ਹਨੇਰੇ ’ਚ ਛੁਪੀ ਸਿਰਫ਼ ਇੱਕ ਆਵਾਜ਼... ਆਖ਼ਰ ਕਿੱਥੇ ਗਾਇਬ ਹਨ ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ?
ਪਿਛਲੇ ਮਹੀਨੇ ਮੋਜਤਬਾ ਖਾਮੇਨੇਈ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਇਸਲਾਮਿਕ ਰਿਪਬਲਿਕ 'ਤੇ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਨੂੰ ਬੇਕਾਰ ਅਤੇ ਗ਼ੈਰ-ਕਾਨੂੰਨੀ ਕਰਾਰ ਦਿੱਤਾ।
Publish Date: Sat, 08 Aug 2026 01:14 PM (IST)
Updated Date: Sat, 08 Aug 2026 01:16 PM (IST)
ਡਿਜੀਟਲ ਡੈਸਕ, ਤਹਿਰਾਨ। ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਵਾਈ ਹਮਲੇ ’ਚ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ, ਜੋ 1989 ਤੋਂ ਈਰਾਨ ਦੀ ਅਗਵਾਈ ਕਰ ਰਹੇ ਸਨ। ਇਸ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਸਾਲਾਂ ਤੱਕ ਪਰਦੇ ਦੇ ਪਿੱਛੇ ਕੰਮ ਕਰਨ ਤੋਂ ਬਾਅਦ ਇਸਲਾਮਿਕ ਰਿਪਬਲਿਕ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦੇ 'ਤੇ ਪਹੁੰਚ ਗਏ ਸਨ।
ਪਰ ਉਸ ਹਮਲੇ ’ਚ ਖ਼ੁਦ ਵੀ ਜ਼ਖ਼ਮੀ ਹੋਏ ਮੋਜਤਬਾ ਖਾਮੇਨੇਈ ਨੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਦਰਜਨ ਤੋਂ ਵੱਧ ਲਿਖਤੀ ਸੁਨੇਹੇ ਜਾਰੀ ਕੀਤੇ ਹਨ ਪਰ ਅਜੇ ਤੱਕ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਏ ਹਨ।
ਪਿਛਲੇ ਮਹੀਨੇ ਮੋਜਤਬਾ ਖਾਮੇਨੇਈ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਇਸਲਾਮਿਕ ਰਿਪਬਲਿਕ 'ਤੇ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਨੂੰ ਬੇਕਾਰ ਅਤੇ ਗ਼ੈਰ-ਕਾਨੂੰਨੀ ਕਰਾਰ ਦਿੱਤਾ।
