- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੋਨੇਸ਼ੀਆ ਦੇ ਬੈਂਟਨ ਸੂਬੇ ਵਿੱਚ ਸ਼ਨੀਵਾਰ ਨੂੰ ਇੱਕ ਕੈਂਡੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 36 ਕਰਮਚਾਰੀ ਅਜੇ ਵੀ ਲਾਪਤਾ ਹਨ।

ਨੈਸ਼ਨਲ ਸਰਚ ਐਂਡ ਰੈਸਕਿਊ ਏਜੰਸੀ ਨੇ ਦੱਸਿਆ ਕਿ ਬਚਾਅ ਟੀਮਾਂ 36 ਲਾਪਤਾ ਕਰਮਚਾਰੀਆਂ ਦੀ ਭਾਲ ਕਰ ਰਹੀਆਂ ਹਨ। ਅੱਗ ਲੱਗਣ ਦੇ 12 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਅਤੇ ਕੂਲਿੰਗ ਆਪ੍ਰੇਸ਼ਨ ਵਿੱਚ ਜੁਟੇ ਹੋਏ ਹਨ।
ਬਚਾਅ ਟੀਮਾਂ ਨੁਕਸਾਨੀ ਇਮਾਰਤ ਵਿੱਚ ਕਰਮਚਾਰੀਆਂ ਦੀ ਭਾਲ ਕਰ ਰਹੀਆਂ ਹਨ। ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 4 ਜ਼ਖ਼ਮੀ ਹਨ।
ਇਹ ਅੱਗ ਜਕਾਰਤਾ ਨੇੜੇ ਸੇਰਾਂਗ ਜ਼ਿਲ੍ਹੇ ਵਿੱਚ ਸਥਿਤ 'ਪੀਟੀ ਫੋਨੁਸਾ ਆਗੁੰਗ ਮੁਲੀਆ' ਫੈਕਟਰੀ ਵਿੱਚ ਲੱਗੀ। ਇਸ ਫੈਕਟਰੀ ਵਿੱਚ 'ਮਿਲਕਿਟਾ' (Milkita) ਬ੍ਰਾਂਡ ਦੀ ਦੁੱਧ ਤੋਂ ਬਣੀ ਕੈਂਡੀ ਅਤੇ ਸਨੈਕਸ ਤਿਆਰ ਕੀਤੇ ਜਾਂਦੇ ਹਨ।
ਬੈਂਟਨ ਸਰਚ ਐਂਡ ਰੈਸਕਿਊ ਏਜੰਸੀ ਦੇ ਇੱਕ ਅਧਿਕਾਰੀ ਰਿਜ਼ਕੀ ਦਿਵਿਆਂਤੋ ਨੇ ਦੱਸਿਆ, "ਕਈ ਥਾਵਾਂ ’ਤੇ ਅਜੇ ਵੀ ਅੱਗ ਲੱਗੀ ਹੋਈ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਅਤੇ ਕੂਲਿੰਗ ਦਾ ਕੰਮ ਕਰ ਰਹੇ ਹਨ।"
ਦਿਵਿਆਂਤੋ ਨੇ ਦੱਸਿਆ ਕਿ ਸੇਰਾਂਗ ਜ਼ਿਲ੍ਹੇ ਅਤੇ ਬੈਂਟਨ ਸੂਬੇ ਦੇ ਫਾਇਰ ਬ੍ਰਿਗੇਡ ਕਰਮਚਾਰੀ ਫੈਕਟਰੀ ਦੇ ਕਈ ਹਿੱਸਿਆਂ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਚਾਅ ਟੀਮਾਂ ਫੈਕਟਰੀ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਕਰਮਚਾਰੀਆਂ ਨੂੰ ਲੱਭ ਰਹੀਆਂ ਹਨ। ਇਸ ਕੰਮ ਵਿੱਚ ਸਥਾਨਕ ਫਾਇਰ ਬ੍ਰਿਗੇਡ ਦੇ ਨਾਲ-ਨਾਲ 'ਇੰਡੋਨੇਸ਼ੀਅਨ ਰੈੱਡ ਕਰਾਸ' ਵੀ ਮਦਦ ਕਰ ਰਿਹਾ ਹੈ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਅੱਗ ਲੱਗਣ ਸਮੇਂ ਸਾਰੇ 36 ਲਾਪਤਾ ਕਰਮਚਾਰੀ ਫੈਕਟਰੀ ਦੇ ਅੰਦਰ ਹੀ ਮੌਜੂਦ ਸਨ ਜਾਂ ਨਹੀਂ। ਹਾਲਾਂਕਿ, ਹਾਦਸੇ ਵਿੱਚ ਬਚੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਤੀਜੀ ਮੰਜ਼ਿਲ ’ਤੇ ਇੱਕ ਕੂਲਿੰਗ ਯੂਨਿਟ ਦੇ ਨੇੜੇ ਲੱਗਣੀ ਸ਼ੁਰੂ ਹੋਈ ਸੀ।
ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਤਿੰਨ ਮੰਜ਼ਿਲਾ ਫੈਕਟਰੀ ਅੱਗ ਦੀਆਂ ਲਪਟਾਂ ਵਿੱਚ ਘਿਰੀ ਦਿਖਾਈ ਦੇ ਰਹੀ ਹੈ ਅਤੇ ਅਸਮਾਨ ਵਿੱਚ ਸੰਘਣਾ ਕਾਲਾ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ। ਅੱਗ ਤੋਂ ਬਾਅਦ ਦੀਆਂ ਤਸਵੀਰਾਂ ਵਿੱਚ ਮੁੜਿਆ ਹੋਇਆ ਧਾਤੂ ਢਾਂਚਾ, ਸੜੀ ਹੋਈ ਛੱਤ ਅਤੇ ਨੁਕਸਾਨੀ ਇਮਾਰਤ ਦੇ ਫਰਸ਼ ’ਤੇ ਖਿੱਲਰਿਆ ਮਲਬਾ ਦਿਖਾਈ ਦੇ ਰਿਹਾ ਹੈ।