ਬੰਗਾਲ ਦੀ ਖਾੜੀ 'ਚ ਵੱਡਾ ਹਾਦਸਾ: ਦੋ ਕਿਸ਼ਤੀਆਂ ਡੁੱਬਣ ਕਾਰਨ 500 ਤੋਂ ਵੱਧ ਰੋਹਿੰਗਿਆ ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਮਿਆਂਮਾਰ ਤੋਂ ਨਿਕਲੇ 500 ਤੋਂ ਵੱਧ ਲੋਕਾਂ ਦੇ ਸਮੁੰਦਰ 'ਚ ਲਾਪਤਾ ਹੋਣ ਦਾ ਖ਼ਦਸ਼ਾ ਹੈ। ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਨੇ ਦੱਸਿਆ ਕਿ ਮਿਆਂਮਾਰ ਦੇ ਤੱਟ ਨੇੜੇ ਖ਼ਰਾਬ ਮੌਸਮ ਕਾਰਨ ਦੋ ਕਿਸ਼ਤੀਆਂ ਡੁੱਬ ਗਈਆਂ। ਲਾਪਤਾ ਲੋਕਾਂ 'ਚ ਜ਼ਿਆਦਾਤਰ ਰੋਹਿੰਗਿਆ ਭਾਈਚਾਰੇ ਦੇ ਸ਼ਰਨਾਰਥੀ ਸ਼ਾਮਲ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਏਜੰਸੀਆਂ ਅਨੁਸਾਰ, ਇਹ ਦੋਵੇਂ ਕਿਸ਼ਤੀਆਂ ਜੂਨ ਦੇ ਆਖਰੀ ਹਫ਼ਤੇ ਮਿਆਂਮਾਰ ਦੇ ਪੱਛਮੀ ਰਖਾਈਨ ਰਾਜ ਤੋਂ ਰਵਾਨਾ ਹੋਈਆਂ ਸਨ।
Publish Date: Fri, 17 Jul 2026 10:37 AM (IST)
Updated Date: Fri, 17 Jul 2026 10:38 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਮਿਆਂਮਾਰ ਤੋਂ ਨਿਕਲੇ 500 ਤੋਂ ਵੱਧ ਲੋਕਾਂ ਦੇ ਸਮੁੰਦਰ 'ਚ ਲਾਪਤਾ ਹੋਣ ਦਾ ਖ਼ਦਸ਼ਾ ਹੈ। ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਨੇ ਦੱਸਿਆ ਕਿ ਮਿਆਂਮਾਰ ਦੇ ਤੱਟ ਨੇੜੇ ਖ਼ਰਾਬ ਮੌਸਮ ਕਾਰਨ ਦੋ ਕਿਸ਼ਤੀਆਂ ਡੁੱਬ ਗਈਆਂ। ਲਾਪਤਾ ਲੋਕਾਂ 'ਚ ਜ਼ਿਆਦਾਤਰ ਰੋਹਿੰਗਿਆ ਭਾਈਚਾਰੇ ਦੇ ਸ਼ਰਨਾਰਥੀ ਸ਼ਾਮਲ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਏਜੰਸੀਆਂ ਅਨੁਸਾਰ, ਇਹ ਦੋਵੇਂ ਕਿਸ਼ਤੀਆਂ ਜੂਨ ਦੇ ਆਖਰੀ ਹਫ਼ਤੇ ਮਿਆਂਮਾਰ ਦੇ ਪੱਛਮੀ ਰਖਾਈਨ ਰਾਜ ਤੋਂ ਰਵਾਨਾ ਹੋਈਆਂ ਸਨ।
ਬਿਆਨ ਮੁਤਾਬਕ ਪਹਿਲੀ ਕਿਸ਼ਤੀ 'ਚ ਕਰੀਬ 250 ਲੋਕ ਸਵਾਰ ਸਨ। ਇਹ ਕਿਸ਼ਤੀ ਰਖਾਈਨ ਤੋਂ ਨਿਕਲਣ ਦੇ ਕੁਝ ਦੇਰ ਬਾਅਦ ਹੀ ਲਾਪਤਾ ਹੋ ਗਈ ਅਤੇ ਉਸ ਨਾਲ ਸੰਪਰਕ ਟੁੱਟ ਗਿਆ। ਦੂਜੀ ਕਿਸ਼ਤੀ 'ਚ ਲਗਭਗ 280 ਲੋਕ ਸਵਾਰ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ 8 ਜੁਲਾਈ ਨੂੰ ਮਿਆਂਮਾਰ ਦੇ ਅਯੇਯਾਰਵਾਦੀ ਤੱਟ ਨੇੜੇ ਡੁੱਬ ਗਈ। ਏਜੰਸੀਆਂ ਨੇ ਕਿਹਾ ਕਿ ਅਜੇ ਇਨ੍ਹਾਂ ਘਟਨਾਵਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਜਾਣ ਦੀ ਖ਼ਬਰ ਤੋਂ ਉਹ ਬੇਹੱਦ ਚਿੰਤਤ ਹਨ।