ਇਹ ਬਿਆਨ ਈਰਾਨੀ ਸਰਕਾਰੀ ਟੈਲੀਵਿਜ਼ਨ 'ਤੇ ਪੜ੍ਹ ਕੇ ਸੁਣਾਇਆ ਗਿਆ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਜਦੋਂ ਇਸ ਦੇ ਕੁਝ ਘੰਟੇ ਪਹਿਲਾਂ ਹੀ ਤਹਿਰਾਨ ਨੇ ਇੱਕ ਮਹੀਨੇ ਪਹਿਲਾਂ ਹੋਏ ਇੱਕ ਅੰਤਰਿਮ ਸਮਝੌਤੇ ਤਹਿਤ ਆਪਣੀਆਂ ਵਚਨਬੱਧਤਾਵਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ, ਕਿਉਂਕਿ ਅਮਰੀਕਾ ਅਤੇ ਈਰਾਨ ਵਿਚਾਲੇ ਫ਼ੌਜੀ ਅਤੇ ਬੁਨਿਆਦੀ ਢਾਂਚਿਆਂ 'ਤੇ ਲਗਾਤਾਰ ਹਮਲੇ ਹੋ ਰਹੇ ਸਨ।
ਮੋਜਤਬਾ ਨੇ ਕਿਹਾ ਹੈ ਕਿ ਹੁਣ ਜਦੋਂ ਅਮਰੀਕੀ ਦੁਸ਼ਮਣ ਸੰਘਰਸ਼ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦੇ ਜ਼ਰੀਏ ਉਸ ਨੂੰ ਹੋਰ ਵੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਹੋਰ ਜ਼ਿਆਦਾ ਅਪਮਾਨ ਸਹਿਣਾ ਹੋਵੇਗਾ, ਤਾਂ ਉਸ ਨੂੰ ਇਹ ਜਾਨ ਲੈਣਾ ਚਾਹੀਦਾ ਹੈ ਕਿ ਈਰਾਨ ਦੇ ਮਹਾਨ ਰਾਸ਼ਟਰ ਅਤੇ ਰੇਸਿਸਟੈਂਸ ਫਰੰਟ ਨੇ ਉਸ ਲਈ ਅਜਿਹਾ ਸਬਕ ਤਿਆਰ ਰੱਖਿਆ ਹੈ ਜਿਸ ਨੂੰ ਉਹ ਕਦੇ ਨਹੀਂ ਭੁੱਲ ਸਕੇਗਾ।
ਜਦੋਂ ਤੋਂ ਸੰਘਰਸ਼ ਫਿਰ ਤੋਂ ਵਧਿਆ ਹੈ, ਉਦੋਂ ਤੋਂ ਇਹ ਬਿਆਨ ਖਾਮੇਨੇਈ ਦਾ ਪਹਿਲਾ ਜਨਤਕ ਸੁਨੇਹਾ ਸੀ। ਇਸ ਦੌਰਾਨ ਜੰਗ ਨੂੰ ਖ਼ਤਮ ਕਰਨ ਦੇ ਡਿਪਲੋਮੈਟਿਕ ਯਤਨਾਂ 'ਤੇ ਅਨਿਸ਼ਚਿਤਤਾ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਲਿਖਤੀ ਸੁਨੇਹਿਆਂ ਅਤੇ ਸੋਸ਼ਲ ਮੀਡੀਆ ਚੈਨਲਾਂ 'ਤੇ ਸਰਗਰਮੀ ਦੇ ਬਾਵਜੂਦ, ਇਸ ਗੱਲ ਦੀ ਕੋਈ ਆਜ਼ਾਦ ਪੁਸ਼ਟੀ ਨਹੀਂ ਹੋਈ ਹੈ ਕਿ 28 ਫਰਵਰੀ ਦੇ ਹਮਲੇ ਤੋਂ ਬਾਅਦ ਮੋਜਤਬਾ ਖਾਮੇਨੇਈ ਜਿਉਂਦੇ ਵੀ ਹਨ ਜਾਂ ਨਹੀਂ। ਉਸ ਹਮਲੇ ਵਿੱਚ ਉਨ੍ਹਾਂ ਦੀ ਪਤਨੀ ਜ਼ਹਰਾ ਹਦਾਦ ਆਦਿਲ ਅਤੇ ਖਾਮੇਨੇਈ ਪਰਿਵਾਰ ਦੇ ਹੋਰ ਮੈਂਬਰ ਵੀ ਮਾਰੇ ਗਏ ਸਨ।
ਹਾਲਾਂਕਿ, ਕਈ ਇਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਹਮਲੇ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਨਾਲ ਇਨ੍ਹਾਂ ਅਟਕਲਾਂ ਨੂੰ ਬਲ ਮਿਲਿਆ ਹੈ ਕਿ ਉਹ ਸ਼ਾਇਦ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਜਾਂ ਸੁਰੱਖਿਆ ਕਾਰਨਾਂ ਕਰਕੇ ਇਹਤਿਆਤ ਵਰਤ ਰਹੇ ਹਨ ਅਤੇ ਇਸ ਲਈ ਜਨਤਕ ਤੌਰ 'ਤੇ ਸਾਹਮਣੇ ਨਹੀਂ ਆ ਰਹੇ ਹਨ।
