ਰੂਸ ’ਚ ਟੁੱਟੀ ਹੋਈ ਟੈਸਟ ਟਿਊਬ ਤੋਂ ਫੈਲਿਆ ਨਿਊਮੋਨਿਕ ਪਲੇਗ, ਰਿਸਰਚਰ ਦੀ ਮੌਤ; ਕਈ ਲੋਕ ਕੁਆਰੰਟੀਨ
ਰੂਸ ’ਚ ਨਿਊਮੋਨਿਕ ਪਲੇਗ ਦੇ ਇਨਫੈਕਸ਼ਨ ਕਾਰਨ ਇੱਕ ਲੈਬ ਟੈਕਨੀਸ਼ੀਅਨ ਦੀ ਮੌਤ ਹੋ ਗਈ। ਸਾਵਧਾਨੀ ਦੇ ਤੌਰ ’ਤੇ ਉਸ ਦੇ ਸੰਪਰਕ ’ਚ ਆਏ 200 ਤੋਂ ਵੱਧ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
Publish Date: Mon, 05 Oct 2026 10:42 AM (IST)
Updated Date: Mon, 05 Oct 2026 10:44 AM (IST)
ਡਿਜੀਟਲ ਡੈਸਕ, ਮਾਸਕੋ : ਰੂਸ ਦੇ ਸਾਈਬੇਰੀਆਈ ਖੇਤਰ ਇਰਕੁਤਸਕ ’ਚ ਇੱਕ 28 ਸਾਲਾ ਮਹਿਲਾ ਲੈਬ ਟੈਕਨੀਸ਼ੀਅਨ ਦੀ ਕਥਿਤ ਤੌਰ ’ਤੇ ਪਲੇਗ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਸਾਵਧਾਨੀ ਦੇ ਤੌਰ ’ਤੇ ਘੱਟੋ-ਘੱਟ ਪੰਜ ਹਸਪਤਾਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ 200 ਤੋਂ ਵੱਧ ਲੋਕਾਂ ਨੂੰ ਕੁਆਰੰਟੀਨ ’ਚ ਰੱਖਿਆ ਗਿਆ ਹੈ। ਇਹ ਮਾਮਲਾ ਸ਼ੇਲੇਖੋਵ ਸਥਿਤ ਐਂਟੀ-ਪਲੇਗ ਰਿਸਰਚ ਇੰਸਟੀਚਿਊਟ ਦਾ ਹੈ। ਮ੍ਰਿਤਕਾ ਦੀ ਪਛਾਣ 28 ਸਾਲਾ ਦਾਰੀਆ ਸ਼ਿਪਿਲੋਵਾ ਵਜੋਂ ਹੋਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਸ਼ਿਪਿਲੋਵਾ ਨੇ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਦੱਸਿਆ ਸੀ ਕਿ ਟੈਸਟਿੰਗ ਲਈ ਸੈਂਪਲ ਲੈਂਦੇ ਸਮੇਂ ਗਲਤੀ ਨਾਲ ਉਨ੍ਹਾਂ ਤੋਂ ਇੱਕ ਟੈਸਟ ਟਿਊਬ ਟੁੱਟ ਗਈ ਸੀ, ਜਿਸ ’ਚ ਜ਼ਿੰਦਾ ਬੈਕਟੀਰੀਆ ਮੌਜੂਦ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਦੌਰਾਨ ਉਹ ਨਿਊਮੋਨਿਕ ਪਲੇਗ ਦੀ ਲਪੇਟ ’ਚ ਆ ਗਈ।
ਦਾਰੀਆ ਸ਼ਿਪਿਲੋਵਾ ਨੂੰ 29 ਸਤੰਬਰ ਨੂੰ ਗੰਭੀਰ ਨਿਮੋਨੀਆ ਦੇ ਲੱਛਣਾਂ ਨਾਲ ਸ਼ੇਲੇਖੋਵ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ, ਪਰ 1 ਅਕਤੂਬਰ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
200 ਤੋਂ ਵੱਧ ਲੋਕ ਕੁਆਰੰਟੀਨ ਸ਼ਿਪਿਲੋਵਾ ਦੇ ਸੰਪਰਕ ’ਚ ਆਏ 200 ਤੋਂ ਵੱਧ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਿਗਰਾਨੀ ਤੇ ਕੁਆਰੰਟੀਨ ’ਚ ਰੱਖਿਆ ਗਿਆ ਹੈ। ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਇਰਕੁਤਸਕ ਖੇਤਰ ’ਚ ਕਈ ਜਨਤਕ ਸਮਾਗਮ ਵੀ ਰੱਦ ਕਰ ਦਿੱਤੇ ਗਏ ਹਨ।
ਇਰਕੁਤਸਕ ਖੇਤਰ ਦੇ ਗਵਰਨਰ ਇਗੋਰ ਕੋਬਜ਼ੇਵ ਨੇ ਕਿਹਾ ਕਿ ਇਲਾਕੇ ’ਚ ਇੱਕ ਬੇਹੱਦ ਖ਼ਤਰਨਾਕ ਇਨਫੈਕਸ਼ਨ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।