ਸਾਊਦੀ-ਯੂਏਈ ਲੱਭ ਰਹੇ ਹੋਰਮੁਜ਼ ਜਲਡਮਰੂਮੱਧ ਦਾ ਬਦਲ, ਭਾਰਤੀ ਕੰਪਨੀ EIL ਨੂੰ ਮਿਲ ਸਕਦਾ ਹੈ ਵੱਡਾ ਪ੍ਰਾਜੈਕਟ, ਕੰਪਨੀ ਨੇ ਖੋਲ੍ਹਿਆ ਸਾਊਦੀ ਅਰਬ ’ਚ ਦਫ਼ਤਰ ਪਬਲਿਕ ਸੈਕਟਰ ਦੀ ਕੰਪਨੀ ਇੰਜੀਨੀਅਰਜ਼ ਇੰਡੀਆ ਲਿਮਟਿਡ (EIL) ਸਾਊਦੀ ਅਰਬ ਤੇ ਯੂਏਈ ਨਾਲ ਤੇਲ ਤੇ ਗੈਸ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟਾਂ ਬਾਰੇ ਗੱਲਬਾਤ ਕਰ ਰਹੀ ਹੈ। ਇਸ ਦਾ ਮਕਸਦ ਹੋਰਮੁਜ਼ ਜਲਡਮਰੂਮੱਧ ’ਤੇ ਨਿਰਭਰਤਾ ਘਟਾਉਣਾ ਹੈ। ਖਾੜੀ ਦੇਸ਼ ਵਿਕਲਪਿਕ ਰਸਤਿਆਂ ਲਈ ਲਗਭਗ ਇੱਕ ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਨਾਲ EIL ਨੂੰ ਸਲਾਹਕਾਰੀ ਤੇ ਸੰਭਾਵਨਾ ਅਧਿਐਨ ਨਾਲ ਸਬੰਧਤ ਕੰਮ ਮਿਲਣ ਦੀ ਉਮੀਦ ਹੈ।
Publish Date: Sat, 19 Sep 2026 03:48 PM (IST)
Updated Date: Sat, 19 Sep 2026 03:51 PM (IST)
ਏਜੰਸੀ, ਨਵੀਂ ਦਿੱਲੀ : ਪਬਲਿਕ ਸੈਕਟਰ ਦੀ ਕੰਪਨੀ ਇੰਜੀਨੀਅਰਜ਼ ਇੰਡੀਆ ਲਿਮਟਿਡ (EIL) ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (UAE) ਨਾਲ ਤੇਲ ਤੇ ਗੈਸ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਲੈ ਕੇ ਸ਼ੁਰੂਆਤੀ ਗੱਲਬਾਤ ਕਰ ਰਹੀ ਹੈ। ਇਸ ਦਾ ਮਕਸਦ ਖਾੜੀ ਦੇਸ਼ਾਂ ਦੀ ‘ਹੋਰਮੁਜ਼ ਜਲਡਮਰੂਮੱਧ’ ’ਤੇ ਨਿਰਭਰਤਾ ਘਟਾਉਣਾ ਤੇ ਹੋਰ ਵਿਕਲਪਾਂ ਦੀ ਭਾਲ ਕਰਨਾ ਹੈ। ਈਰਾਨ ਨਾਲ ਜੁੜੇ ਟਕਰਾਅ ਕਾਰਨ ਹੋਰਮੁਜ਼ ਜਲਡਮਰੂਮੱਧ ਰਾਹੀਂ ਆਵਾਜਾਈ ’ਤੇ ਬਹੁਤ ਮਾੜਾ ਅਸਰ ਪਿਆ ਹੈ। ਈਆਈਐੱਲ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਤੁਲ ਗੁਪਤਾ ਨੇ ਕੰਪਨੀ ਦੀ ਸਾਲਾਨਾ ਆਮ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਊਦੀ ਅਰਬ ਤੇ ਯੂਏਈ ਵਿਕਲਪਿਕ ਰਸਤਿਆਂ ਰਾਹੀਂ ਕੱਚੇ ਤੇਲ ਤੇ ਪੈਟਰੋਲੀਅਮ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਲਗਭਗ ਇੱਕ ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾ ਰਹੇ ਹਨ। ਇਸ ਤਹਿਤ ਪਾਈਪਲਾਈਨ, ਭੰਡਾਰਨ ਸਹੂਲਤਾਂ, ਤੇਲ ਟਰਮੀਨਲ ਤੇ ਹੋਰ ਸਬੰਧਤ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਸਕਦਾ ਹੈ।
ਗੁਪਤਾ ਨੇ ਕਿਹਾ, “ਉਹ ਇਸ ਸਮੇਂ ਯੋਜਨਾ ਬਣਾਉਣ ਦੇ ਪੜਾਅ ’ਚ ਹਨ ਤੇ ਅਸੀਂ ਵੀ ਇਸੇ ਪੱਧਰ ’ਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ।” ਈਆਈਐੱਲ ਇਨ੍ਹਾਂ ਪ੍ਰਾਜੈਕਟਾਂ ਲਈ ਪ੍ਰਾਜੈਕਟ ਸਲਾਹਕਾਰੀ ਤੇ ਸੰਭਾਵਨਾ ਅਧਿਐਨ ਨਾਲ ਸਬੰਧਤ ਕੰਮ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਈਰਾਨ-ਅਮਰੀਕਾ ਸੰਘਰਸ਼ ਕਾਰਨ ਹੋਰਮੁਜ਼ ਜਲਡਮਰੂਮੱਧ ਰਾਹੀਂ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਰਸਤਾ ਦੁਨੀਆ ਦੇ ਪ੍ਰਮੁੱਖ ਊਰਜਾ ਆਵਾਜਾਈ ਮਾਰਗਾਂ ’ਚ ਸ਼ਾਮਲ ਹੈ। ਲੰਬੇ ਸਮੇਂ ਤੱਕ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੀ ਸੰਭਾਵਨਾ ਦੇ ਮੱਦੇਨਜ਼ਰ ਖਾੜੀ ਦੇ ਤੇਲ ਉਤਪਾਦਕ ਦੇਸ਼ ਵਿਕਲਪਿਕ ਬੁਨਿਆਦੀ ਢਾਂਚੇ ਤੇ ਨਿਰਯਾਤ ਮਾਰਗ ਵਿਕਸਿਤ ਕਰਨ ’ਤੇ ਵਿਚਾਰ ਕਰ ਰਹੇ ਹਨ।
ਗੁਪਤਾ ਨੇ ਕਿਹਾ ਕਿ ਸੰਘਰਸ਼ ਤੋਂ ਬਾਅਦ ਖੇਤਰ ’ਚੋਂ ਨਵੇਂ ਠੇਕੇ ਮਿਲਣ ਦੀ ਰਫ਼ਤਾਰ ਫਿਲਹਾਲ ਹੌਲੀ ਹੋ ਗਈ ਹੈ। ਹਾਲਾਂਕਿ, ਉਨ੍ਹਾਂ ਉਮੀਦ ਜਤਾਈ ਕਿ ਤੀਜੀ ਤੇ ਚੌਥੀ ਤਿਮਾਹੀ ’ਚ ਠੇਕੇ ਮਿਲਣ ਦੀ ਗਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੇ ਕੰਪਨੀ ਲਈ ਨਵੇਂ ਮੌਕੇ ਵੀ ਪੈਦਾ ਕੀਤੇ ਹਨ। ਈਆਈਐੱਲ ਲਈ ਪੱਛਮੀ ਏਸ਼ੀਆ ’ਚ ਆਰਡਰਾਂ ’ਚ ਆਈ ਸੁਸਤੀ ਮਹੱਤਵਪੂਰਨ ਹੈ, ਕਿਉਂਕਿ ਕੰਪਨੀ ਦੇ ਵਿਕਾਸ ’ਚ ਅੰਤਰਰਾਸ਼ਟਰੀ ਕਾਰੋਬਾਰ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਕੰਪਨੀ ਦੀ ਕੁੱਲ ਆਰਡਰ ਬੁੱਕ ’ਚ ਵਿਦੇਸ਼ੀ ਪ੍ਰਾਜੈਕਟਾਂ ਦੀ ਹਿੱਸੇਦਾਰੀ ਲਗਭਗ 43 ਫੀਸਦੀ ਹੈ।
ਵਿੱਤੀ ਸਾਲ 2025-26 ’ਚ ਕੰਪਨੀ ਨੂੰ ਮਿਲੇ ਨਵੇਂ ਕਾਰੋਬਾਰ ’ਚ ਅੰਤਰਰਾਸ਼ਟਰੀ ਸਲਾਹਕਾਰੀ ਸੇਵਾਵਾਂ ਦਾ ਯੋਗਦਾਨ ਲਗਭਗ 4,929 ਕਰੋੜ ਰੁਪਏ, ਯਾਨੀ ਕਰੀਬ 62 ਫੀਸਦੀ ਰਿਹਾ। ਈਆਈਐੱਲ ਦੀ ਪੱਛਮੀ ਏਸ਼ੀਆ ’ਚ ਮਜ਼ਬੂਤ ਮੌਜੂਦਗੀ ਹੈ। ਕੰਪਨੀ ਸਾਊਦੀ ਅਰਬ, ਯੂਏਈ, ਬਹਿਰੀਨ ਤੇ ਕੁਵੈਤ ’ਚ ਵੱਖ-ਵੱਖ ਪ੍ਰਾਜੈਕਟਾਂ ਤੇ ਕਾਰੋਬਾਰੀ ਗਤੀਵਿਧੀਆਂ ਨਾਲ ਜੁੜੀ ਹੋਈ ਹੈ। ਕੰਪਨੀ ਨੇ ਸਾਊਦੀ ਅਰਬ ’ਚ ਆਪਣਾ ਦਫ਼ਤਰ ਵੀ ਖੋਲ੍ਹਿਆ ਹੈ।