- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ਦੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਆਫ਼ਤ ਤੋਂ ਬਚ ਨਿਕਲਣਾ ਹੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮੁਸ਼ਕਲਾਂ ਦਾ ਅੰਤ ਨਹੀਂ ਹੈ। ਹੁਣ ਅਸਥਾਈ ਕੈਂਪਾਂ ’ਚ ਗਰਭਵਤੀ ਔਰਤਾਂ, ਜਣੇਪੇ ਤੋਂ ਬਾਅਦ ਦੀਆਂ ਮਾਵਾਂ ਅਤੇ ਨਵਜੰਮੇ ਬੱਚਿਆਂ ਦੇ ਸਾਹਮਣੇ ਭੋਜਨ, ਮਾਂ ਦਾ ਦੁੱਧ ਪਿਲਾਉਣ, ਸਫ਼ਾਈ, ਨਿੱਜਤਾ ਅਤੇ ਇਲਾਜ ਤੱਕ ਪਹੁੰਚ ਦਾ ਸੰਕਟ ਖੜ੍ਹਾ ਹੋ ਗਿਆ ਹੈ।

ਕਾਠਮੰਡੂ, (ਪੀਟੀਆਈ) : ਨੇਪਾਲ ਦੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਆਫ਼ਤ ਤੋਂ ਬਚ ਨਿਕਲਣਾ ਹੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮੁਸ਼ਕਲਾਂ ਦਾ ਅੰਤ ਨਹੀਂ ਹੈ। ਹੁਣ ਅਸਥਾਈ ਕੈਂਪਾਂ ’ਚ ਗਰਭਵਤੀ ਔਰਤਾਂ, ਜਣੇਪੇ ਤੋਂ ਬਾਅਦ ਦੀਆਂ ਮਾਵਾਂ ਅਤੇ ਨਵਜੰਮੇ ਬੱਚਿਆਂ ਦੇ ਸਾਹਮਣੇ ਭੋਜਨ, ਮਾਂ ਦਾ ਦੁੱਧ ਪਿਲਾਉਣ, ਸਫ਼ਾਈ, ਨਿੱਜਤਾ ਅਤੇ ਇਲਾਜ ਤੱਕ ਪਹੁੰਚ ਦਾ ਸੰਕਟ ਖੜ੍ਹਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ (ਯੂਐੱਨਐੱਫਪੀਏ) ਦੇ ਤਾਜ਼ਾ ਮੁਲਾਂਕਣ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪ੍ਰਜਣਨ ਉਮਰ ਦੀਆਂ ਕਰੀਬ 98,560 ਔਰਤਾਂ ਹਨ, ਜਿਨ੍ਹਾਂ ’ਚ ਲਗਪਗ 5,030 ਗਰਭਵਤੀ ਹਨ। ਨੁਕਸਾਨੀਆਂ ਸੜਕਾਂ, ਸਿਹਤ ਕੇਂਦਰ ਅਤੇ ਆਵਾਜਾਈ ਪ੍ਰਬੰਧ ਜਣੇਪੇ ਅਤੇ ਐਮਰਜੈਂਸੀ ਜੱਚਾ-ਬੱਚਾ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਔਖਾ ਬਣਾ ਰਹੇ ਹਨ।
ਰਸੁਵਾ, ਨੁਵਾਕੋਟ ਅਤੇ ਧਾਦਿੰਗ ਸਮੇਤ ਪ੍ਰਭਾਵਿਤ ਇਲਾਕਿਆਂ ’ਚ ਇਹ ਸੰਕਟ ਜ਼ਮੀਨੀ ਪੱਧਰ ’ਤੇ ਸਾਫ਼ ਦਿਖਾਈ ਦੇ ਰਿਹਾ ਹੈ। ਤ੍ਰਿਸ਼ੂਲੀ ਹਸਪਤਾਲ ’ਚ ਹੜ੍ਹ ਤੋਂ ਬਾਅਦ ਹੁਣ ਤੱਕ ਨੌਂ ਜਣੇਪੇ ਹੋ ਚੁੱਕੇ ਹਨ। ਗਰਭਵਤੀ ਔਰਤਾਂ ਬੁਖ਼ਾਰ, ਗਰਭ ’ਚ ਬੱਚੇ ਦੀ ਘੱਟ ਹਿਲਜੁਲ ਅਤੇ ਪਿਸ਼ਾਬ ਦੀ ਲਾਗ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਹਸਪਤਾਲ ’ਚ ਬਿਜਲੀ ਦੀ ਸਪਲਾਈ ਅਨਿਯਮਿਤ ਹੈ ਅਤੇ ਆਪ੍ਰੇਸ਼ਨ ਲਈ ਜਨਰੇਟਰ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਉਪਕਰਨਾਂ ਨੂੰ ਵੀ ਸੀਮਤ ਸਾਧਨਾਂ ਨਾਲ ਰੋਗਾਣੂ-ਮੁਕਤ ਕਰਨਾ ਪੈ ਰਿਹਾ ਹੈ। ਸੜਕਾਂ ਅਤੇ ਪੁਲਾਂ ਦੇ ਨੁਕਸਾਨੇ ਜਾਣ ਕਾਰਨ ਕਾਠਮੰਡੂ ਤੱਕ ਪਹੁੰਚਣ ’ਚ ਲੱਗਣ ਵਾਲਾ ਸਮਾਂ ਵੀ ਕਈ ਗੁਣਾ ਵਧ ਗਿਆ ਹੈ। ਹਸਪਤਾਲ ’ਚ ਗੰਭੀਰ ਹਾਲਤ ਵਾਲੇ ਨਵਜੰਮੇ ਬੱਚਿਆਂ ਲਈ ਉੱਨਤ ਨਵਜਾਤ ਦੇਖਭਾਲ ਇਕਾਈ ਵੀ ਉਪਲਬਧ ਨਹੀਂ ਹੈ।
ਰਾਹਤ ਕੈਂਪਾਂ ’ਚ ਸਮੱਸਿਆ ਸਿਰਫ਼ ਇਲਾਜ ਦੀ ਨਹੀਂ ਹੈ। ਮਾਂ ਦਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਲੋੜੀਂਦਾ ਅਤੇ ਢੁੱਕਵਾਂ ਭੋਜਨ ਨਹੀਂ ਮਿਲ ਰਿਹਾ। ਕੁਝ ਕੈਂਪਾਂ ’ਚ ਨਵਜੰਮੇ ਬੱਚਿਆਂ ਨੂੰ ਵੀ ਉਹੀ ਆਮ ਭੋਜਨ ਦੇਣ ਦੀ ਸ਼ਿਕਾਇਤ ਸਾਹਮਣੇ ਆਈ ਹੈ ਜੋ ਬਾਲਗਾਂ ਨੂੰ ਦਿੱਤਾ ਜਾ ਰਿਹਾ ਹੈ। ਮਾਵਾਂ ਲਈ ਮਾਂ ਦਾ ਦੁੱਧ ਪਿਲਾਉਣ ਵਾਸਤੇ ਨਿੱਜੀ ਥਾਂ ਤੱਕ ਉਪਲਬਧ ਨਹੀਂ ਹੈ।
ਚੰਦਰਵਤੀ ਸੈਕੰਡਰੀ ਸਕੂਲ ’ਚ ਬਣੇ ਇਕ ਆਸਰਾ ਕੇਂਦਰ ’ਚ 1,000 ਤੋਂ ਵੱਧ ਉੱਜੜੇ ਲੋਕ ਰਹਿ ਰਹੇ ਹਨ ਜਿਨ੍ਹਾਂ ’ਚ ਲਗਪਗ 500 ਔਰਤਾਂ ਹਨ। ਮਹਿਲਾ ਅਧਿਕਾਰ ਸੰਗਠਨ ਡਬਲਿਊਓਆਰਈਸੀ ਮੁਤਾਬਕ ਇੱਥੇ ਮਾਹਵਾਰੀ ਵਾਲੀਆਂ ਕਿਸ਼ੋਰੀਆਂ ਨੂੰ ਲੋੜੀਂਦੇ ਸੈਨੇਟਰੀ ਪੈਡ ਨਹੀਂ ਮਿਲ ਰਹੇ। ਔਰਤਾਂ ਦੇ ਨਹਾਉਣ, ਕੱਪੜੇ ਸੁਕਾਉਣ ਅਤੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਲਈ ਵੱਖਰੀ ਥਾਂ ਵੀ ਨਹੀਂ ਹੈ। ਸੰਗਠਨ ਦਾ ਕਹਿਣਾ ਹੈ ਕਿ ਆਫ਼ਤ ਦੀ ਸਥਿਤੀ ’ਚ ਨਿੱਜਤਾ ਕੋਈ ਵਾਧੂ ਸਹੂਲਤ ਨਹੀਂ, ਸਗੋਂ ਔਰਤਾਂ ਦੀ ਬੁਨਿਆਦੀ ਲੋੜ ਹੈ।
ਯੂਐੱਨਐੱਫਪੀਏ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਭੀੜ-ਭੜੱਕੇ ਵਾਲੇ ਅਤੇ ਅਸੁਰੱਖਿਅਤ ਆਸਰਾ ਕੇਂਦਰ, ਨਿੱਜਤਾ ਦੀ ਘਾਟ ਅਤੇ ਲਿੰਗ ਦੇ ਆਧਾਰ ’ਤੇ ਵੱਖਰੀਆਂ ਸਹੂਲਤਾਂ ਦੀ ਕਮੀ ਔਰਤਾਂ ਅਤੇ ਕਿਸ਼ੋਰੀਆਂ ਵਿਰੁੱਧ ਹਿੰਸਾ, ਸ਼ੋਸ਼ਣ ਅਤੇ ਤਸਕਰੀ ਦਾ ਖ਼ਤਰਾ ਵਧਾ ਸਕਦੀ ਹੈ। ਰਾਹਤ ਤਹਿਤ ਏਜੰਸੀ ਨੇ ਹਜ਼ਾਰਾਂ ਔਰਤਾਂ ਅਤੇ ਕਿਸ਼ੋਰੀਆਂ ਨੂੰ ਸਨਮਾਨ ਕਿੱਟ ਅਤੇ ਸੁਰੱਖਿਅਤ ਥਾਂ ਉਪਲਬਧ ਕਰਾਉਣ ਦੀ ਪਹਿਲ ਕੀਤੀ ਹੈ।