- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ’ਚ ਜਲਾਵਤਨੀ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 16 ਦਸੰਬਰ, 2026 ਨੂੰ ਆਪਣੇ ਦੇਸ਼ ਪਰਤਣ ਦਾ ਐਲਾਨ ਕੀਤਾ ਹੈ।

ਜੈਪ੍ਰਕਾਸ਼ ਰੰਜਨ, ਜਾਗਰਣ, ਨਵੀਂ ਦਿੱਲੀ : ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ’ਚ ਜਲਾਵਤਨੀ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 16 ਦਸੰਬਰ, 2026 ਨੂੰ ਆਪਣੇ ਦੇਸ਼ ਪਰਤਣ ਦਾ ਐਲਾਨ ਕੀਤਾ ਹੈ। 16 ਦਸੰਬਰ ਨੂੰ ਬੰਗਲਾਦੇਸ਼ ’ਚ 1971 ਦੀ ਆਜ਼ਾਦੀ ਦੀ ਜੰਗ ਦੌਰਾਨ ਪਾਕਿਸਤਾਨੀ ਫ਼ੌਜ ਦੀ ਹਾਰ ਤੇ ਆਜ਼ਾਦ ਮੁਲਕ ਵਜੋਂ ਉਭਰਨ ਦੀ ਯਾਦ ’ਚ ਜਿੱਤ ਦਿਵਸ ਮਨਾਇਆ ਜਾਂਦਾ ਹੈ। ਹਸੀਨਾ ਦੇ ਐਲਾਨ ਮਗਰੋਂ ਬੰਗਲਾਦੇਸ਼ ਨੇ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਵਾਪਸੀ ਆਸਾਨ ਨਹੀਂ ਹੋਵੇਗੀ। ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਕਿਹਾ ਕਿ ਉਹ ਭਾਰਤ ਤੋਂ ਸਿਰਫ਼ ਹਵਾਲਗੀ ਰਾਹੀਂ ਅਤੇ ਹੱਥਾਂ ’ਚ ਹੱਥਕੜੀਆਂ ਪਾ ਕੇ ਹੀ ਪਰਤ ਸਕਦੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੱਪੜਾ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹੜਤਾਲ ਤੇ ਅੰਦੋਲਨ ਤੇ ਦੇਸ਼ ਦੇ ਕਈ ਹਿੱਸਿਆਂ ’ਚ ਅਵਾਮੀ ਲੀਗ ਦੇ ਸਮਰਥਕਾਂ ਦੇ ਧਰਨੇ-ਪ੍ਰਦਰਸ਼ਨਾਂ ਕਾਰਨ ਕਈ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਰਕਾਰ ਹਸੀਨਾ ਦੇ ਐਲਾਨ ਨਾਲ ਹੈਰਾਨ ਹੈ।
ਸ਼ੇਖ ਹਸੀਨਾ ਪਿਛਲੇ ਤਿੰਨ ਮਹੀਨਿਆਂ ਦੌਰਾਨ ਬੰਗਲਾਦੇਸ਼ ਪਰਤਣ ਬਾਰੇ ਕਈ ਵਾਰ ਬਿਆਨ ਦੇ ਚੁੱਕੀ ਹੈ। ‘ਦੈਨਿਕ ਜਾਗਰਣ’ ਨੂੰ ਦਿੱਤੀ ਇੰਟਰਵਿਊ ’ਚ ਵੀ ਉਨ੍ਹਾਂ ਨੇ ਇਸ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਆਪਣੇ ਵਕੀਲ ਰਾਹੀਂ 9 ਅਤੇ 19 ਨਵੰਬਰ ਨੂੰ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਤੋਂ ਲੋੜੀਂਦੇ ਯਾਤਰਾ ਦਸਤਾਵੇਜ਼ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਹਸੀਨਾ ਦੇ ਬੁਲਾਰੇ ਸਈਅਦ ਮੁਜ਼ਮਿਲ ਅਲੀ ਨੇ ਦੱਸਿਆ ਕਿ ਉਨ੍ਹਾਂ ਦੀ ਵਾਪਸੀ 16 ਦਸੰਬਰ ਨੂੰ ਬੰਗਲਾਦੇਸ਼ ਦੇ ਜਿੱਤ ਦਿਵਸ ਮੌਕੇ ਹੋਵੇਗੀ। ਉਨ੍ਹਾਂ ਨੇ ਤਾਰਿਕ ਰਹਿਮਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਬੰਗਲਾਦੇਸ਼ ਦੀ ਕੌਮੀ ‘ਬਿਮਾਨ ਏਅਰਲਾਈਨਜ਼’ ਰਾਹੀਂ ਹੀ ਵਾਪਸ ਆਉਣਗੇ। ਅਲੀ ਨੇ ਮੀਡੀਆ ਨੂੰ ਜਾਰੀ ਬਿਆਨ ’ਚ ਕਿਹਾ, ‘ਕਿਉਂਕਿ ਸ਼ੇਖ ਹਸੀਨਾ ਨੂੰ 5 ਅਗਸਤ, 2024 ਨੂੰ ਬੰਗਲਾਦੇਸ਼ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ, ਇਸ ਲਈ ਹੁਣ ਉਨ੍ਹਾਂ ਨੇ ਸਰਕਾਰ ਨੂੰ ਦਿੱਲੀ ਤੋਂ ਢਾਕਾ ਤੱਕ ਉਨ੍ਹਾਂ ਦੀ ਹਵਾਈ ਯਾਤਰਾ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਸੰਵਿਧਾਨ ਦੀ ਉਲੰਘਣਾ ਕਰ ਕੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਅਜਿਹੇ ਹਾਲਾਤ ’ਚ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ 16 ਦਸੰਬਰ, ਜਿੱਤ ਦਿਵਸ ਮੌਕੇ ਉਨ੍ਹਾਂ ਦੀ ਬੰਗਲਾਦੇਸ਼ ਵਾਪਸੀ ਯਕੀਨੀ ਬਣਾਏ।’
5 ਅਗਸਤ, 2024 ਨੂੰ ਵਿਦਿਆਰਥੀਆਂ ਦੀ ਅਗਵਾਈ ’ਚ ਹੋਏ ਵਿਦਰੋਹ ਤੋਂ ਬਾਅਦ ਹਸੀਨਾ ਭਾਰਤ ’ਚ ਰਹਿ ਰਹੀ ਹੈ। ਇਸ ਵਿਦਰੋਹ ਕਾਰਨ ਉਨ੍ਹਾਂ ਦੀ 15 ਸਾਲ ਪੁਰਾਣੀ ਸਰਕਾਰ ਡਿੱਗ ਗਈ ਸੀ। ਨਵੰਬਰ, 2025 ’ਚ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮਾਮਲੇ ’ਚ ਹਸੀਨਾ ਨੂੰ ਉਨ੍ਹਾਂ ਦੀ ਗ਼ੈਰ-ਮੌਜੂਦਗੀ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬੰਗਲਾਦੇਸ਼ ਭਾਰਤ ਤੋਂ ਉਨ੍ਹਾਂ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ, ਜਦਕਿ ਨਵੀਂ ਦਿੱਲੀ ਦਾ ਕਹਿਣਾ ਹੈ ਕਿ ਢਾਕਾ ਦੀ ਬੇਨਤੀ ਦੀ ਕਾਨੂੰਨੀ ਪ੍ਰਕਿਰਿਆ ਤਹਿਤ ਜਾਂਚ ਕੀਤੀ ਜਾ ਰਹੀ ਹੈ। ਇਹ ਮੁੱਦਾ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਕਾਰਨ ਬਣਿਆ ਹੋਇਆ ਹੈ। ਹਸੀਨਾ ਨੇ ਦੋਸ਼ਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਬੰਗਲਾਦੇਸ਼ ਪਰਤ ਕੇ ਅਦਾਲਤ ਸਾਹਮਣੇ ਆਤਮ-ਸਮਰਪਣ ਕਰਨਾ ਚਾਹੁੰਦੀ ਹੈ।
ਹਸੀਨਾ ਦੇ ਐਲਾਨ ’ਤੇ ਮੰਗਲਵਾਰ ਨੂੰ ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਕਿਹਾ, ‘ਉਨ੍ਹਾਂ (ਹਸੀਨਾ) ਨੂੰ ਸਿਰਫ਼ ਹੱਥਕੜੀਆਂ ਲਾ ਕੇ ਜਾਂ ਸਖ਼ਤ ਨਿਗਰਾਨੀ ਹੇਠ ਹੀ ਵਾਪਸ ਲਿਆਂਦਾ ਜਾ ਸਕਦਾ ਹੈ। ਹਸੀਨਾ ਕੀ ਚਾਹੁੰਦੀ ਹੈ ਅਤੇ ਅਸਲ ’ਚ ਕੀ ਹੋ ਸਕਦਾ ਹੈ, ਇਨ੍ਹਾਂ ਦੋਵਾਂ ਵਿਚਾਲੇ ਫ਼ਰਕ ਸਮਝਣਾ ਪਵੇਗਾ।’ ਇਕ ਹੋਰ ਵਿਦੇਸ਼ ਰਾਜ ਮੰਤਰੀ ਸ਼ਮਾ ਓਬੈਦ ਇਸਲਾਮ ਨੇ ਕਿਹਾ ਕਿ ਸਰਕਾਰ ਹਸੀਨਾ ਨਾਲ ਉਨ੍ਹਾਂ ਕਾਨੂੰਨਾਂ ਅਨੁਸਾਰ ਹੀ ਵਿਹਾਰ ਕਰੇਗੀ, ਜੋ ਵਿਦੇਸ਼ ’ਚ ਰਹਿ ਰਹੇ ਕਿਸੇ ਹੋਰ ਦੋਸ਼ੀ ਭਗੌੜੇ ’ਤੇ ਲਾਗੂ ਹੁੰਦੇ ਹਨ। ਹਸੀਨਾ ਬੰਗਲਾਦੇਸ਼ ਦੀ ਸਰਹੱਦ ’ਚ ਜਿੱਥੇ ਵੀ ਦਾਖ਼ਲ ਹੋਵੇਗੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪ੍ਰਧਾਨ ਮੰਤਰੀ ਦੇ ਸੂਚਨਾ ਤੇ ਪ੍ਰਸਾਰਣ ਸਲਾਹਕਾਰ ਜ਼ਾਹਿਦ ਉਰ ਰਹਿਮਾਨ ਨੇ ਕਿਹਾ, ‘ਸ਼ੇਖ ਹਸੀਨਾ ਆਵੇਗੀ ਜਾਂ ਨਹੀਂ, ਇਸ ਬਾਰੇ ਉਨ੍ਹਾਂ ਨਾਲ ਚਰਚਾ ਨਹੀਂ ਹੋਣੀ। ਚਰਚਾ ਭਾਰਤ ਨਾਲ ਹੋਵੇਗੀ।’
ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਜਮਾਤ-ਏ-ਇਸਲਾਮੀ ਨੇ ਕਿਹਾ ਕਿ ਉਸ ਦੇ ਸੀਨੀਅਰ ਆਗੂ ਸ਼ਫ਼ੀਕੁਰ ਰਹਿਮਾਨ, ਪ੍ਰਧਾਨ ਮੰਤਰੀ ਰਹਿਮਾਨ ਨਾਲ ਗੱਲਬਾਤ ਲਈ ਆਸਟ੍ਰੇਲੀਆ ਅਤੇ ਮਲੇਸ਼ੀਆ ਦੀ ਯਾਤਰਾ ਅੱਧ ਵਿਚਾਲੇ ਛੱਡ ਕੇ ਬੰਗਲਾਦੇਸ਼ ਪਰਤ ਰਹੇ ਹਨ। ਜਮਾਤ ਦੀ ਚੋਣਾਂ ’ਚ ਸਹਿਯੋਗੀ ਨੌਜਵਾਨਾਂ ਦੀ ਅਗਵਾਈ ਵਾਲੀ ਨੈਸ਼ਨਲ ਸਟੂਡੈਂਟਸ ਪਾਰਟੀ (ਐੱਨਸੀਪੀ) ਨੇ ਕਿਹਾ ਕਿ ਹਸੀਨਾ ਦੇ ਦੇਸ਼ ਪਰਤਣ ’ਤੇ ਉਨ੍ਹਾਂ ਲਈ ਫਾਂਸੀ ਦਾ ਤਖ਼ਤਾ ਤਿਆਰ ਰੱਖਿਆ ਜਾਵੇਗਾ।
ਬਹਰਹਾਲ, ਹਸੀਨਾ ਦੇ ਐਲਾਨ ਨਾਲ ਭਾਰਤ-ਬੰਗਲਾਦੇਸ਼ ਸਬੰਧਾਂ ’ਤੇ ਹੋਰ ਦਬਾਅ ਪੈਣ ਦਾ ਖ਼ਦਸ਼ਾ ਹੈ। ਬੰਗਲਾਦੇਸ਼ ਸਰਕਾਰ ਇਸ ਨੂੰ ਭਾਰਤ ਦੇ ਲੁਕਵੇਂ ਸਮਰਥਨ ਵਜੋਂ ਦੇਖ ਸਕਦੀ ਹੈ ਅਤੇ ਕੂਟਨੀਤਕ ਰੇੜਕਾ ਹੋਰ ਡੂੰਘਾ ਹੋ ਸਕਦਾ ਹੈ। ਅਜਿਹੇ ’ਚ ਸਰਹੱਦੀ ਮਸਲੇ, ਪਾਣੀ ਦੀ ਵੰਡ, ਵਪਾਰ ਅਤੇ ਸੁਰੱਖਿਆ ਸਹਿਯੋਗ ਵਰਗੇ ਪਹਿਲਾਂ ਤੋਂ ਲਟਕਦੇ ਮੁੱਦਿਆਂ ’ਤੇ ਗੱਲਬਾਤ ਹੋਰ ਮੁਸ਼ਕਲ ਹੋ ਸਕਦੀ ਹੈ। ਹਸੀਨਾ ਦੀ ਵਾਪਸੀ ਦੀ ਕੋਸ਼ਿਸ਼ ਬੰਗਲਾਦੇਸ਼ ਦੀ ਅੰਦਰੂਨੀ ਸਿਆਸਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਅਵਾਮੀ ਲੀਗ ਦੇ ਸਮਰਥਕਾਂ ’ਚ ਉਤਸ਼ਾਹ ਵਧਣ ਅਤੇ ਰਹਿਮਾਨ ਸਰਕਾਰ ’ਤੇ ਦਬਾਅ ਵਧਣ ਨਾਲ ਦੇਸ਼ ’ਚ ਸਿਆਸੀ ਅਸਥਿਰਤਾ ਵਧਣ ਦਾ ਖ਼ਦਸ਼ਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਭਾਰਤ ਇਸ ਮਾਮਲੇ ’ਚ ਸਰਗਰਮ ਭੂਮਿਕਾ ਨਿਭਾਉਂਦਾ ਹੈ ਤਾਂ ਬੰਗਲਾਦੇਸ਼ ਇਸ ਨੂੰ ਦਖ਼ਲਅੰਦਾਜ਼ੀ ਸਮਝ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਭਰੋਸੇ ਦਾ ਪੱਧਰ ਹੋਰ ਡਿੱਗ ਸਕਦਾ ਹੈ। ਹਾਲ ਹੀ ’ਚ ਰਹਿਮਾਨ ਨੇ ਅੰਦਰੂਨੀ ਉਥਲ-ਪੁਥਲ ਲਈ ਅਸਿੱਧੇ ਤੌਰ ’ਤੇ ਭਾਰਤ ’ਤੇ ਦੋਸ਼ ਵੀ ਲਾਏ ਸਨ।
‘16 ਦਸੰਬਰ ਦੀ ਚੋਣ ਪ੍ਰਤੀਕਾਤਮਕ’
ਏਪੀ ਮੁਤਾਬਕ, ਹਸੀਨਾ ਦੇ ਸਹਿਯੋਗੀ ਅਬੂ ਓਬੈਦਾ ਆਰਿਨ ਨੇ ਕਿਹਾ, ‘ਇਹ ਬਹੁਤ ਹੀ ਪ੍ਰਤੀਕਾਤਮਕ ਹੈ ਕਿ ਉਨ੍ਹਾਂ ਨੇ ਬੰਗਲਾਦੇਸ਼ ਪਰਤਣ ਲਈ 16 ਦਸੰਬਰ, ਯਾਨੀ ਸਾਡੇ ਜਿੱਤ ਦਿਵਸ ਦਾ ਦਿਨ ਚੁਣਿਆ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਉਹ ਆਪਣੇ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਅਗਵਾਈ ਹੇਠ ਮਿਲੀ ਉਸ ਮਹਾਨ ਜਿੱਤ ਦਾ ਸਨਮਾਨ ਕਰਦਿਆਂ ਆਪਣੇ ਲੋਕਾਂ ਵਿਚਕਾਰ ਇਸ ਇਤਿਹਾਸਕ ਦਿਨ ਨੂੰ ਮਨਾਉਣਗੇ। ਸਾਨੂੰ ਪੂਰਾ ਯਕੀਨ ਹੈ ਕਿ ਉਹ ਜ਼ਰੂਰ ਪਰਤਣਗੇ ਅਤੇ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਬੰਗਲਾਦੇਸ਼ ਇਕ ਵਾਰ ਫਿਰ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਵੱਲ ਅੱਗੇ ਵਧੇਗਾ।’