ਜਾਸੂਸੀ ਦਾ ਜਾਲ... ਇਸ਼ਤਿਹਾਰਾਂ ਦੀ ਆੜ ’ਚ ਇਜ਼ਰਾਈਲੀ ਕੰਪਨੀ ਰਚ ਰਹੀ ਸੀ ਖ਼ਤਰਨਾਕ ਸਾਜ਼ਿਸ਼; ਖੋਜ ਨੇ ਖੋਲ੍ਹੀ ਇੰਟਰਨੈੱਟ ਸੁਰੱਖਿਆ ਦੀ ਪੋਲ ਡਿਜੀਟਲ ਇਸ਼ਤਿਹਾਰਾਂ ਦੀ ਆੜ ’ਚ ਇਜ਼ਰਾਈਲੀ ਕੰਪਨੀ ‘ਡਿਸਕਵਰ-ਟੈਕ’ ਯੂਜ਼ਰਾਂ ਨੂੰ ਟਰੈਕ ਕਰਕੇ ਉਨ੍ਹਾਂ ਦੇ ਡਿਵਾਈਸਾਂ ’ਚ ਸਪਾਈਵੇਅਰ ਪਾ ਰਹੀ ਸੀ। ਪੈਂਟਾਗਨ ਤੋਂ ਲੈ ਕੇ ਸੰਯੁਕਤ ਰਾਸ਼ਟਰ (UN) ਤੱਕ ਇਸ ਦੀ ਲਪੇਟ ’ਚ ਆ ਗਏ।
Publish Date: Fri, 16 Oct 2026 10:56 AM (IST)
Updated Date: Fri, 16 Oct 2026 10:57 AM (IST)
ਡਿਜੀਟਲ ਡੈਸਕ, ਤੇਲ ਅਵੀਵ। ਅੱਜ ਦੇ ਡਿਜੀਟਲ ਦੌਰ ’ਚ ਇੰਟਰਨੈੱਟ ’ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰ ਸਿਰਫ਼ ਸਾਮਾਨ ਵੇਚਣ ਦਾ ਜ਼ਰੀਆ ਹੀ ਨਹੀਂ ਹਨ, ਸਗੋਂ ਇਨ੍ਹਾਂ ਦੀ ਵਰਤੋਂ ਗੁਪਤ ਜਾਸੂਸੀ ਲਈ ਵੀ ਕੀਤੀ ਜਾ ਰਹੀ ਹੈ। ਇਹ ਦਾਅਵਾ ਸਾਡਾ ਨਹੀਂ, ਬਲਕਿ ਦੋ ਵੱਡੇ ਖੋਜ ਸਮੂਹਾਂ ‘ਸਿਟੀਜ਼ਨ ਲੈਬ’ ਤੇ ‘ਕੌਨਫਿਐਂਟ’ ਦਾ ਹੈ। ਹਾਲ ਹੀ ’ਚ ਇਨ੍ਹਾਂ ਦੋਵਾਂ ਖੋਜ ਸਮੂਹਾਂ ਨੇ ਇਸ ਸਬੰਧੀ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਦੋਵਾਂ ਸਮੂਹਾਂ ਅਨੁਸਾਰ, ਇਜ਼ਰਾਈਲ ਦੀ ਡਿਜੀਟਲ ਇਸ਼ਤਿਹਾਰਬਾਜ਼ੀ ਏਜੰਸੀ ‘ਡਿਸਕਵਰ-ਟੈਕ’ ਨੇ ਆਨਲਾਈਨ ਇਸ਼ਤਿਹਾਰਾਂ ਰਾਹੀਂ ਦੁਨੀਆ ਭਰ ਦੇ ਇੰਟਰਨੈੱਟ ਯੂਜ਼ਰਾਂ ਦੀ ਜਾਸੂਸੀ ਕੀਤੀ ਹੈ। ਇਸ ਕੰਪਨੀ ਨੇ ਇਸ਼ਤਿਹਾਰਾਂ ਦਾ ਅਜਿਹਾ ਜਾਲ ਵਿਛਾਇਆ ਸੀ, ਜਿਸ ਰਾਹੀਂ ਲੋਕਾਂ ਨੂੰ ਟਰੈਕ ਕੀਤਾ ਜਾ ਸਕਦਾ ਸੀ ਤੇ ਉਨ੍ਹਾਂ ਦੇ ਡਿਵਾਈਸਾਂ ’ਚ ਖ਼ਤਰਨਾਕ ਜਾਸੂਸੀ ਸਾਫ਼ਟਵੇਅਰ ਇੰਸਟਾਲ ਕੀਤੇ ਜਾ ਸਕਦੇ ਸਨ। ਇਸ ਖੁਲਾਸੇ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ। ਕੀ ਅੱਜ ਦੇ ਸਮੇਂ ’ਚ ਇੰਟਰਨੈੱਟ ’ਤੇ ਇਸ਼ਤਿਹਾਰ ਦੇਖਣਾ ਵੀ ਅਸੁਰੱਖਿਅਤ ਹੈ? ਕੋਈ ਕੰਪਨੀ ਇਸ਼ਤਿਹਾਰਾਂ ਰਾਹੀਂ ਲੋਕਾਂ ਦੀ ਜਾਸੂਸੀ ਕਿਵੇਂ ਕਰ ਸਕਦੀ ਹੈ? ਆਓ ਜਾਣਦੇ ਹਾਂ।
ਕਿਵੇਂ ਚੱਲਦਾ ਸੀ ਜਾਸੂਸੀ ਦੀ ਇਹ ਖੇਡ? ਖੋਜ ਸਮੂਹਾਂ ਅਨੁਸਾਰ, ਡਿਸਕਵਰ-ਟੈਕ ਇੰਟਰਨੈੱਟ ’ਤੇ ਫ਼ੋਨ ਜਾਂ ਈਅਰਬਡ ਵਰਗੇ ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਉਤਪਾਦਾਂ ਦੇ ਇਸ਼ਤਿਹਾਰ ਦਿਖਾਉਂਦੀ ਸੀ। ਇਹ ਕੰਪਨੀ ਗੂਗਲ, ਕੌਮਕਾਸਟ ਤੇ ਰੂਸ ਦੇ ਯਾਂਡੈਕਸ ਵਰਗੇ ਵੱਡੇ ਪਲੇਟਫਾਰਮਾਂ ਦੇ ਇਸ਼ਤਿਹਾਰਬਾਜ਼ੀ ਨੈੱਟਵਰਕਾਂ ਦੀ ਵਰਤੋਂ ਕਰਦੀ ਸੀ।
ਵੈੱਬਸਾਈਟਾਂ ਤੇ ਐਪਸ ਤੱਕ ਸੀ ਪਹੁੰਚ ਸਿਟੀਜ਼ਨ ਲੈਬ ਅਨੁਸਾਰ, ਇਸ ਕੰਪਨੀ ਦੇ ਇਸ਼ਤਿਹਾਰ ਦੁਨੀਆ ਭਰ ਦੀਆਂ 1.20 ਲੱਖ ਤੋਂ ਵੱਧ ਵੈੱਬਸਾਈਟਾਂ ਤੇ 75 ਹਜ਼ਾਰ ਐਪਸ ’ਤੇ ਦਿਖਾਈ ਦਿੰਦੇ ਸਨ। ਜਿਵੇਂ ਹੀ ਕੋਈ ਯੂਜ਼ਰ ਇਨ੍ਹਾਂ ਇਸ਼ਤਿਹਾਰਾਂ ਵਾਲੀ ਵੈੱਬਸਾਈਟ ਜਾਂ ਐਪ ’ਤੇ ਜਾਂਦਾ ਸੀ, ਡਿਸਕਵਰ-ਟੈਕ ਉਸ ਨੂੰ ਟਰੈਕ ਕਰ ਲੈਂਦੀ ਸੀ। ਕਈ ਵਾਰ ਤਾਂ ਸਿਰਫ਼ ਇਸ਼ਤਿਹਾਰ ਲੋਡ ਹੋਣ ਨਾਲ ਹੀ ਸਮਾਰਟਫ਼ੋਨ ਯੂਜ਼ਰਾਂ ਦੇ ਫ਼ੋਨ ਨੰਬਰ ਤੇ ਨਿੱਜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।
ਇੰਨਾ ਹੀ ਨਹੀਂ, ਇਸ ਕੰਪਨੀ ਦੀ ਪਹੁੰਚ ਇਜ਼ਰਾਈਲ ਦੀ ਵਿਵਾਦਿਤ ਸਪਾਈਵੇਅਰ ਕੰਪਨੀ ‘ਕੈਂਡੀਰੂ’ (Candiru) ਤੇ ਹੋਰ ਨਿਗਰਾਨੀ ਕਰਨ ਵਾਲੀਆਂ ਕੰਪਨੀਆਂ ਤੱਕ ਵੀ ਸੀ। ਅਮਰੀਕੀ ਸਰਕਾਰ ਪਹਿਲਾਂ ਹੀ ਕੈਂਡੀਰੂ ਨੂੰ ਬਲੈਕਲਿਸਟ ਕਰ ਚੁੱਕੀ ਹੈ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਕੈਂਡੀਰੂ ਦਾ ਖ਼ਤਰਨਾਕ ਜਾਸੂਸੀ ਸਾਫ਼ਟਵੇਅਰ ਲੋਕਾਂ ਦੇ ਡਿਵਾਈਸਾਂ ’ਚ ਚੁੱਪਚਾਪ ਪਹੁੰਚਾ ਦਿੱਤਾ ਜਾਂਦਾ ਸੀ।
