'ਹਵਾ 'ਚ ਉੱਡੀ ਤੇ ਗੋਲ-ਗੋਲ ਘੁੰਮੀ...', ਐਲਨ ਮਸਕ ਨੇ ਦਿਖਾਈ ਟੇਸਲਾ ਦੀ ਫਲਾਇੰਗ ਕਾਰ; ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸ਼ਾਨਦਾਰ ਵੀਡੀਓ ਦੁਨੀਆ ਤਕਨਾਲੋਜੀ ਦੇ ਖੇਤਰ 'ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅਜਿਹੇ 'ਚ ਆਉਣ ਵਾਲੇ ਸਮੇਂ ਦੌਰਾਨ ਜੇਕਰ ਅਸਮਾਨ 'ਚ ਉੱਡਣ ਵਾਲੀਆਂ ਕਾਰਾਂ ਨਜ਼ਰ ਆਉਣ ਤਾਂ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਇਸੇ ਦਿਸ਼ਾ 'ਚ ਟੈਸਲਾ ਨੇ ਆਪਣੀ ਫਲਾਇੰਗ ਕਾਰ ਦੀ ਤਕਨੀਕ ਦੀ ਝਲਕ ਦੁਨੀਆ ਸਾਹਮਣੇ ਪੇਸ਼ ਕੀਤੀ ਹੈ।
Publish Date: Fri, 16 Oct 2026 10:59 AM (IST)
Updated Date: Fri, 16 Oct 2026 11:00 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਦੁਨੀਆ ਤਕਨਾਲੋਜੀ ਦੇ ਖੇਤਰ 'ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅਜਿਹੇ 'ਚ ਆਉਣ ਵਾਲੇ ਸਮੇਂ ਦੌਰਾਨ ਜੇਕਰ ਅਸਮਾਨ 'ਚ ਉੱਡਣ ਵਾਲੀਆਂ ਕਾਰਾਂ ਨਜ਼ਰ ਆਉਣ ਤਾਂ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਇਸੇ ਦਿਸ਼ਾ 'ਚ ਟੈਸਲਾ ਨੇ ਆਪਣੀ ਫਲਾਇੰਗ ਕਾਰ ਦੀ ਤਕਨੀਕ ਦੀ ਝਲਕ ਦੁਨੀਆ ਸਾਹਮਣੇ ਪੇਸ਼ ਕੀਤੀ ਹੈ।
ਟੈਸਲਾ ਨੇ ‘ਉੱਡਣ ਵਾਲੀ ਕਾਰ’ ਦੇ ਸੰਕਲਪ ਨੂੰ ਹਕੀਕਤ ਦੇ ਇੱਕ ਕਦਮ ਹੋਰ ਨੇੜੇ ਲਿਆਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਇਸ ਨੂੰ ਆਮ ਲੋਕਾਂ ਦੀ ਵਰਤੋਂ ਲਈ ਉਪਲਬਧ ਹੋਣ 'ਚ ਅਜੇ ਕਾਫ਼ੀ ਸਮਾਂ ਲੱਗ ਸਕਦਾ ਹੈ।
ਐਲਨ ਮਸਕ ਦੀ ਫਲਾਇੰਗ ਕਾਰ ਨੇ ਦਿਖਾਏ ਹੈਰਾਨੀਜਨਕ ਕਰਤੱਬ
ਟੈਕਸਸ ਦੇ ਮੈਕਗ੍ਰੇਗਰ 'ਚ 15 ਅਕਤੂਬਰ ਨੂੰ ਇੱਕ ਸਮਾਗਮ ਹੋਇਆ। ਇਸ ਦੌਰਾਨ ਟੈਸਲਾ ਨੇ ਨਵੇਂ ਡਿਜ਼ਾਈਨ ਵਾਲੀ ਆਪਣੀ ਰੋਡਸਟਰ ਕਾਰ ਦਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਾਰ ਇੱਕ ਵਿਸ਼ੇਸ਼ ਰੈਂਪ ’ਤੇ ਉਲਟੀ ਚੱਲੀ। ਇਸ ਤੋਂ ਬਾਅਦ ਕਾਰ ਹਵਾ 'ਚ ਗੋਲ-ਗੋਲ ਘੁੰਮਦੀ ਰਹੀ ਅਤੇ ਕੁਝ ਸਮੇਂ ਤੱਕ ਹੈਰਾਨੀਜਨਕ ਕਰਤੱਬ ਦਿਖਾਉਣ ਮਗਰੋਂ ਸੁਰੱਖਿਅਤ ਢੰਗ ਨਾਲ ਹੇਠਾਂ ਉਤਰ ਗਈ।
