ਰੂਸੀ ਹਮਲਿਆਂ ’ਚ ਯੂਕਰੇਨ ’ਚ ਮਰਨ ਵਾਲਿਆਂ ਦੀ ਗਿਣਤੀ 32 ਹੋਈ, ਜ਼ੇਲੈਂਸਕੀ ਨੇ ਨਾਟੋ ਦੇਸ਼ਾਂ ਤੋਂ ਮਦਦ ਦੀ ਲਾਈ ਗੁਹਾਰ ਰੂਸ ਵੱਲੋਂ ਬੁੱਧਵਾਰ ਨੂੰ ਯੂਕਰੇਨ ’ਤੇ ਕੀਤੇ ਗਏ ਹਵਾਈ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਇਨ੍ਹਾਂ ਹਮਲਿਆਂ ’ਚ ਕਈ ਉਦਯੋਗਿਕ ਇਕਾਈਆਂ ਤੇ ਊਰਜਾ ਪਲਾਂਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਰੂਸੀ ਹਮਲੇ ਕਾਰਨ ਸਭ ਤੋਂ ਵੱਧ ਤਬਾਹੀ ਚੇਰਨੀਹੀਵ ਇਲਾਕੇ ਦੇ ਪ੍ਰਿਲੂਕੀ ’ਚ ਹੋਈ ਹੈ।
Publish Date: Fri, 09 Oct 2026 10:55 AM (IST)
Updated Date: Fri, 09 Oct 2026 10:57 AM (IST)
ਰਾਈਟਰਜ਼, ਕੀਵ। ਰੂਸ ਵੱਲੋਂ ਬੁੱਧਵਾਰ ਨੂੰ ਯੂਕਰੇਨ ’ਤੇ ਕੀਤੇ ਗਏ ਹਵਾਈ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਇਨ੍ਹਾਂ ਹਮਲਿਆਂ ’ਚ ਕਈ ਉਦਯੋਗਿਕ ਇਕਾਈਆਂ ਤੇ ਊਰਜਾ ਪਲਾਂਟਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਰੂਸੀ ਹਮਲਿਆਂ ਕਾਰਨ ਸਭ ਤੋਂ ਵੱਧ ਤਬਾਹੀ ਚੇਰਨੀਹੀਵ ਇਲਾਕੇ ਦੇ ਪ੍ਰਿਲੂਕੀ ’ਚ ਹੋਈ ਹੈ।
ਇੱਥੇ ਮਿਜ਼ਾਈਲ ਹਮਲੇ ਕਾਰਨ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਤਬਾਹ ਹੋ ਗਈ। ਇਸ ਹਮਲੇ ’ਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 54 ਜ਼ਖ਼ਮੀ ਹੋਏ ਹਨ। ਰਾਜਧਾਨੀ ਕੀਵ ’ਚ ਵੀ ਚਾਰ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਓਲੇਕਜ਼ੈਂਡਰੀਆ ਤੇ ਕ੍ਰੇਮੈਂਚੁਕ ’ਚ ਵੀ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਹਮਲਿਆਂ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਜ਼ਮੀਨੀ ਜੰਗ ਦੇ ਮੋਰਚਿਆਂ ’ਤੇ ਯੂਕਰੇਨੀ ਫ਼ੌਜ ਨੂੰ ਵੀ ਸੈਨਿਕਾਂ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 70 ਮਿਜ਼ਾਈਲਾਂ ਤੇ ਦਰਜਨਾਂ ਡਰੋਨਾਂ ਨਾਲ ਕੀਤੇ ਗਏ ਇਨ੍ਹਾਂ ਹਮਲਿਆਂ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸ ਦੇ ਜੈੱਟ ਇੰਜਣ ਨਾਲ ਚੱਲਣ ਵਾਲੇ 80 ਫ਼ੀਸਦੀ ਡਰੋਨਾਂ ਨੂੰ ਹਵਾ ’ਚ ਹੀ ਨਸ਼ਟ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਤੱਕ ਯੂਕਰੇਨ ਲਈ ਰੂਸੀ ਫ਼ੌਜ ਵੱਲੋਂ ਦਾਗੇ ਗਏ ਇਨ੍ਹਾਂ ਡਰੋਨਾਂ ਨੂੰ ਨਸ਼ਟ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਸੀ।
ਜ਼ੇਲੈਂਸਕੀ ਨੇ ਨਾਟੋ ਦੇਸ਼ਾਂ ਤੋਂ ਮੰਗੀ ਮਦਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਜੇ ਵੀ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਇਨ੍ਹਾਂ ਨੂੰ ਰੋਕਣ ਲਈ ਯੂਕਰੇਨ ਕੋਲ ਲੋੜੀਂਦੀਆਂ ਪੈਟ੍ਰਿਅਟ ਮਿਜ਼ਾਈਲਾਂ ਨਹੀਂ ਹਨ। ਜ਼ੇਲੈਂਸਕੀ ਨੇ ਰੂਸੀ ਹਮਲਿਆਂ ਤੋਂ ਦੇਸ਼ ਦੀ ਰੱਖਿਆ ਲਈ ਨਾਟੋ ਦੇਸ਼ਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਪ੍ਰਧਾਨ ਮੰਤਰੀ ਸਰਗੀ ਕੋਰੇਤਸਕੀ ਨੇ ਕਿਹਾ ਹੈ ਕਿ ਯੂਰਪੀ ਸੰਘ ਵੱਲੋਂ ਬੁੱਧਵਾਰ ਨੂੰ ਮਿਲੀ 1.34 ਅਰਬ ਡਾਲਰ ਦੀ ਆਰਥਿਕ ਸਹਾਇਤਾ ਨਾਲ ਯੂਕਰੇਨ ਆਪਣੇ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ।
ਯੂਕਰੇਨ ਨੇ ਵੀ ਰੂਸ ਦੇ ਚਾਰ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
ਇਸ ਦੌਰਾਨ ਯੂਕਰੇਨ ਨੇ ਵੀ ਰੂਸ ’ਚ ਦੋ ਤੇਲ ਟਿਕਾਣਿਆਂ ਸਮੇਤ ਚਾਰ ਥਾਵਾਂ ’ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ। ਹਾਲਾਂਕਿ, ਇਨ੍ਹਾਂ ਹਮਲਿਆਂ ’ਚ ਕਿਸੇ ਦੀ ਮੌਤ ਹੋਣ ਦੀ ਕੋਈ ਸੂਚਨਾ ਨਹੀਂ ਹੈ।