ਈਰਾਨ ਦੇ ਰਾਸ਼ਟਰਪਤੀ ਦਾ ਦਾਅਵਾ
ਈਰਾਨ ਇੰਟਰਨੈਸ਼ਨਲ ਦੇ ਅਨੁਸਾਰ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੂੰ ਕਥਿਤ ਤੌਰ 'ਤੇ ਤਹਿਰਾਨ ਵਿੱਚ ਇੱਕ ਅਣਪਛਾਤੇ ਸਥਾਨ 'ਤੇ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਕਰਵਾਈ ਗਈ ਜਿਸ ਨੂੰ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਗੁਪਤ ਮੁਲਾਕਾਤ ਨੇ ਈਰਾਨ ਦੀ ਨਵੀਂ ਲੀਡਰਸ਼ਿਪ ਦੇ ਆਲੇ-ਦੁਆਲੇ ਬਣੀ ਗੁਪਤਤਾ 'ਤੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੇਜੇਸ਼ਕੀਅਨ ਨੂੰ ਕਾਲੇ ਅਤੇ ਗੂੜ੍ਹੇ ਸ਼ੀਸ਼ੇ ਵਾਲੇ ਵਾਹਨ ਦੀ ਪਿਛਲੀ ਸੀਟ 'ਤੇ ਲਿਜਾਇਆ ਗਿਆ, ਜਿੱਥੇ ਖਾਮੇਨੇਈ ਵਜੋਂ ਪਛਾਣਿਆ ਗਿਆ ਵਿਅਕਤੀ ਪਹਿਲਾਂ ਹੀ ਬੈਠਾ ਹੋਇਆ ਸੀ। ਖਿੜਕੀਆਂ ਦੇ ਸ਼ੀਸ਼ੇ ਕਾਲੇ ਰੱਖੇ ਗਏ ਸਨ, ਸੁਰੱਖਿਆ ਕਰਮਚਾਰੀਆਂ ਨੇ ਦੋਵਾਂ ਵਿਅਕਤੀਆਂ ਨੂੰ ਇੱਕ-ਦੂਜੇ ਨੂੰ ਦੇਖਣ ਜਾਂ ਹੱਥ ਮਿਲਾਉਣ ਤੋਂ ਰੋਕ ਦਿੱਤਾ, ਜਿਸ ਨਾਲ ਉਹ ਸਿਰਫ਼ ਆਵਾਜ਼ ਦੇ ਮਾਧਿਅਮ ਨਾਲ ਗੱਲਬਾਤ ਕਰ ਸਕਦੇ ਸਨ।
ਬਾਅਦ ’ਚ ਪੇਜੇਸ਼ਕੀਅਨ ਨੂੰ ਇਸ ਗੱਲ 'ਤੇ ਸ਼ੱਕ ਹੋਇਆ ਕਿ ਕੀ ਜੋ ਆਵਾਜ਼ ਉਨ੍ਹਾਂ ਨੇ ਸੁਣੀ, ਉਹ ਅਸਲ ’ਚ ਨਵੇਂ ਸੁਪਰੀਮ ਲੀਡਰ ਦੀ ਹੀ ਸੀ। ਇਹ ਮੁਲਾਕਾਤ ਸਿਰਫ਼ ਕੁਝ ਹੀ ਮਿੰਟਾਂ ਤੱਕ ਚੱਲੀ, ਹਾਲਾਂਕਿ ਬਾਅਦ ’ਚ ਪੇਜੇਸ਼ਕੀਅਨ ਨੇ ਵਪਾਰ ਸੰਘ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸੌਹਾਦਰਪੂਰਨ ਮਾਹੌਲ ਵਿੱਚ ਖਖਾਮੇਨੇਈ ਨਾਲ ਢਾਈ ਘੰਟੇ ਬਿਤਾਏ।
ਰਿਪੋਰਟ ਦੇ ਅਨੁਸਾਰ, ਪੇਜੇਸ਼ਕੀਅਨ ਨੇ ਵਾਰ-ਵਾਰ ਸੁਪਰੀਮ ਲੀਡਰ ਨੂੰ ਮਿਲਣ ਦੀ ਬੇਨਤੀ ਕੀਤੀ ਸੀ ਅਤੇ ਅਸਤੀਫ਼ਾ ਦੇਣ ਦੀ ਧਮਕੀ ਵੀ ਦਿੱਤੀ ਸੀ। ਉਨ੍ਹਾਂ ਦੇ ਦਫ਼ਤਰ ਨੇ ਆਖ਼ਿਰਕਾਰ ਮੁਲਾਕਾਤ ਲਈ ਸਹਿਮਤੀ ਦੇ ਦਿੱਤੀ ਪਰ ਪਿਛਲੀਆਂ ਪਰੰਪਰਾਵਾਂ ਨੂੰ ਤੋੜਦਿਆਂ ਉਨ੍ਹਾਂ ਨੂੰ ਅਧਿਕਾਰਤ ਆਵਾਸ 'ਤੇ ਨਹੀਂ ਬੁਲਾਇਆ ਗਿਆ, ਸਗੋਂ ਉਨ੍ਹਾਂ ਨੂੰ ਇੱਕ ਅਣਪਛਾਤੇ ਸਥਾਨ 'ਤੇ ਨਿਰਦੇਸ਼ਿਤ ਕੀਤਾ ਗਿਆ।
ਖਾਮੇਨੇਈ ਦੀ ਸਿਹਤ 'ਤੇ ਉੱਠ ਰਹੇ ਸਵਾਲ
ਇਜ਼ਰਾਈਲੀ ਮੀਡੀਆ ਦੇ ਅਨੁਸਾਰ, ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਖਾਮੇਨੇਈ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਹਾਲਾਂਕਿ ਉਨ੍ਹਾਂ ਦੀ ਸਿਹਤ ਦੀ ਇਸ ਕਥਿਤ ਸਥਿਤੀ ਦੀ ਕੋਈ ਆਜ਼ਾਦ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਈਰਾਨ ਦੇ ਅੰਦਰ ਮੌਜੂਦ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਚੈਨਲ 14 (C14) ਅਤੇ ਇਸ ਤੋਂ ਪਹਿਲਾਂ ਯਰੂਸ਼ਲਮ ਪੋਸਟ ਨੇ ਕਿਹਾ ਕਿ ਈਰਾਨੀ ਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਅਜਿਹੀਆਂ ਅਫਵਾਹਾਂ ਫੈਲ ਰਹੀਆਂ ਹਨ ਕਿ ਖਾਮੇਨੇਈ ਦੀ ਹਾਲਤ ਬੇਹੱਦ ਗੰਭੀਰ ਹੈ। ਯਰੂਸ਼ਲਮ ਪੋਸਟ ਦੇ ਇੱਕ ਸੂਤਰ ਨੇ ਕਿਹਾ ਕਿ ਜੇਕਰ ਸਾਨੂੰ ਜਲਦੀ ਹੀ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣਾਈ ਦੇਵੇ, ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੋਵੇਗੀ।
ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੇ ਪਰਸਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸ਼ੁਰੂਆਤੀ ਹਮਲਿਆਂ ਵਿੱਚ ਖਾਮੇਨੇਈ ਜ਼ਖ਼ਮੀ ਹੋ ਗਏ ਸਨ ਅਤੇ ਸੰਭਵ ਤੌਰ 'ਤੇ ਉਨ੍ਹਾਂ ਦਾ ਚਿਹਰਾ ਜਾਂ ਸਰੀਰ ਵਿਗੜ ਗਿਆ ਹੈ। ਇਸ ਦੇ ਚਲਦਿਆਂ ਉਹ ਛੁਪ ਕੇ ਰਹਿ ਰਹੇ ਹਨ ਅਤੇ ਖ਼ੁਦ ਨੂੰ ਨਿਸ਼ਾਨਾ ਬਣਾਏ ਜਾਣ ਦੇ ਜੋਖ਼ਮ ਨੂੰ ਘੱਟ ਕਰਨ ਲਈ ਵਿਚੋਲਿਆਂ ਰਾਹੀਂ ਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।
ਇਸ ਅਨਿਸ਼ਚਿਤਤਾ ਨੂੰ ਵਧਾਉਂਦੇ ਹੋਏ, ਪੇਜੇਸ਼ਕੀਅਨ ਨੇ ਇੱਕ ਸਰਕਾਰੀ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ ਕਿ ਫ਼ਿਲਹਾਲ ਖਾਮੇਨੇਈ ਨਾਲ ਸਿੱਧਾ ਸੰਪਰਕ ਬਹੁਤ ਮੁਸ਼ਕਲ ਹੈ।
ਕਿੱਥੇ ਹਨ ਸੁਪਰੀਮ ਲੀਡਰ ਖਾਮੇਨੇਈ ?