ਇਹ ਸਟੰਟ ਉਸ ਤਕਨੀਕ ਦੀ ਝਲਕ ਦਿਖਾਉਂਦਾ ਹੈ, ਜਿਸ ਨੂੰ ਐਲਨ ਮਸਕ ਦੀ ਰਾਕੇਟ ਕੰਪਨੀ ਸਪੇਸਐਕਸ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ। ਐਲਨ ਮਸਕ ਨੇ ਇਸ ਰੋਡਸਟਰ ਕਾਰ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਵੀ ਸਾਂਝੀ ਕੀਤੀ। ਮਸਕ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਲੱਗਦਾ ਹੈ ਕਿ ਭਵਿੱਖ 'ਚ ਸੱਚਮੁੱਚ ਉੱਡਣ ਵਾਲੀਆਂ ਕਾਰਾਂ ਹੋਣਗੀਆਂ।”
ਇਸ ਨਵੇਂ ਡਿਜ਼ਾਈਨ ਵਾਲੇ ਰੋਡਸਟਰ 'ਚ ਸਪੇਸਐਕਸ ਵੱਲੋਂ ਤਿਆਰ ਕੀਤੇ ਗਏ ‘ਕੋਲਡ-ਗੈਸ ਥ੍ਰਸਟਰਜ਼’ ਲਗਾਏ ਗਏ ਹਨ। ਇਹ ਤਕਨੀਕ ਦਬਾਅ ਹੇਠਲੀ ਗੈਸ ਦੀ ਵਰਤੋਂ ਕਰਕੇ ਧੱਕਾ ਪੈਦਾ ਕਰਦੀ ਹੈ, ਜਿਸ ਨਾਲ ਵਾਹਨ ਨੂੰ ਗਤੀ ਦੇਣ 'ਚ ਮਦਦ ਮਿਲਦੀ ਹੈ।
2017 'ਚ ਪਹਿਲੀ ਵਾਰ ਸਾਹਮਣੇ ਆਈ ਸੀ ਰੋਡਸਟਰ
ਟੈਸਲਾ ਨੇ ਆਪਣੀ ਅਗਲੀ ਪੀੜ੍ਹੀ ਦੀ ਰੋਡਸਟਰ ਕਾਰ ਦਾ ਐਲਾਨ ਪਹਿਲੀ ਵਾਰ ਨਵੰਬਰ 2017 'ਚ ਕੀਤਾ ਸੀ। ਉਸ ਸਮੇਂ ਉਮੀਦ ਸੀ ਕਿ ਇਸ ਦਾ ਉਤਪਾਦਨ ਕਾਫ਼ੀ ਪਹਿਲਾਂ ਸ਼ੁਰੂ ਹੋ ਜਾਵੇਗਾ। ਪਰ ਇਸ ਪ੍ਰਾਜੈਕਟ 'ਚ ਵਾਰ-ਵਾਰ ਦੇਰੀ ਹੋਣ ਕਾਰਨ ਗਾਹਕਾਂ ਨੂੰ ਇਸ ਇਲੈਕਟ੍ਰਿਕ ਸਪੋਰਟਸ ਕਾਰ ਲਈ ਸਾਲਾਂ ਤੱਕ ਉਡੀਕ ਕਰਨੀ ਪਈ।
ਕੀ ਆਮ ਸੜਕਾਂ ’ਤੇ ਵੀ ਉੱਡ ਸਕੇਗੀ ਇਹ ਕਾਰ?
ਸਪੇਸਐਕਸ ਦੇ ਸਮਾਗਮ 'ਚ ਦਿਖਾਈ ਗਈ ਇਸ ਕਾਰ ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਨਿਯੰਤਰਿਤ ਹਾਲਾਤਾਂ 'ਚ ਕੀਤਾ ਗਿਆ। ਹਾਲਾਂਕਿ, ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਰੋਡਸਟਰ ਨੂੰ ਜਨਤਕ ਥਾਵਾਂ ’ਤੇ ਹਵਾ 'ਚ ਉੱਡਣ ਦੀ ਇਜਾਜ਼ਤ ਮਿਲ ਗਈ ਹੈ।
ਇਸ ਲਈ ਫਿਲਹਾਲ ਇਸ ਨੂੰ ਆਮ ਵਰਤੋਂ ਵਾਲੀ ਫਲਾਇੰਗ ਕਾਰ ਕਹਿਣਾ ਜਲਦਬਾਜ਼ੀ ਹੋਵੇਗੀ। ਫਿਰ ਵੀ, ਇਸ ਪ੍ਰਦਰਸ਼ਨ ਨੇ ਭਵਿੱਖ ਦੀ ਆਵਾਜਾਈ ਅਤੇ ਕਾਰਾਂ ਦੀ ਤਕਨਾਲੋਜੀ ਨੂੰ ਲੈ ਕੇ ਲੋਕਾਂ 'ਚ ਦਿਲਚਸਪੀ ਵਧਾ ਦਿੱਤੀ ਹੈ।