ਖ਼ਤਰਨਾਕ ਮੌਸਮ 'ਚ ਕਿਉਂ ਨਿਕਲੇ? ਆਮ ਤੌਰ 'ਤੇ ਰੋਹਿੰਗਿਆ ਭਾਈਚਾਰਾ ਮਾਨਸੂਨ ਦੇ ਮੌਸਮ 'ਚ ਸਮੁੰਦਰੀ ਰਸਤੇ ਯਾਤਰਾ ਨਹੀਂ ਕਰਦਾ। ਇਸ ਸਮੇਂ ਸਮੁੰਦਰ 'ਚ ਤੂਫ਼ਾਨ ਅਤੇ ਉੱਚੀਆਂ ਲਹਿਰਾਂ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਪਰ ਮਿਆਂਮਾਰ 'ਚ ਜਾਰੀ ਹਿੰਸਾ ਅਤੇ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ 'ਚ ਭੀੜ ਤੇ ਖ਼ਰਾਬ ਹਾਲਾਤਾਂ ਕਾਰਨ ਲੋਕ ਆਪਣੀ ਜਾਨ ਜ਼ੋਖਮ 'ਚ ਪਾ ਕੇ ਵੀ ਸਮੁੰਦਰੀ ਰਸਤਾ ਚੁਣ ਰਹੇ ਹਨ।
ਮਲੇਸ਼ੀਆ ਪਹੁੰਚਣ ਦੀ ਕੋਸ਼ਿਸ਼ ਏਜੰਸੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਯਾਤਰੀ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ ਵੀ ਆਏ ਸਨ। ਜ਼ਿਆਦਾਤਰ ਲੋਕ ਮਲੇਸ਼ੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ 'ਚ ਬਿਹਤਰ ਜ਼ਿੰਦਗੀ ਦੀ ਭਾਲ 'ਚ ਜਾ ਰਹੇ ਸਨ। ਇਸ ਦੇ ਲਈ ਉਹ ਖ਼ਸਤਾਹਾਲ ਲੱਕੜ ਦੀਆਂ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਸਨ। ਪਿਛਲੇ ਕਈ ਸਾਲਾਂ 'ਚ ਅਜਿਹੀਆਂ ਯਾਤਰਾਵਾਂ ਦੌਰਾਨ ਹਜ਼ਾਰਾਂ ਰੋਹਿੰਗਿਆ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚ ਬੱਚੇ, ਨਵਜੰਮੇ ਬੱਚੇ ਅਤੇ ਗਰਭਵਤੀ ਔਰਤਾਂ ਵੀ ਸ਼ਾਮਲ ਹਨ।
ਕੀ ਹੈ ਇਤਿਹਾਸ? ਰੋਹਿੰਗਿਆ ਮਿਆਂਮਾਰ ਦੇ ਰਖਾਈਨ ਰਾਜ ਦਾ ਮੁਸਲਿਮ ਘੱਟ ਗਿਣਤੀ ਭਾਈਚਾਰਾ ਹੈ। ਦਹਾਕਿਆਂ ਤੋਂ ਇਸ ਭਾਈਚਾਰੇ ਨੂੰ ਅੱਤਿਆਚਾਰ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2017 'ਚ ਮਿਆਂਮਾਰ ਦੀ ਫ਼ੌਜ ਦੀ ਕਾਰਵਾਈ ਤੋਂ ਬਾਅਦ ਰਖਾਈਨ ਤੋਂ ਵੱਡੇ ਪੱਧਰ 'ਤੇ ਪਲਾਇਨ ਸ਼ੁਰੂ ਹੋਇਆ ਸੀ। ਉਸ ਸਮੇਂ ਘੱਟੋ-ਘੱਟ 7 ਲੱਖ 30 ਹਜ਼ਾਰ ਰੋਹਿੰਗਿਆ ਭੱਜ ਕੇ ਬੰਗਲਾਦੇਸ਼ ਚਲੇ ਗਏ ਸਨ ਅਤੇ ਉੱਥੇ ਸ਼ਰਨਾਰਥੀ ਕੈਂਪਾਂ 'ਚ ਰਹਿ ਰਹੇ ਹਨ।
ਮਿਆਂਮਾਰ ਸਰਕਾਰ ਅਤੇ ਸਥਾਨਕ ਲੋਕ ਰੋਹਿੰਗਿਆ ਲੋਕਾਂ ਨੂੰ ਦੇਸ਼ ਦਾ ਨਾਗਰਿਕ ਨਹੀਂ ਮੰਨਦੇ। ਉਨ੍ਹਾਂ ਨੂੰ 'ਬੰਗਾਲੀ' ਕਹਿ ਕੇ ਬੁਲਾਇਆ ਜਾਂਦਾ ਹੈ। ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ।