ਵਿਦੇਸ਼ਾਂ 'ਚ ਪੰਜਾਬੀ ਵਿਰਾਸਤ ਦਾ ਮਾਣ : ਮੈਲਬੌਰਨ 'ਚ ਸਿਮਰਨਜੀਤ ਸਿੰਘ ਨੇ ਸੁਰਜੀਤ ਪਾਤਰ ਨੂੰ ਕਲਾ ਰਾਹੀਂ ਦਿੱਤੀ ਸ਼ਰਧਾਂਜਲੀ
ਮੈਲਬੌਰਨ ਦੇ ਕੈਰੋਲਾਈਨ ਸਪ੍ਰਿੰਗਜ਼ ਦੀ ਲਾਇਬ੍ਰੇਰੀ ਵਿੱਚ ਮੈਲਟਨ ਸਿਟੀ ਕੌਂਸਲ ਵੱਲੋਂ ਆਯੋਜਿਤ “ਕਾੱਮਨ”ਕਲਾ ਪ੍ਰਦਰਸ਼ਨੀ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਤ ਸਥਾਨਕ ਕਲਾਕਾਰਾਂ ਦੀਆਂ ਕਲਾਵਾਂ ਦੇ ਨਾਲ ਨਾਲ ਪੰਜਾਬੀ ਸਾਹਿਤਕ ਵਿਰਾਸਤ ਦੀ ਵੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ।
Publish Date: Wed, 19 Aug 2026 03:27 PM (IST)
Updated Date: Wed, 19 Aug 2026 03:31 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਮੈਲਬੌਰਨ ਦੇ ਕੈਰੋਲਾਈਨ ਸਪ੍ਰਿੰਗਜ਼ ਦੀ ਲਾਇਬ੍ਰੇਰੀ ਵਿੱਚ ਮੈਲਟਨ ਸਿਟੀ ਕੌਂਸਲ ਵੱਲੋਂ ਆਯੋਜਿਤ “ਕਾੱਮਨ”ਕਲਾ ਪ੍ਰਦਰਸ਼ਨੀ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਤ ਸਥਾਨਕ ਕਲਾਕਾਰਾਂ ਦੀਆਂ ਕਲਾਵਾਂ ਦੇ ਨਾਲ ਨਾਲ ਪੰਜਾਬੀ ਸਾਹਿਤਕ ਵਿਰਾਸਤ ਦੀ ਵੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ। ਪ੍ਰਦਰਸ਼ਨੀ ਵਿੱਚ ਮੈਲਬੌਰਨ ਵਸਦੇ ਪੰਜਾਬੀ ਕਲਾਕਾਰ ਅਤੇ ਗੁਰਮੁਖੀ ਕੈਲੀਗ੍ਰਾਫਰ ਸਿਮਰਨਜੀਤ ਸਿੰਘ ਸਦਿਓਰਾ ਵੱਲੋਂ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਚਿੱਤਰ ਖ਼ਾਸ ਖਿੱਚ ਦਾ ਕੇਂਦਰ ਰਿਹਾ।
![naidunia_image]()
ਮੈਲਟਨ ਸਿਟੀ ਕੌਂਸਲ ਦੇ 2026 ਆਰਟਸ ਪਰੋਗਰਾਮ ਤਹਿਤ ਕਰਵਾਈ ਗਈ ਇਹ ਪਹਿਲੀ ਸਮੂਹਿਕ ਕਲਾ ਪ੍ਰਦਰਸ਼ਨੀ ਸੀ ਜਿਸ ਵਿੱਚ ਵੱਖ ਵੱਖ ਭਾਈਚਾਰਿਆਂ ਨਾਲ ਜੁੜੇ ਉੱਭਰਦੇ ਅਤੇ ਸਥਾਪਤ ਕਲਾਕਾਰਾਂ ਨੂੰ ਪੇਂਟਿੰਗ, ਡਰਾਇੰਗ ਅਤੇ ਫੋਟੋਗ੍ਰਾਫੀ ਸਮੇਤ ਵੱਖ ਵੱਖ ਕਲਾ ਵਿਧਾਵਾਂ ਰਾਹੀਂ ਆਪਣੀ ਕਲਾ ਪੇਸ਼ ਕਰਨ ਲਈ ਸਾਂਝਾ ਮੰਚ ਦਿੱਤਾ ਗਿਆ ਸੀ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਮੈਲਟਨ ਸਿਟੀ ਕੌਂਸਲ ਦੀ ਮੇਅਰ ਲਾਰਾ ਕਾਰਲੀ ਵੱਲੋਂ ਕੀਤਾ ਗਿਆ ਜਦਕਿ ਕੌਂਸਲ ਦੇ ਹੋਰ ਨੁਮਾਇੰਦੇ ਵੀ ਮੌਜੂਦ ਰਹੇ। ਜਦੋ ਕਿ ਫੈਡਰਲ ਮੈਂਬਰ ਪਾਰਲੀਮੈਂਟ ਐਲਿਸ ਜੌਰਡਨ ਬੇਅਰਡ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਤੇ ਸਿਮਰਨਜੀਤ ਦੀ ਕਲਾ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਮੋਕੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾ ਵਲੋਂ ਵੀ ਸਿਮਰਨਜੀਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਕਲਾ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਿਆਹੀ ਨਾਲ ਤਿਆਰ ਕੀਤੀ ਉਨ੍ਹਾਂ ਦੀ ਕਲਾਕ੍ਰਿਤੀ ਮਰਹੂਮ ਕਵੀ ਸੁਰਜੀਤ ਪਾਤਰ ਹੋਰਾਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਚਿੱਤਰ ਨਹੀਂ ਸਗੋਂ ਉਸ ਮਹਾਨ ਸਾਹਿਤਕ ਸ਼ਖ਼ਸੀਅਤ ਨੂੰ ਯਾਦ ਕਰਨ ਅਤੇ ਸਤਿਕਾਰ ਦੇਣ ਦਾ ਕਲਾਤਮਕ ਜ਼ਰੀਆ ਹੈ ਜਿਨ੍ਹਾਂ ਦੇ ਸਾਹਿਤ ਅਤੇ ਕਵਿਤਾਵਾਂ ਨੇ ਪੰਜਾਬੀਅਤ ਨੂੰ ਆਪਣੇ ਨਾਲ ਜੋੜਿਆ ਹੈ । ਮਨੁੱਖੀ ਭਾਵਨਾਵਾਂ, ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਜੀਵਨ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਡੂੰਘਾਈ ਨਾਲ ਪੇਸ਼ ਕਰਨ ਵਾਲੇ ਸੁਰਜੀਤ ਪਾਤਰ ਦਾ ਇਹ ਚਿੱਤਰ ਇਸ ਬਹੁ ਸੱਭਿਆਚਾਰਕ ਪ੍ਰਦਰਸ਼ਨੀ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਵਿਰਾਸਤ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਵੀ ਕਰਦਾ ਹੈ।
ਮੂਲ ਰੂਪ ਵਿੱਚ ਮੋਗਾ ਨਾਲ ਸਬੰਧਤ ਸਿਮਰਨਜੀਤ ਇਸ ਤੋਂ ਪਹਿਲਾਂ ਵੀ ਫੈਡਰਲ ਪਾਰਲੀਮੈਂਟ ਕੈਨਬਰਾ, ਪਾਰਲੀਮੈਂਟ ਆਫ ਵਿਕਟੋਰੀਆ ਅਤੇ ਮੈਲਬੌਰਨ ਵਿੱਚ ਹੋਈਆਂ ਆਸਟ੍ਰੇਲੀਅਨ ਸਿੱਖ ਖੇਡਾਂ ਸਮੇਤ ਕਈ ਪ੍ਰਮੁੱਖ ਭਾਈਚਾਰਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਆਪਣੀ ਕਲਾਵਾਂ ਦਾ ਪਰਦਰਸ਼ਨ ਕਰ ਚੁੱਕੇ ਹਨ।