ਮੈਲਬੌਰਨ 'ਚ ਖਾਲਸਾ ਏਡ ਵੱਲੋਂ 'ਲੋਕ ਮਿਲਣੀ' ਸਮਾਗਮ, ਲੋੜਵੰਦਾਂ ਤੇ ਵਿਦਿਆਰਥੀਆਂ ਦੀ ਸੇਵਾ ਦਾ ਸੰਕਲਪ ਦੁਹਰਾਇਆ
ਖਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਵੱਲੋਂ ਬੀਤੇ ਦਿਨ ਪ੍ਰੈਜ਼ੀਡੈਂਟਸ ਪਾਰਕ ਵਿੰਡਮ ਵੇਲ ਵਿਖੇ ‘ਲੋਕ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਖਾਲਸਾ ਏਡ ਦੀ ਸਮੁੱਚੀ ਟੀਮ, ਵਲੰਟੀਅਰਾਂ ਅਤੇ ਸੰਸਥਾ ਦੇ ਸਹਿਯੋਗੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
Publish Date: Mon, 24 Aug 2026 02:53 PM (IST)
Updated Date: Mon, 24 Aug 2026 03:14 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਖਾਲਸਾ ਏਡ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਵੱਲੋਂ ਬੀਤੇ ਦਿਨ ਪ੍ਰੈਜ਼ੀਡੈਂਟਸ ਪਾਰਕ ਵਿੰਡਮ ਵੇਲ ਵਿਖੇ ‘ਲੋਕ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਖਾਲਸਾ ਏਡ ਦੀ ਸਮੁੱਚੀ ਟੀਮ, ਵਲੰਟੀਅਰਾਂ ਅਤੇ ਸੰਸਥਾ ਦੇ ਸਹਿਯੋਗੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਖਾਲਸਾ ਏਡ ਆਸਟ੍ਰੇਲੀਆ ਦੇ ਪ੍ਰਬੰਧਕਾਂ ਭਾਈ ਹਰਪ੍ਰੀਤ ਸਿੰਘ ਅਤੇ ਬੀਬੀ ਮਨਜਿੰਦਰ ਕੌਰ ਨੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਨੇ ਖਾਲਸਾ ਏਡ ਵੱਲੋਂ ਆਸਟ੍ਰੇਲੀਆ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਾਏ ਜਾ ਰਹੇ ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਨਾਲ ਜੁੜੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰਬੰਧਕਾਂ ਨੇ ਦੱਸਿਆ ਕਿ ਖਾਲਸਾ ਏਡ ਆਸਟ੍ਰੇਲੀਆ ਵੱਲੋਂ ਸਾਲ 2023 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗਰੋਸਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸੰਸਥਾ ਦੇ ਵਲੰਟੀਅਰ ਵੱਖ-ਵੱਖ ਥਾਵਾਂ ’ਤੇ ਜਾ ਕੇ ਬੇਘਰੇ ਅਤੇ ਲੋੜਵੰਦ ਲੋਕਾਂ ਲਈ ਰਾਸ਼ਨ ਅਤੇ ਤਿਆਰ ਭੋਜਨ ਦਾ ਪ੍ਰਬੰਧ ਵੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਕੁਦਰਤੀ ਆਫ਼ਤਾਂ ਦੌਰਾਨ ਵੀ ਖਾਲਸਾ ਏਡ ਦੀ ਟੀਮ ਪ੍ਰਭਾਵਿਤ ਲੋਕਾਂ ਤੱਕ ਹਰ ਸੰਭਵ ਸਹਾਇਤਾ ਪਹੁੰਚਾਉਂਦੀ ਆ ਰਹੀ ਹੈ। ਇਸ ਤੋਂ ਇਲਾਵਾ ਖਾਲਸਾ ਏਡ ਵੱਲੋਂ ਦੁਨੀਆ ਭਰ ਵਿੱਚ ਕੁਦਰਤੀ ਆਫ਼ਤਾਂ ਅਤੇ ਜੰਗੀ ਹਾਲਾਤ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ।
ਪੰਜਾਬ ਵਿੱਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਖੇਤਾਂ ਵਿੱਚੋਂ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਕਿਸਾਨਾਂ ਦੀ ਮੁੜ ਪੈਰਾਂ ਸਿਰ ਖੜ੍ਹੇ ਹੋਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।
ਸਮਾਗਮ ਦੇ ਅੰਤ ਵਿੱਚ ਖਾਲਸਾ ਏਡ ਆਸਟ੍ਰੇਲੀਆ ਦੀ ਸਮੁੱਚੀ ਟੀਮ ਨੇ ਪਹੁੰਚੀਆਂ ਸੰਗਤਾਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਮਨੁੱਖਤਾ ਦੀ ਸੇਵਾ ਲਈ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।