- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ’ਤੇ ਲਿਖਿਆ, ‘ਪੰਜਾਬ ਦੇ ਕਿਸਾਨਾਂ ਤੇ ਸਹਿਕਾਰੀ ਸੰਸਥਾਵਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅੱਜ ਅੰਤਰਰਾਸ਼ਟਰੀ ਫੂਡ ਪ੍ਰਦਰਸ਼ਨੀ ‘ਐੱਸਆਈਏਐੱਲ ਪੈਰਿਸ’ ’ਚ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕੀਤਾ ਤੇ ਸਾਡੇ ‘ਸੋਹਣਾ’ ਬ੍ਰਾਂਡ ਅਧੀਨ ਦੋ ਨਵੇਂ ਉਤਪਾਦ ਲਾਂਚ ਕੀਤੇ।

ਪੰਜਾਬੀ ਜਾਗਰਣ ਕੇਂਦਰ, ਪੈਰਿਸ : ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ ’ਤੇ ਵਿਸਤਾਰ ਕਰਨ ਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ’ਚ ਲੱਗੀ ਕੌਮਾਂਤਰੀ ਖ਼ੁਰਾਕੀ ਪਦਾਰਥਾਂ ਦੀ ਪ੍ਰਦਰਸ਼ਨੀ ‘ਐੱਸਆਈਏਐਲ ਪੈਰਿਸ 2026’ (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ’ਚ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ 'ਸੋਹਣਾ' ਅਧੀਨ ਦੋ ਨਵੇਂ ਉਤਪਾਦ ‘ਕੈਨਡ ਚਿੱਟੇ ਛੋਲੇ’ ਤੇ ‘ਕੈਨਡ ਰਾਜਮਾਂਹ’ ਲਾਂਚ ਕੀਤੇ। ਮੁੱਖ ਮੰਤਰੀ ਨੇ ਇੰਡੀਆ ਪਵੈਲੀਅਨ ’ਚ ਮਾਰਕਫੈੱਡ ਦੇ ਸਟਾਲ ਦਾ ਉਦਾਘਟਨ ਵੀ ਕੀਤਾ। ਪ੍ਰਦਰਸ਼ਨੀ ’ਚ ਮਾਰਕਫੈੱਡ, ਮਿਲਕਫੈੱਡ ਦੇ ਵੇਰਕਾ ਬ੍ਰਾਂਡ ਤੇ ਪੰਜਾਬ ਐਗਰੋ ਨੇ ਸਾਂਝੇ ਤੌਰ ’ਤੇ ਪੰਜਾਬ ਮਾਰਟ ਤਹਿਤ ਸੂਬੇ ਦੇ ਖੇਤੀ ਤੇ ਖ਼ੁਰਾਕੀ ਪ੍ਰੋਸੈਸਡ ਉਤਪਾਦ ਪ੍ਰਦਰਸ਼ਿਤ ਕੀਤੇ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਮਾਰਕਫੈੱਡ, ਮਿਲਕਫੈੱਡ (ਜੋ ਵੇਰਕਾ ਬ੍ਰਾਂਡ ਅਧੀਨ ਆਪਣੇ ਉਤਪਾਦ ਵੇਚਦਾ ਹੈ) ਤੇ ਪੰਜਾਬ ਐਗਰੋ ਦੀ ਭੂਮਿਕਾ ’ਤੇ ਚਾਨਣਾ ਪਾਇਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ’ਤੇ ਲਿਖਿਆ, ‘ਪੰਜਾਬ ਦੇ ਕਿਸਾਨਾਂ ਤੇ ਸਹਿਕਾਰੀ ਸੰਸਥਾਵਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅੱਜ ਅੰਤਰਰਾਸ਼ਟਰੀ ਫੂਡ ਪ੍ਰਦਰਸ਼ਨੀ ‘ਐੱਸਆਈਏਐੱਲ ਪੈਰਿਸ’ ’ਚ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕੀਤਾ ਤੇ ਸਾਡੇ ‘ਸੋਹਣਾ’ ਬ੍ਰਾਂਡ ਅਧੀਨ ਦੋ ਨਵੇਂ ਉਤਪਾਦ ਲਾਂਚ ਕੀਤੇ। ਹੁਣ ਦੁਨੀਆ ਭਰ ’ਚ ਬੈਠੇ ਲੋਕ ਪੰਜਾਬ ਦੇ ਖਾਣ ਲਈ ਤਿਆਰ-ਬਰ-ਤਿਆਰ ‘ਚਿੱਟੇ ਛੋਲੇ’ ਤੇ ‘ਰਾਜਮਾਂਹ’ ਦੇ ਸੁਆਦ ਦਾ ਆਨੰਦ ਮਾਣ ਸਕਣਗੇ। ਸਾਡਾ ਉਦੇਸ਼ ਪੰਜਾਬ ਦੇ ਸ਼ੁੱਧ ਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਤੱਕ ਪਹੁੰਚਾਉਣਾ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੋ ਸਕੇ ਤੇ ਪੰਜਾਬੀ ਉਤਪਾਦ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਇਨਕਲਾਬ ਜ਼ਿੰਦਾਬਾਦ।’
