ਨੇਪਾਲ 'ਚ ਅਚਾਨਕ ਆਏ ਹੜ੍ਹ ਨਾਲ ਭਾਰੀ ਤਬਾਹੀ, 6 ਪੁਲ ਤੇ 35 ਤੋਂ ਵੱਧ ਘਰ ਰੁੜ੍ਹੇ; 10 ਲੋਕ ਲਾਪਤਾ ਨੇਪਾਲ ਦੇ ਗੋਰਖਾ ਜ਼ਿਲ੍ਹੇ 'ਚ ਐਤਵਾਰ ਤੜਕੇ ਕੁਦਰਤ ਦਾ ਬੇਹੱਦ ਭਿਆਨਕ ਰੂਪ ਦੇਖਣ ਨੂੰ ਮਿਲਿਆ। ਬੁੱਢੀ ਗੰਡਕੀ ਨਦੀ 'ਚ ਅਚਾਨਕ ਮਲਬੇ ਨਾਲ ਭਰਿਆ ਤੇਜ਼ ਹੜ੍ਹ ਆਉਣ ਕਾਰਨ ਭਾਰੀ ਤਬਾਹੀ ਮਚ ਗਈ। ਇਸ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਕਾਰਨ 35 ਤੋਂ ਵੱਧ ਘਰ ਅਤੇ ਕਈ ਪੁਲ ਰੁੜ੍ਹ ਗਏ ਹਨ। ਇਸ ਦੇ ਨਾਲ ਹੀ 10 ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।
Publish Date: Sun, 11 Oct 2026 02:46 PM (IST)
Updated Date: Sun, 11 Oct 2026 02:48 PM (IST)
ਡਿਜੀਟਲ ਡੈਸਕ, ਕਾਠਮੰਡੂ - ਨੇਪਾਲ ਦੇ ਗੋਰਖਾ ਜ਼ਿਲ੍ਹੇ 'ਚ ਐਤਵਾਰ ਤੜਕੇ ਕੁਦਰਤ ਦਾ ਬੇਹੱਦ ਭਿਆਨਕ ਰੂਪ ਦੇਖਣ ਨੂੰ ਮਿਲਿਆ। ਬੁੱਢੀ ਗੰਡਕੀ ਨਦੀ 'ਚ ਅਚਾਨਕ ਮਲਬੇ ਨਾਲ ਭਰਿਆ ਤੇਜ਼ ਹੜ੍ਹ ਆਉਣ ਕਾਰਨ ਭਾਰੀ ਤਬਾਹੀ ਮਚ ਗਈ। ਇਸ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਕਾਰਨ 35 ਤੋਂ ਵੱਧ ਘਰ ਅਤੇ ਕਈ ਪੁਲ ਰੁੜ੍ਹ ਗਏ ਹਨ। ਇਸ ਦੇ ਨਾਲ ਹੀ 10 ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।
ਅਧਿਕਾਰੀਆਂ ਮੁਤਾਬਕ, ਐਤਵਾਰ ਸਵੇਰੇ ਕਰੀਬ 4 ਵਜੇ ਜ਼ਿਲ੍ਹੇ ਦੇ ਉੱਤਰੀ ਹਿੱਸੇ 'ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਸਥਾਨਕ ਲੋਕਾਂ 'ਚ ਹਫ਼ੜਾ-ਦਫ਼ੜੀ ਮਚ ਗਈ। ਆਸ-ਪਾਸ ਦੀਆਂ ਨਦੀਆਂ ਅਤੇ ਨਾਲਿਆਂ 'ਚੋਂ ਤੇਜ਼ ਗਰਜਣ ਦੀਆਂ ਆਵਾਜ਼ਾਂ ਸੁਣ ਕੇ ਚੁਮਲਿੰਗ ਅਤੇ ਲੋਕਪਾ ਵਰਗੀਆਂ ਬਸਤੀਆਂ ਦੇ ਲੋਕਾਂ ਅਤੇ ਉੱਥੇ ਠਹਿਰੇ ਸੈਲਾਨੀਆਂ ਨੇ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜਣਾ ਸ਼ੁਰੂ ਕਰ ਦਿੱਤਾ।
ਹੜ੍ਹ 'ਚ ਰੁੜ੍ਹ ਗਏ 6 ਪੁਲ ਮਿਲੀ ਜਾਣਕਾਰੀ ਅਨੁਸਾਰ, ਹੜ੍ਹ ਦੇ ਤੇਜ਼ ਵਹਾਅ 'ਚ ਕੁੱਲ 6 ਪੁਲ ਰੁੜ੍ਹ ਗਏ ਹਨ। ਇਨ੍ਹਾਂ 'ਚ 2 ਵਾਹਨਾਂ ਦੀ ਆਵਾਜਾਈ ਯੋਗ ਪੁਲ ਅਤੇ 4 ਸਸਪੈਂਸ਼ਨ (ਝੂਲਾ) ਪੁਲ ਸ਼ਾਮਲ ਹਨ। ਅਰੂਘਾਟ, ਤ੍ਰਿਪੁਰਾਸੁੰਦਰੀ ਅਤੇ ਸੋਤੀ-ਮਾਨਬੂ ਦੇ ਪੁਲਾਂ ਤੋਂ ਇਲਾਵਾ ਧਾਰਚੇ ਗ੍ਰਾਮੀਣ ਪਾਲਿਕਾ ਦਾ ਇੱਕ ਬੇਲੀ ਪੁਲ ਵੀ ਤਬਾਹ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਛੋਟੇ ਪੈਦਲ ਪੁਲ ਵੀ ਰੁੜ੍ਹ ਗਏ ਹਨ।
ਪ੍ਰਸ਼ਾਸਨ ਹਰਕਤ 'ਚ, ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤੇ ਹੁਕਮ ਉੱਧਰ, ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਤੁਰੰਤ ਨੇਪਾਲੀ ਫ਼ੌਜ ਦੀਆਂ ਟੁਕੜੀਆਂ ਨੂੰ ਹਵਾਈ ਅਤੇ ਸੜਕੀ ਰਸਤਿਆਂ ਰਾਹੀਂ ਰਾਹਤ ਤੇ ਬਚਾਅ ਕਾਰਜਾਂ ਲਈ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਕਾਠਮੰਡੂ ਤੋਂ ਇੱਕ ਸਾਂਝੀ ਤੁਰੰਤ ਕਾਰਵਾਈ ਟੀਮ ਨੂੰ ਵੀ ਹਵਾਈ ਜਹਾਜ਼ ਰਾਹੀਂ ਪ੍ਰਭਾਵਿਤ ਖੇਤਰ 'ਚ ਪਹੁੰਚਾਇਆ ਗਿਆ ਹੈ।
