ਢਿੱਡ ਦੀ ਅੱਗ ਬੁਝਾਉਣ ਲਈ ਸਰੀਰ ਦਾ ਸੌਦਾ! ਗ਼ਰੀਬੀ ਤੋਂ ਹਾਰੇ ਲੋਕ ਕਿਡਨੀ ਤੇ ਬੋਨ ਮੈਰੋ ਵੇਚ ਕੇ ਚਲਾ ਰਹੇ ਨੇ ਘਰ ਦਾ ਗੁਜ਼ਾਰਾ
ਸਭ ਤੋਂ ਵੱਧ ਇਸ਼ਤਿਹਾਰ ਗੁਰਦੇ ਵੇਚਣ ਲਈ ਦਿੱਤੇ ਗਏ ਸਨ, ਜੋ 498 ਸੂਚੀਆਂ ਵਿੱਚ ਸ਼ਾਮਲ ਸਨ। ਬੋਨ ਮੈਰੋ ਲਈ 279 ਇਸ਼ਤਿਹਾਰ ਸਨ। ਇਸ ਤੋਂ ਬਾਅਦ ਲਿਵਰ ਲਈ 51, ਅੰਡਕੋਸ਼ ਲਈ 15 ਅਤੇ ਅੱਖਾਂ ਦੀ ਪੁਤਲੀ ਲਈ 2 ਇਸ਼ਤਿਹਾਰ ਦਿੱਤੇ ਗਏ ਸਨ।
Publish Date: Sun, 15 Nov 2026 04:05 PM (IST)
Updated Date: Sun, 15 Nov 2026 04:22 PM (IST)
ਡਿਜੀਟਲ ਡੈਸਕ, ਤਹਿਰਾਨ : ਈਰਾਨ ਵਿੱਚ ਡੂੰਘਾ ਹੁੰਦਾ ਆਰਥਿਕ ਸੰਕਟ ਹੁਣ ਲੋਕਾਂ ਨੂੰ ਬੇਹੱਦ ਮਜਬੂਰ ਕਰ ਰਿਹਾ ਹੈ। ਕਰਜ਼ਾ ਚੁਕਾਉਣ ਅਤੇ ਘਰ ਦਾ ਖ਼ਰਚਾ ਚਲਾਉਣ ਲਈ ਕਈ ਲੋਕ ਆਪਣੇ ਸਰੀਰ ਦੇ ਅੰਗ ਅਤੇ ਟਿਸ਼ੂ ਤੱਕ ਵੇਚਣ ਦੀ ਪੇਸ਼ਕਸ਼ ਕਰ ਰਹੇ ਹਨ। ਗੁਰਦੇ, ਬੋਨ ਮੈਰੋ, ਅੰਡਕੋਸ਼ ਅਤੇ ਅੱਖਾਂ ਦੀ ਪੁਤਲੀ ਤੱਕ ਵੇਚਣ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਅਤੇ ਸਥਾਨਕ ਨੈੱਟਵਰਕਾਂ 'ਤੇ ਸਾਹਮਣੇ ਆਉਣ ਲੱਗੇ ਹਨ।
'ਈਰਾਨ ਇੰਟਰਨੈਸ਼ਨਲ' ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਅਜਿਹਾ ਆਨਲਾਈਨ ਬਾਜ਼ਾਰ ਵਧ ਰਿਹਾ ਹੈ, ਜਿੱਥੇ ਆਰਥਿਕ ਤੰਗੀ ਨਾਲ ਜੂਝ ਰਹੇ ਈਰਾਨੀ ਲੋਕ ਆਪਣੇ ਸਰੀਰ ਦੇ ਅੰਗ ਵੇਚਣ ਲਈ ਇਸ਼ਤਿਹਾਰ ਦੇ ਰਹੇ ਹਨ।
ਈਰਾਨ 'ਚ ਆਰਥਿਕ ਸੰਕਟ ਕਾਰਨ ਅੰਗ ਵੇਚਣ ਲਈ ਮਜਬੂਰ ਲੋਕ ਕੁਝ ਲੋਕ ਤਾਂ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਲਈ ਆਪਣੇ ਮਹੱਤਵਪੂਰਨ ਅੰਗ ਤੱਕ ਵੇਚਣ ਲਈ ਤਿਆਰ ਹਨ। ਇਹ ਸਥਿਤੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਈਰਾਨ ਕਈ ਪਾਸਿਆਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿੱਚ ਮੱਧ ਪੂਰਬ ਵਿੱਚ ਚੱਲ ਰਿਹਾ ਸੰਘਰਸ਼, ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਅਤੇ ਸਖ਼ਤ ਪਾਬੰਦੀਆਂ ਸ਼ਾਮਲ ਹਨ।
ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਕਦੋਂ ਘੱਟ ਹੋਵੇਗਾ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਅਜਿਹੇ ਵਿੱਚ ਲੰਬੇ ਸਮੇਂ ਤੱਕ ਬਣੀ ਰਹਿਣ ਵਾਲੀ ਆਰਥਿਕ ਅਨਿਸ਼ਚਿਤਤਾ ਦਾ ਆਮ ਈਰਾਨੀ ਲੋਕਾਂ 'ਤੇ ਕੀ ਅਸਰ ਪਵੇਗਾ, ਇਸ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ।
'ਅਲ ਜਜ਼ੀਰਾ' ਦੀ ਰਿਪੋਰਟ ਮੁਤਾਬਕ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਦਬਾਅ ਅਣਮਿੱਥੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ। ਉਨ੍ਹਾਂ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਈਰਾਨ ਦੀ ਆਰਥਿਕਤਾ ਹੋਰ ਵੀ ਖ਼ਰਾਬ ਹੋ ਸਕਦੀ ਹੈ।
ਸੋਸ਼ਲ ਮੀਡੀਆ 'ਤੇ ਅੰਗ ਵੇਚਣ ਸਬੰਧੀ ਦੇ ਰਹੇ ਇਸ਼ਤਿਹਾਰ 'ਈਰਾਨ ਇੰਟਰਨੈਸ਼ਨਲ' ਨੇ ਮਈ ਦੇ ਅਖੀਰ ਤੋਂ ਅਕਤੂਬਰ ਦੇ ਅਖੀਰ ਵਿਚਾਲੇ ਇੱਕ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤੇ ਗਏ 600 ਤੋਂ ਵੱਧ ਇਸ਼ਤਿਹਾਰਾਂ ਦੀ ਜਾਂਚ ਕੀਤੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਹਰ ਤਿੰਨ ਵਿੱਚੋਂ ਲਗਪਗ ਇੱਕ ਇਸ਼ਤਿਹਾਰ ਵਿੱਚ ਇੱਕ ਤੋਂ ਵੱਧ ਅੰਗ ਜਾਂ ਸਰੀਰ ਦੇ ਟਿਸ਼ੂ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ।
ਸਭ ਤੋਂ ਵੱਧ ਇਸ਼ਤਿਹਾਰ ਗੁਰਦੇ ਵੇਚਣ ਲਈ ਦਿੱਤੇ ਗਏ ਸਨ, ਜੋ 498 ਸੂਚੀਆਂ ਵਿੱਚ ਸ਼ਾਮਲ ਸਨ। ਬੋਨ ਮੈਰੋ ਲਈ 279 ਇਸ਼ਤਿਹਾਰ ਸਨ। ਇਸ ਤੋਂ ਬਾਅਦ ਲਿਵਰ ਲਈ 51, ਅੰਡਕੋਸ਼ ਲਈ 15 ਅਤੇ ਅੱਖਾਂ ਦੀ ਪੁਤਲੀ ਲਈ 2 ਇਸ਼ਤਿਹਾਰ ਦਿੱਤੇ ਗਏ ਸਨ।
142 ਸੂਚੀਆਂ ਵਿੱਚ ਵੇਚਣ ਵਾਲਿਆਂ ਨੇ ਗੁਰਦੇ ਅਤੇ ਬੋਨ ਮੈਰੋ ਦੋਵਾਂ ਦੀ ਪੇਸ਼ਕਸ਼ ਕੀਤੀ ਸੀ, ਜਦਕਿ 26 ਹੋਰ ਇਸ਼ਤਿਹਾਰਾਂ ਵਿੱਚ ਗੁਰਦਾ, ਬੋਨ ਮੈਰੋ ਅਤੇ ਲਿਵਰ ਤਿੰਨੇ ਇੱਕੋ ਸਮੇਂ ਵੇਚਣ ਦੀ ਗੱਲ ਕਹੀ ਗਈ ਸੀ।
ਕੁਝ ਇਸ਼ਤਿਹਾਰਾਂ ਨੂੰ ਦੇਖ ਕੇ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਅੰਗ ਵੇਚਣ ਦੀ ਪੇਸ਼ਕਸ਼ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਮੈਡੀਕਲ ਪ੍ਰਕਿਰਿਆਵਾਂ ਦੀ ਪੂਰੀ ਜਾਣਕਾਰੀ ਹੈ, ਜਿਨ੍ਹਾਂ ਬਾਰੇ ਉਹ ਗੱਲ ਕਰ ਰਹੇ ਹਨ।
'ਅਲ ਜਜ਼ੀਰਾ' ਮੁਤਾਬਕ, ਰੂਬੀਓ ਨੇ ਪੈਰਿਸ ਵਿੱਚ G7 ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਕਿਹਾ ਕਿ ਜਲ ਸੈਨਾ ਦੀ ਨਾਕਾਬੰਦੀ, ਸਖ਼ਤ ਪਾਬੰਦੀਆਂ ਅਤੇ ਜ਼ਮੀਨੀ ਵਪਾਰ ਵਿੱਚ ਰੁਕਾਵਟਾਂ ਬਿਨਾਂ ਕਿਸੇ ਨਿਰਧਾਰਤ ਸਮਾਂ-ਸੀਮਾ ਦੇ ਜਾਰੀ ਰਹਿ ਸਕਦੀਆਂ ਹਨ।
ਅਮਰੀਕੀ ਪਾਬੰਦੀਆਂ ਤੇ ਸੰਘਰਸ਼ਾਂ ਕਾਰਨ ਆਰਥਿਕਤਾ ਪ੍ਰਭਾਵਿਤ ਤਹਿਰਾਨ ਦੇ ਅਰਥਸ਼ਾਸਤਰੀ ਇਸਹਾਕ ਸੈਡਿਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਰਥਿਕ ਘੇਰਾਬੰਦੀ ਕਾਰਨ ਈਰਾਨ ਦੀ ਤੇਲ ਤੋਂ ਹੋਣ ਵਾਲੀ ਆਮਦਨ ਲਗਪਗ ਜ਼ੀਰੋ ਹੋ ਜਾਂਦੀ ਹੈ ਤਾਂ ਸਰਕਾਰ ਨੂੰ ਆਪਣੇ ਹਾਲੀਆ ਇਤਿਹਾਸ ਦੇ ਸਭ ਤੋਂ ਮੁਸ਼ਕਲ ਦੌਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਚੁਣੌਤੀ ਸਿਰਫ਼ ਵਿਦੇਸ਼ੀ ਮੁਦਰਾ ਦੀ ਕਮੀ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸ ਵਿੱਚ ਤਨਖ਼ਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਕਰਨਾ, ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣਾ ਅਤੇ ਵਧਦੀ ਮਹਿੰਗਾਈ ਨੂੰ ਰੋਕਣਾ ਵੀ ਸ਼ਾਮਲ ਹੋਵੇਗਾ।
ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦਾ ਪ੍ਰਸ਼ਾਸਨ ਲੰਬੇ ਸਮੇਂ ਤੱਕ ਪਾਬੰਦੀਆਂ ਜਾਰੀ ਰਹਿਣ ਦੀ ਸੰਭਾਵਨਾ ਲਈ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਈਰਾਨੀ ਅਧਿਕਾਰੀਆਂ ਨੇ ਆਰਥਿਕਤਾ ਦੇ ਪੂਰੀ ਤਰ੍ਹਾਂ ਡਿੱਗਣ ਦੀਆਂ ਚਿੰਤਾਵਾਂ ਨੂੰ ਖਾਰਜ ਕੀਤਾ ਹੈ। ਇਸ ਦੌਰਾਨ ਫ਼ੌਜੀ ਤਣਾਅ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
IRGC ਨੇ ਬਹਿਰੀਨ ਵਿੱਚ ਅਮਰੀਕੀ ਹਵਾਈ ਰੱਖਿਆ ਰਡਾਰ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਉੱਥੇ ਹੀ ਈਰਾਨੀ ਫ਼ੌਜਾਂ ਨੇ ਇਹ ਵੀ ਦੱਸਿਆ ਹੈ ਕਿ ਹੋਰਮੁਜ਼ ਜਲਡਮਰੂ ਦੇ ਨੇੜੇ ਸਮੁੰਦਰੀ ਬਾਰੂਦੀ ਸੁਰੰਗਾਂ ਨਾਲ ਟਕਰਾਉਣ ਤੋਂ ਬਾਅਦ ਤੇਲ ਟੈਂਕਰਾਂ ਵਿੱਚ ਅੱਗ ਲੱਗ ਗਈ।