ਮਾਰਕਫੈੱਡ ਦੇ ਸਟਾਲ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਤੇ ਸਾਡਾ ਵਿਜ਼ਨ ਇਸ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਉਤਪਾਦਾਂ, ਵੈਲਿਊ-ਐਡਿਡ ਖੇਤੀਬਾੜੀ ਤੇ ਆਧੁਨਿਕ ਨਿਰਮਾਣ ਲਈ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਕੇਂਦਰ ਬਣਾਉਣਾ ਹੈ। ਸਾਡੇ ਕਿਸਾਨਾਂ, ਉੱਦਮੀਆਂ ਅਤੇ ਉਦਯੋਗਾਂ ’ਚ ਅੰਤਰਰਾਸ਼ਟਰੀ ਮੰਡੀਆਂ ’ਚ ਮੁਕਾਬਲਾ ਕਰਨ ਦੀ ਬੇਹੱਦ ਸਮਰੱਥਾ ਹੈ। ਐੱਸਆਈਏਐਲ ਪੈਰਿਸ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਪੰਜਾਬ ਦੇ ਉਤਪਾਦਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਾਂ, ਗਲੋਬਲ ਵਪਾਰਕ ਸਾਂਝ ਪੈਦਾ ਕਰ ਰਹੇ ਹਾਂ ਅਤੇ ਸਾਡੇ ਲੋਕਾਂ ਲਈ ਅੰਤਰਰਾਸ਼ਟਰੀ ਮੌਕਿਆਂ ਨੂੰ ਨੇੜੇ ਲਿਆ ਰਹੇ ਹਾਂ।
ਇਸ ਪ੍ਰਦਰਸ਼ਨੀ ’ਚ ਪੰਜਾਬ ਦੇ ਸਟਾਲ ’ਤੇ ਖਾਣ ਲਈ ਤਿਆਰ ਸਰ੍ਹੋਂ ਦਾ ਸਾਗ, ਦਾਲ ਮੱਖਣੀ, ਰਾਜਮਾਂਹ, ਕੜੀ ਪਕੌੜਾ, ਅੰਮ੍ਰਿਤਸਰੀ ਛੋਲਿਆਂ ਸਮੇਤ ਹੋਰ ਪੰਜਾਬੀ ਰਵਾਇਤੀ ਪਕਵਾਨ ਤੋਂ ਇਲਾਵਾ ਸਰ੍ਹੋਂ ਦਾ ਤੇਲ, ਰਵਾਇਤੀ ਆਚਾਰ, ਮੁਰੱਬੇ, ਆਂਵਲਾ ਜੂਸ, ਐਲੋਵੇਰਾ ਜੂਸ, ਆਂਵਲਾ ਕੈਂਡੀ, ਸ਼ੱਕਰ ਤੇ ਹੋਰ ਵੈਲਿਊ-ਐਡਿਡ ਉਤਪਾਦ ਵੀ ਪ੍ਰਦਰਸ਼ਿਤ ਕੀਤੇ ਗਏ। ਕੰਪਨੀ ਮੁਤਾਬਕ ਮਾਰਕਫੈੱਡ ਦੇ ਉਤਪਾਦ ਪ੍ਰੀਜ਼ਰਵੇਟਿਵ-ਮੁਕਤ, ਸੁਵਿਧਾਜਨਕ ਤੇ ਸਿਰਫ਼ ਗਰਮ ਕਰ ਕੇ ਖਾਣ ਲਈ ਤਿਆਰ ਕੀਤੇ ਗਏ ਹਨ, ਜੋ ਵਿਦੇਸ਼ੀ ਖਪਤਕਾਰਾਂ ਤੱਕ ਅਸਲੀ ਪੰਜਾਬੀ ਖਾਣੇ ਦਾ ਸੁਆਦ ਪਹੁੰਚਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਪਹਿਲਾਂ ਹੀ ਮੱਧ ਪੂਰਬ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਮੇਤ 20 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਭੇਜ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਰਕਫੈੱਡ ਕੋਲ ਡੱਬਾਬੰਦ ਸਰ੍ਹੋਂ ਦੇ ਸਾਗ ਅਤੇ ਹੋਰ ‘ਰੈਡੀ-ਟੂ-ਈਟ’ ਉਤਪਾਦਾਂ ਲਈ 2,700 ਮੀਟ੍ਰਿਕ ਟਨ ਅਤੇ ਸ਼ਹਿਦ ਲਈ 3,000 ਮੀਟ੍ਰਿਕ ਟਨ ਦੀ ਸਾਲਾਨਾ ਪ੍ਰੋਸੈਸਿੰਗ ਸਮਰੱਥਾ ਹੈ। ਅਦਾਰਾ ਅੰਤਰਰਾਸ਼ਟਰੀ ਖਰੀਦਦਾਰਾਂ ਲਈ ਪ੍ਰਾਈਵੇਟ-ਲੇਬਲ ਮੈਨੂਫੈਕਚਰਿੰਗ ਵਾਸਤੇ ਆਪਣੀ ਵਾਧੂ ਸਮਰੱਥਾ ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਹੈ, ਜਿਸ ਨਾਲ ਬਰਾਮਦ ਵਧੇ ਅਤੇ ਗਲੋਬਲ ਸਪਲਾਈ ਚੇਨਾਂ ਨਾਲ ਡੂੰਘੇ ਤਾਲਮੇਲ ਦਾ ਇੱਕ ਹੋਰ ਰਾਹ ਖੁੱਲ੍ਹੇ।
ਜ਼ਿਕਰਯੋਗ ਹੈ ਕਿ ਪ੍ਰਦਰਸ਼ਨੀ ’ਚ ਮਾਰਕਫੈੱਡ ਦੀ ਭਾਈਵਾਲੀ ਪੰਜਾਬ ਦੇ ਸਹਿਕਾਰੀ ਫੂਡ ਪ੍ਰੋਸੈਸਿੰਗ ਖੇਤਰ ਦੀ ਵਧਦੀ ਅੰਤਰਰਾਸ਼ਟਰੀ ਸਮਰੱਥਾ ਨੂੰ ਦਰਸਾਉਂਦੀ ਹੈ। 21,248 ਕਰੋੜ ਤੋਂ ਰੁਪਏ ਵੱਧ (ਲਗਪਗ 2.26 ਅਰਬ ਅਮਰੀਕੀ ਡਾਲਰ ਦੇ ਬਰਾਬਰ) ਦੇ ਟਰਨਓਵਰ ਨਾਲ ਇਹ ਅਦਾਰਾ ਪੰਜਾਬ ਦੇ ਲਗਪਗ 20 ਲੱਖ ਕਿਸਾਨਾਂ ਦੇ ਹਿੱਤਾਂ ਦੀ ਸਿੱਧੀ ਨੁਮਾਇੰਦਗੀ ਅਤੇ ਸੇਵਾ ਕਰਦਾ ਹੈ। ਸੂਬੇ ਵਿੱਚ ਆਪਣੇ ਨਿਰਮਾਣ ਅਤੇ ਪ੍ਰੋਸੈਸਿੰਗ ਆਧਾਰ ਰਾਹੀਂ ਮਾਰਕਫੈੱਡ ਆਪਣੇ 'ਸੋਹਣਾ' ਬ੍ਰਾਂਡ ਅਧੀਨ ਖੇਤੀਬਾੜੀ ਅਤੇ ਭੋਜਨ ਉਤਪਾਦਾਂ ਦੀ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਬ੍ਰਾਂਡਿੰਗ ਅਤੇ ਗਲੋਬਲ ਮਾਰਕੀਟਿੰਗ ਕਰਦਾ ਹੈ।
ਹੋਰ ਦੇਸ਼ਾਂ ਦੀਆਂ ਕੰਪਨੀਆਂ ਨਾਲ ਕਾਰੋਬਾਰੀ ਬੈਠਕਾਂ ਵੀ ਕੀਤੀਆਂ
ਪੰਜਾਬ ਦੇ ਵਫ਼ਦ ਨੇ ਫਰਾਂਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਵਪਾਰਕ ਮੁਲਾਕਾਤਾਂ ਰਾਹੀਂ ਫਰਾਂਸ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਮੁੱਖ ਭੋਜਨ ਤੇ ਪੀਣ ਵਾਲੇ ਪਦਾਰਥਾਂ ਦੀਆਂ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ। ਇਹ ਚਰਚਾ ਪੰਜਾਬ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਲਈ ਨਵੀਆਂ ਮੰਡੀਆਂ ਦੀ ਪਛਾਣ ਕਰਨ, ਅੰਤਰਰਾਸ਼ਟਰੀ ਸੋਰਸਿੰਗ ਜ਼ਰੂਰਤਾਂ ਨੂੰ ਸਮਝਣ, ਖਰੀਦਦਾਰ-ਸਪਲਾਇਰ ਨੈੱਟਵਰਕ ਵਿਕਸਿਤ ਕਰਨ ਅਤੇ ਲੰਬੇ ਸਮੇਂ ਦੇ ਵਪਾਰਕ ਸਬੰਧਾਂ ਦੀ ਪੜਚੋਲ ਕਰਨ 'ਤੇ ਕੇਂਦਰਿਤ ਸੀ। ਪੰਜਾਬ ਦੇ ਬਰਾਮਦਕਾਰਾਂ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਫੂਡ ਪ੍ਰੋਸੈਸਿੰਗ ਟੈਕਨਾਲੋਜੀ, ਕੋਲਡ-ਚੇਨ ਇਨਫਰਾਸਟ੍ਰਕਚਰ, ਪੈਕੇਜਿੰਗ, ਲੌਜਿਸਟਿਕਸ ਅਤੇ ਅੰਤਰਰਾਸ਼ਟਰੀ ਡਿਸਟ੍ਰੀਬਿਊਸ਼ਨ ਵਿੱਚ ਮੌਜੂਦ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ ਗਈ।