'ਖਿੜਕੀਆਂ ਅਤੇ ਛੱਤਾਂ ਤੋਂ ਰਹੋ ਦੂਰ...': ਸਾਊਦੀ ਅਰਬ 'ਚ ਰਹਿ ਰਹੇ ਭਾਰਤੀਆਂ ਲਈ ਐਮਰਜੈਂਸੀ ਦਿਸ਼ਾ-ਨਿਰਦੇਸ਼ ਜਾਰੀ ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਅਰਬ ਵਿੱਚ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਮੱਦੇਨਜ਼ਰ ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਸਾਊਦੀ ਅਰਬ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਨਵੀਂ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ।
Publish Date: Sun, 18 Oct 2026 02:56 PM (IST)
Updated Date: Sun, 18 Oct 2026 02:57 PM (IST)
ਡਿਜੀਟਲ ਡੈਸਕ, ਰਿਆਧ : ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਅਰਬ ਵਿੱਚ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਮੱਦੇਨਜ਼ਰ ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਸਾਊਦੀ ਅਰਬ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਨਵੀਂ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ।
ਭਾਰਤੀ ਦੂਤਾਵਾਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਖ਼ਤਰਾ ਟਲਣ ਤੱਕ ਤੁਰੰਤ ਨੇੜਲੀ ਇਮਾਰਤ ਵਿੱਚ ਕਿਸੇ ਸੁਰੱਖਿਅਤ ਥਾਂ ’ਤੇ ਪਨਾਹ ਲੈਣ ਦੀ ਸਲਾਹ ਦਿੱਤੀ ਗਈ ਹੈ। ਦੂਤਾਵਾਸ ਨੇ ਕਿਹਾ, “ਬਿਹਤਰ ਹੋਵੇਗਾ ਕਿ ਤੁਸੀਂ ਖਿੜਕੀਆਂ ਤੋਂ ਦੂਰ ਘਰ ਦੇ ਅੰਦਰਲੇ ਕਮਰੇ ਵਿੱਚ ਰਹੋ। ਜਿਹੜੇ ਲੋਕ ਬਾਹਰ ਹਨ, ਉਹ ਤੁਰੰਤ ਕਿਸੇ ਨੇੜਲੀ ਇਮਾਰਤ ਵਿੱਚ ਚਲੇ ਜਾਣ ਜਾਂ ਕਿਸੇ ਮਜ਼ਬੂਤ ਕੰਧ ਦੇ ਪਿੱਛੇ ਲੁਕ ਜਾਣ।”
ਹੈਲਪਲਾਈਨ ਨੰਬਰ ਜਾਰੀ ਦੂਤਾਵਾਸ ਨੇ ਵਾਹਨ ਚਾਲਕਾਂ ਨੂੰ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਚੇਤਾਵਨੀ ਮਿਲਦੇ ਹੀ ਪੁਲਾਂ ਅਤੇ ਉੱਚੀਆਂ ਇਮਾਰਤਾਂ ਤੋਂ ਦੂਰ ਸੜਕ ਦੇ ਕਿਨਾਰੇ ਗੱਡੀ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਐਮਰਜੈਂਸੀ ਜਾਂ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਹੋਣ ’ਤੇ ਮੱਕਾ, ਮਦੀਨਾ, ਰਿਆਧ ਅਤੇ ਪੂਰਬੀ ਸੂਬੇ ਵਿੱਚ ਰਹਿਣ ਵਾਲੇ ਲੋਕ 911 ’ਤੇ ਕਾਲ ਕਰ ਸਕਦੇ ਹਨ, ਜਦਕਿ ਸਾਊਦੀ ਅਰਬ ਦੇ ਹੋਰ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ 998 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
10 ਅਕਤੂਬਰ ਦੇ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹਾਲ ਹੀ ਵਿੱਚ 10 ਅਕਤੂਬਰ ਨੂੰ ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਏ ਘਾਤਕ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਸਨ। ਇਸ ਘਟਨਾ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਨੇ ਸੁਰੱਖਿਆ ਸਬੰਧੀ ਚੇਤਾਵਨੀ ਮੁੜ ਜਾਰੀ ਕੀਤੀ ਹੈ।
10 ਅਕਤੂਬਰ ਦੇ ਹਮਲੇ ਤੋਂ ਬਾਅਦ ਦੂਤਾਵਾਸ ਨੇ ਸਾਊਦੀ ਅਰਬ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਹਵਾਈ ਹਮਲਿਆਂ ਦੌਰਾਨ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਸੀ।
ਇਸ ਦੇ ਨਾਲ ਹੀ ਲੋਕਾਂ ਨੂੰ ਚੱਲ ਰਹੀਆਂ ਘਟਨਾਵਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਤਸਵੀਰ ਜਾਂ ਵੀਡੀਓ ਬਣਾਉਣ, ਸਾਂਝੀ ਕਰਨ ਜਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਗਿਆ ਸੀ।