ਕਿੰਨਾ ਵੱਡਾ ਸੀ ਜਾਸੂਸੀ ਦਾ ਇਹ ਨੈੱਟਵਰਕ? ਇਸ ਮਾਮਲੇ ’ਚ ਕੌਨਫਿਐਂਟ ਦੇ ਸਹਿ-ਸੰਸਥਾਪਕ ਜੇਰੋਮ ਡੰਗੂ ਅਨੁਸਾਰ, ਡਿਸਕਵਰ-ਟੈਕ ਹਰ ਰੋਜ਼ ਦੁਨੀਆ ਭਰ ’ਚ ਘੱਟੋ-ਘੱਟ ਇੱਕ ਕਰੋੜ ਇਸ਼ਤਿਹਾਰ ਪ੍ਰਸਾਰਿਤ ਕਰਦੀ ਸੀ। ‘ਕੂਕੀ ਮੈਚਿੰਗ’ ਤਕਨੀਕ ਰਾਹੀਂ ਇਹ ਕੰਪਨੀ ਇਸ਼ਤਿਹਾਰਾਂ ਦੀ ਪਹੁੰਚ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਵੀ ਟਰੈਕ ਕਰਦੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਪੂਰੇ ਜਾਲ ਕਾਰਨ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ।
ਦੁਨੀਆ ਦੇ ਸੰਵੇਦਨਸ਼ੀਲ ਅਦਾਰੇ ਵੀ ਆਏ ਲਪੇਟ ’ਚ ਜ਼ਿਕਰਯੋਗ ਹੈ ਕਿ ਇਨ੍ਹਾਂ ਖ਼ਤਰਨਾਕ ਇਸ਼ਤਿਹਾਰਾਂ ਦੀ ਪਹੁੰਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਤੇ ਸੰਵੇਦਨਸ਼ੀਲ ਨੈੱਟਵਰਕਾਂ ਤੱਕ ਵੀ ਸੀ। ਇਨ੍ਹਾਂ ’ਚ ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ, ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA), ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC), ਸੰਯੁਕਤ ਰਾਸ਼ਟਰ (UN), ਨਾਟੋ (NATO) ਤੇ ਯੂਰਪੀ ਕਮਿਸ਼ਨ ਦੇ ਨਾਲ-ਨਾਲ ਐਨਵੀਡੀਆ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਵੀ ਸ਼ਾਮਲ ਹਨ।
