇ।
ਪੈਰਿਸ ਦੇ ਬੈਸਟਿਲ ਸਕੁਏਅਰ ’ਚ ਵੀ ਝੜਪਾਂ
ਰਾਈਟਰਜ਼ ਅਨੁਸਾਰ, ਵੀਰਵਾਰ ਦੁਪਹਿਰ ਨੂੰ ਪੈਰਿਸ ਦੇ ਬੈਸਟਿਲ ਸਕੁਏਅਰ ਇਲਾਕੇ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ। ਇੱਥੇ ਪ੍ਰਦਰਸ਼ਨ ਕਰਨ ਲਈ ਹਜ਼ਾਰਾਂ ਵਿਦਿਆਰਥੀ ਇਕੱਠੇ ਹੋਏ ਸਨ। ਟੈਲੀਵਿਜ਼ਨ ਫੁਟੇਜ ’ਚ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾਉਣ ਲਈ ਲਾਠੀਚਾਰਜ ਕਰਦੀ ਦਿਖਾਈ ਦਿੱਤੀ। ਉੱਧਰ, ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਹ ਇਸ ਮਾਮਲੇ ’ਚ ਤੁਰੰਤ ਕਦਮ ਚੁੱਕ ਰਹੇ ਹਨ।
ਜ਼ਿਕਰਯੋਗ ਹੈ ਕਿ ਫਰਾਂਸ ’ਚ ਵਿਦਿਆਰਥੀ ਸਕੂਲਾਂ ਦੀ ਮਾੜੀ ਹਾਲਤ, ਸਟਾਫ਼ ਦੀ ਘਾਟ ਤੇ ਬਿਹਤਰ ਸਹੂਲਤਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।