ਸਕੂਲ 'ਚ ਵਿਦਿਆਰਥੀ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਅਧਿਆਪਕ ਤੇ ਹੈੱਡਮਾਸਟਰ ਸਮੇਤ 3 ਜ਼ਖ਼ਮੀ
ਫਰਾਂਸ 'ਚ ਸੋਮਵਾਰ ਨੂੰ 14 ਸਾਲਾ ਲੜਕੇ ਨੇ ਇੱਕ ਮਿਡਲ ਸਕੂਲ 'ਚ ਗੋਲੀਬਾਰੀ ਕੀਤੀ। ਸਥਾਨਕ ਅਧਿਕਾਰੀਆਂ ਮੁਤਾਬਕ, ਵਿਦਿਆਰਥੀ ਵੱਲੋਂ ਕੀਤੀ ਗਈ ਫਾਇਰਿੰਗ 'ਚ ਸਕੂਲ ਦਾ ਹੈੱਡਮਾਸਟਰ ਅਤੇ ਇੱਕ ਅਧਿਆਪਕ ਜ਼ਖ਼ਮੀ ਹੋ ਗਏ।
Publish Date: Tue, 13 Oct 2026 11:39 AM (IST)
Updated Date: Tue, 13 Oct 2026 12:25 PM (IST)
ਡਿਜੀਟਲ ਡੈਸਕ, ਪੈਰਿਸ - ਫਰਾਂਸ 'ਚ ਸੋਮਵਾਰ ਨੂੰ 14 ਸਾਲਾ ਲੜਕੇ ਨੇ ਇੱਕ ਮਿਡਲ ਸਕੂਲ 'ਚ ਗੋਲੀਬਾਰੀ ਕੀਤੀ। ਸਥਾਨਕ ਅਧਿਕਾਰੀਆਂ ਮੁਤਾਬਕ, ਵਿਦਿਆਰਥੀ ਵੱਲੋਂ ਕੀਤੀ ਗਈ ਫਾਇਰਿੰਗ 'ਚ ਸਕੂਲ ਦਾ ਹੈੱਡਮਾਸਟਰ ਅਤੇ ਇੱਕ ਅਧਿਆਪਕ ਜ਼ਖ਼ਮੀ ਹੋ ਗਏ।
ਵਿਦਿਆਰਥੀ ਨੇ ਕੀਤੀ ਫਾਇਰਿੰਗ, ਤਿੰਨ ਲੋਕ ਜ਼ਖ਼ਮੀ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਨੇ ਸ਼ਿਕਾਰ ਕਰਨ ਵਾਲੀ ਰਾਈਫਲ ਨਾਲ ਗੋਲੀਆਂ ਚਲਾਈਆਂ। ਇਸ ਫਾਇਰਿੰਗ 'ਚ ਸਕੂਲ ਦਾ ਹੈੱਡਮਾਸਟਰ ਅਤੇ ਇੱਕ ਅਧਿਆਪਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਕੂਲ ਦੇ ਇੱਕ ਕਰਮਚਾਰੀ ਨੇ ਵਿਦਿਆਰਥੀ ਤੋਂ ਹਥਿਆਰ ਖੋਹ ਲਿਆ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮਾਰਸੇਈ ਦੇ ਨੇੜੇ ਦੱਖਣੀ ਸ਼ਹਿਰ ਔਬਾਨ 'ਚ ਸਥਿਤ ਜੋਸਫ਼-ਲਾਕਾਨਲ ਮਿਡਲ ਸਕੂਲ 'ਚ ਵਾਪਰੀ। ਗੋਲੀਬਾਰੀ ਦੌਰਾਨ ਇੱਕ ਤੀਜਾ ਵਿਅਕਤੀ ਵੀ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਿਆ। ਪੁਲਿਸ ਨੇ ਸ਼ੱਕੀ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਹਾਈ ਸਕੂਲਾਂ 'ਚ ਹੋਏ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਸਬੰਧ ਨਹੀਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਫਰਾਂਸ 'ਚ ਹਾਲ ਹੀ ਦੌਰਾਨ ਹੋਏ ਹਾਈ ਸਕੂਲਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਸਬੰਧ ਨਜ਼ਰ ਨਹੀਂ ਆ ਰਿਹਾ।
ਮਾਰਸੇਈ ਦੀ ਡਿਪਟੀ ਪਬਲਿਕ ਪ੍ਰੌਸੀਕਿਊਟਰ ਔਡਰੀ ਜੁਆਨੇਟੋਨ ਨੇ ਦੱਸਿਆ, “ਸ਼ੱਕੀ ਵਿਦਿਆਰਥੀ ਇੱਕ ਅਜਿਹਾ ਬੈਗ ਲੈ ਕੇ ਆਇਆ ਸੀ, ਜੋ ਗਿਟਾਰ ਦੇ ਕਵਰ ਵਰਗਾ ਲੱਗਦਾ ਸੀ। ਵਿਦਿਆਰਥੀ ਨੇ ਉਸ 'ਚੋਂ ਸ਼ਿਕਾਰ ਕਰਨ ਵਾਲੀ ਇੱਕ ਲੰਬੀ ਬੰਦੂਕ ਕੱਢੀ।” ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਘੱਟੋ-ਘੱਟ ਚਾਰ ਰਾਊਂਡ ਫਾਇਰ ਕੀਤੇ। ਇਨ੍ਹਾਂ 'ਚੋਂ ਇੱਕ ਗੋਲੀ ਉਸ ਕਲਾਸਰੂਮ ਦੇ ਅੰਦਰ ਵੀ ਚਲਾਈ ਗਈ, ਜਿੱਥੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਗੋਲੀ ਦਾ ਨਿਸ਼ਾਨ ਬਲੈਕਬੋਰਡ ’ਤੇ ਵੀ ਲੱਗਿਆ।
ਅਧਿਆਪਕ ਅਤੇ ਹੈੱਡਮਾਸਟਰ ਦੀ ਹਾਲਤ ਸਥਿਰ ਅਧਿਕਾਰੀਆਂ ਨੇ ਅਧਿਆਪਕ ਅਤੇ ਹੈੱਡਮਾਸਟਰ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 53 ਸਾਲਾ ਹੈੱਡਮਾਸਟਰ ਅਤੇ 37 ਸਾਲਾ ਅਧਿਆਪਕ ਦੀ ਹਾਲਤ ਗੰਭੀਰ ਨਹੀਂ ਹੈ। ਬੂਸ਼-ਦੂ-ਰੋਨ ਖੇਤਰ ਦੇ ਪ੍ਰੀਫੈਕਟ ਜੈਕ ਵਿਟਕੋਵਸਕੀ ਨੇ ਕਿਹਾ, “ਸ਼ੱਕੀ ਵਿਦਿਆਰਥੀ ਨੇ ਅਜੇ ਤੱਕ ਅਣਜਾਣ ਕਾਰਨਾਂ ਕਰਕੇ ਹੈੱਡਮਾਸਟਰ ’ਤੇ ਗੋਲੀ ਚਲਾਈ। ਇਸ ਕਾਰਨ ਉਨ੍ਹਾਂ ਦੀਆਂ ਪੱਟਾਂ ਅਤੇ ਪਿੱਠ ਦੇ ਹੇਠਲੇ ਹਿੱਸੇ 'ਚ ਗੋਲੀਆਂ ਲੱਗੀਆਂ।”
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਿਦਿਆਰਥੀ ਨੇ ਦੂਜੇ ਅਧਿਆਪਕ ’ਤੇ ਵੀ ਗੋਲੀ ਚਲਾਈ, ਜਿਸ ਨੂੰ ਗੋਲੀ ਦੇ ਛਰਰੇ ਲੱਗੇ। ਇਸ ਮਗਰੋਂ ਸਕੂਲ ਦੇ ਇੱਕ ਕਰਮਚਾਰੀ ਨੇ ਵਿਦਿਆਰਥੀ ਤੋਂ ਹਥਿਆਰ ਖੋਹ ਲਿਆ।