ਕਿੱਥੇ-ਕਿੱਥੇ ਹੋਇਆ ਨੁਕਸਾਨ? ਚੁਮਨੁਬਰੀ ਗ੍ਰਾਮੀਣ ਨਗਰ ਪਾਲਿਕਾ-3 ਦੇ ਵਾਰਡ ਪ੍ਰਧਾਨ ਰਾਮ ਕੁਮਾਰ ਗੁਰੂਂਗ ਮੁਤਾਬਕ, ਬੁੱਢੀ ਗੰਡਕੀ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਸਾਲੇਰੀ, ਪੈਯੁਕਾ ਅਤੇ ਜਗਤ ਦੇ ਨਦੀ ਕਿਨਾਰੇ ਵਸੇ ਇਲਾਕਿਆਂ 'ਚ ਬਣੇ ਦਰਜਨਾਂ ਮਕਾਨ ਪਾਣੀ 'ਚ ਰੁੜ੍ਹ ਗਏ। ਇਸ ਤੋਂ ਇਲਾਵਾ ਵਾਰਡ ਨੂੰ ਜੋੜਨ ਵਾਲਾ ਇੱਕ ਝੂਲਾ ਪੁਲ ਅਤੇ ਨਿਆਕਚੇਤ ਤੇ ਫਿਲਿਮ ਬਾਜ਼ਾਰ ਨੂੰ ਜੋੜਨ ਵਾਲਾ ਪੁਲ ਵੀ ਰੁੜ੍ਹ ਗਿਆ ਹੈ।
ਅਚਾਨਕ ਆਇਆ ਹੜ੍ਹ, ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਇਸ ਅਚਾਨਕ ਆਈ ਆਫ਼ਤ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਤੋਂ ਹੀ ਨਦੀਆਂ ਅਤੇ ਨਾਲਿਆਂ 'ਚੋਂ ਤੇਜ਼ ਗਰਜਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸਨ। ਪਾਣੀ ਦਾ ਵਹਾਅ ਵਾਰ-ਵਾਰ ਰੁਕਣ ਤੋਂ ਬਾਅਦ ਅਚਾਨਕ ਤੇਜ਼ ਹੋ ਜਾਂਦਾ ਸੀ। ਇਸ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਆਪਣਾ ਸਾਮਾਨ ਕੱਢੇ ਬਿਨਾਂ ਹੀ ਘਰਾਂ 'ਚੋਂ ਭੱਜ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚੇ।
ਉੱਧਰ, ਗੋਰਖਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਧਰਮਿੰਦਰ ਕੁਮਾਰ ਮਿਸ਼ਰਾ ਮੁਤਾਬਕ, ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸਿਉਰੀਬਾਸ ਦੇ ਉੱਪਰਲੇ ਹਿੱਸੇ 'ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ। ਦੂਜੇ ਪਾਸੇ, ਸਥਾਨਕ ਲੋਕਾਂ ਨੂੰ ਖ਼ਦਸ਼ਾ ਹੈ ਕਿ ਚੁਮਨੁਬਰੀ-6 'ਚ ਲੋਕਪਾ ਅਤੇ ਚੁਮਲਿੰਗ ਦੇ ਵਿਚਕਾਰ ਬੁੱਢੀ ਗੰਡਕੀ ਦੀ ਸਹਾਇਕ ਨਦੀ ਸਿਆਰ ਦਾ ਰਸਤਾ ਰੁਕਣ ਕਾਰਨ ਇਹ ਅਚਾਨਕ ਹੜ੍ਹ ਆਇਆ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਰਾਹਤ ਕਾਰਜ ਜਾਰੀ ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਸੁਦਨ ਗੁਰੂਂਗ ਨੇ ਦੱਸਿਆ ਕਿ ਨਦੀ ਦਾ ਪਾਣੀ ਲਗਾਤਾਰ ਵਧਣ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਬਚਾਅ ਕਾਰਜਾਂ, ਰਾਹਤ ਸਮੱਗਰੀ ਵੰਡਣ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਗਏ ਹਨ।
ਨੇਪਾਲ ਪੁਲਿਸ, ਹਥਿਆਰਬੰਦ ਪੁਲਿਸ ਬਲ (APF) ਅਤੇ ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜਾਂ 'ਚ ਪੂਰੀ ਤਰ੍ਹਾਂ ਜੁਟੇ ਹੋਏ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਲਾਊਡਸਪੀਕਰਾਂ ਰਾਹੀਂ ਲਗਾਤਾਰ ਐਲਾਨ ਕਰਕੇ ਨਦੀ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਉੱਚੀਆਂ ਤੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।