ਫਲਸਤੀਨੀ ਇਲਾਕਿਆਂ ’ਤੇ ਸੀ ਖ਼ਾਸ ਨਜ਼ਰ ਖੋਜਕਰਤਾਵਾਂ ਨੇ ਦੱਸਿਆ ਕਿ ਫਲਸਤੀਨੀ ਇਲਾਕਿਆਂ ’ਚ ਇਨ੍ਹਾਂ ਇਸ਼ਤਿਹਾਰਾਂ ਦੀ ਭਰਮਾਰ ਸੀ। ਉੱਥੋਂ ਦੀਆਂ ਲਗਪਗ ਹਰ ਵੈੱਬਸਾਈਟ ’ਤੇ ਡਿਸਕਵਰ-ਟੈਕ ਦਾ ਕੋਈ ਨਾ ਕੋਈ ਇਸ਼ਤਿਹਾਰ ਮਿਲ ਜਾਂਦਾ ਸੀ। ਇਸ ਨਾਲ ਇਸ ਇਜ਼ਰਾਈਲੀ ਕੰਪਨੀ ਨੂੰ ਪੂਰੇ ਇਲਾਕੇ ਦੀਆਂ ਡਿਜੀਟਲ ਗਤੀਵਿਧੀਆਂ ’ਤੇ ਨਜ਼ਰ ਰੱਖਣ ’ਚ ਮਦਦ ਮਿਲਦੀ ਸੀ।
ਇੰਨਾ ਹੀ ਨਹੀਂ, ਸਿਟੀਜ਼ਨ ਲੈਬ ਨੇ ਪੁਸ਼ਟੀ ਕੀਤੀ ਹੈ ਕਿ ਡਿਸਕਵਰ-ਟੈਕ ਦੇ ਇਸ਼ਤਿਹਾਰਾਂ ਰਾਹੀਂ ਭੇਜੇ ਗਏ ਸਪਾਈਵੇਅਰ ਦੀ ਮਦਦ ਨਾਲ ਸਾਲ 2024 ਤੋਂ 2025 ਦੇ ਵਿਚਕਾਰ ਕਤਰ ਦੇ ਪ੍ਰਸਿੱਧ ਮੀਡੀਆ ਅਦਾਰੇ ‘ਅਲ-ਜਜ਼ੀਰਾ’ ਦੇ 45 ਵਿੰਡੋਜ਼ ਡਿਵਾਈਸਾਂ ਨੂੰ ਨਿਸ਼ਾਨਾ ਬਣਾ ਕੇ ਹੈਕ ਕੀਤਾ ਗਿਆ ਸੀ।
ਹੁਣ ਕੀ ਕਾਰਵਾਈ ਕੀਤੀ ਗਈ?
ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਜਾਸੂਸੀ ਦੇ ਇਸ ਨੈੱਟਵਰਕ ਵਿਰੁੱਧ ਕਾਰਵਾਈ ਸ਼ੁਰੂ ਹੋ ਗਈ ਹੈ। ਗੂਗਲ ਦੀ ਕਾਰਵਾਈ: ਗੂਗਲ ਨੇ ਸਿਟੀਜ਼ਨ ਲੈਬ ਤੇ ਕੌਨਫਿਐਂਟ ਦੀ ਜਾਂਚ ’ਚ ਸਹਿਯੋਗ ਕਰਦਿਆਂ ਡਿਸਕਵਰ-ਟੈਕ ਨੂੰ ਆਪਣੀਆਂ ਨੀਤੀਆਂ ਦੀ ਵਾਰ-ਵਾਰ ਉਲੰਘਣਾ ਕਰਨ ਦੇ ਦੋਸ਼ ਹੇਠ ਆਪਣੇ ਇਸ਼ਤਿਹਾਰਬਾਜ਼ੀ ਪਲੇਟਫਾਰਮ ਤੋਂ ਬਾਹਰ ਕਰ ਦਿੱਤਾ ਹੈ। ਇੰਡਸਟਰੀ ਵੱਲੋਂ ਪਾਬੰਦੀ: ਯੂਰਪੀ ਡਿਜੀਟਲ ਮਾਰਕੀਟਿੰਗ ਸੰਗਠਨ ਨੇ ਵੀ ਆਡਿਟ ਤੋਂ ਬਾਅਦ ਡਿਸਕਵਰ-ਟੈਕ ਨੂੰ ਆਪਣੇ ਮਨਜ਼ੂਰਸ਼ੁਦਾ ਵਿਕਰੇਤਾਵਾਂ ਦੀ ਸੂਚੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਕੌਮਕਾਸਟ ਦੀ ਕਾਰਵਾਈ: ਕੌਮਕਾਸਟ ਦੀ ਇਸ਼ਤਿਹਾਰਬਾਜ਼ੀ ਤਕਨੀਕ ਕੰਪਨੀ ‘ਬੀਜ਼ਵੈਕਸ’ (Beeswax) ਨੇ ਵੀ ਆਪਣੇ ਪਲੇਟਫਾਰਮ ਤੋਂ ਇਸ ਫਰਮ ਨੂੰ ਹਟਾ ਦਿੱਤਾ ਹੈ।