ਸੌਦੀ ਮੀਡੀਆ ਆਉਟਲੈਟ ਅਲ-ਹਦਥ ਦੇ ਅਨੁਸਾਰ, ਇਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਈਰਾਨ ਵਿੱਚ ਨਹੀਂ ਹਨ। ਇਸ ਦਾਅਵੇ ਨੇ ਦੇਸ਼ ਦੀ ਅਗਵਾਈ ’ਚ ਉਨ੍ਹਾਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਟਿਕਾਣੇ ਨੂੰ ਲੈ ਕੇ ਵਧ ਰਹੀ ਅਨਿਸ਼ਚਿਤਤਾ ਨੂੰ ਹੋਰ ਹਵਾ ਦੇ ਦਿੱਤੀ ਹੈ। ਖਾਮੇਨੇਈ ਦੇ ਅਧਿਕਾਰਤ ਸੁਨੇਹੇ ਨਵ-ਨਿਯੁਕਤ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੇ ਪ੍ਰਮੁੱਖ ਅਹਿਮਦ ਵਾਹਿਦੀ ਅਤੇ ਹੋਰ ਸੀਨੀਅਰ IRGC ਅਧਿਕਾਰੀਆਂ ਦੁਆਰਾ ਡ੍ਰਾਫਟ ਕੀਤੇ ਜਾ ਰਹੇ ਹਨ।
ਜਨਤਕ ਤੌਰ 'ਤੇ ਖਾਮੇਨੇਈ ਦੀ ਲੰਬੇ ਸਮੇਂ ਤੱਕ ਗੈਰ-ਹਾਜ਼ਰੀ ਦੇ ਵਿਚਕਾਰ, ਮੁੱਖ ਵਾਰਤਾਕਾਰ ਮੁਹੰਮਦ ਬਘੇਰ ਗਾਲਿਬਾਫ਼, ਰਾਸ਼ਟਰਪਤੀ ਪੇਜੇਸ਼ਕੀਅਨ ਅਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਜੰਗ ਤੋਂ ਬਾਅਦ ਈਰਾਨ ਦੀ ਦਿਸ਼ਾ ਤੈਅ ਕਰਨ ਵਾਲੇ ਸਭ ਤੋਂ ਪ੍ਰਮੁੱਖ ਚਿਹਰਿਆਂ ਵਜੋਂ ਉੱਭਰੇ ਹਨ। ਇਸ ਬਦਲਾਅ ਨੇ ਕਥਿਤ ਤੌਰ 'ਤੇ ਕੱਟੜਪੰਥੀਆਂ ਨਾਲ ਤਣਾਅ ਨੂੰ ਗੂੜ੍ਹਾ ਕਰ ਦਿੱਤਾ ਹੈ, ਜੋ ਦੋਸ਼ ਲਗਾਉਂਦੇ ਹਨ ਕਿ ਮੌਜੂਦਾ ਲੀਡਰਸ਼ਿਪ ਆਪਣਾ ਪ੍ਰਭਾਵ ਮਜ਼ਬੂਤ ਕਰਨ ਲਈ ਰਵਾਇਤੀ ਰਾਜ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ।