ਡਰੋਨ, ਗੁਬਾਰੇ ਤੇ ਪਤੰਗੇ ਭੇਜ ਰਹਾ ਗਾਜ਼ਾ, ਇਜ਼ਰਾਈਲ ਨੇ ਲਾਇਆ ਦੋਸ਼; ਫਿਰ ਕੀਤਾ ਹਵਾਈ ਹਮਲਾ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਜ਼ਰਾਈਲ ਨੇ ਗਾਜ਼ਾ ਵੱਲੋਂ ਉਸ ਵੱਲ ਗੁਬਾਰੇ, ਡਰੋਨ ਅਤੇ ਪਤੰਗਾਂ ਛੱਡੇ ਜਾਣ ਤੋਂ ਬਾਅਦ ਹਮਲਿਆਂ ਨੂੰ ਹੋਰ ਤੇਜ਼ ਕਰਨ ਦੀ ਧਮਕੀ ਦਿੱਤੀ ਸੀ। ਸਥਾਨਕ ਵਾਸੀਆਂ ਅਨੁਸਾਰ, ਇੱਕ ਹਮਲਾ ਮੱਧ ਸ਼ਹਿਰ ਜਵਾਇਦਾ ਦੀ ਇੱਕ ਇਮਾਰਤ 'ਤੇ ਹੋਇਆ। ਇਸ ਤੋਂ ਪਹਿਲਾਂ ਇਜ਼ਰਾਈਲੀ ਫ਼ੌਜ ਨੇ ਇਮਾਰਤ ਦੇ ਮਾਲਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਸੀ।
Publish Date: Mon, 24 Aug 2026 10:37 AM (IST)
Updated Date: Mon, 24 Aug 2026 10:40 AM (IST)
ਡਿਜੀਟਲ ਡੈਸਕ, ਯਰੂਸ਼ਲਮ। ਗਾਜ਼ਾ ਪੱਟੀ ’ਚ ਇਜ਼ਰਾਈਲ ਦੇ ਦੋ ਹਵਾਈ ਹਮਲਿਆਂ ’ਚ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਚਾਰ ਸਾਲ ਦਾ ਇੱਕ ਬੱਚਾ ਵੀ ਸ਼ਾਮਲ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਜ਼ਰਾਈਲ ਨੇ ਗਾਜ਼ਾ ਵੱਲੋਂ ਉਸ ਵੱਲ ਗੁਬਾਰੇ, ਡਰੋਨ ਅਤੇ ਪਤੰਗਾਂ ਛੱਡੇ ਜਾਣ ਤੋਂ ਬਾਅਦ ਹਮਲਿਆਂ ਨੂੰ ਹੋਰ ਤੇਜ਼ ਕਰਨ ਦੀ ਧਮਕੀ ਦਿੱਤੀ ਸੀ। ਸਥਾਨਕ ਵਾਸੀਆਂ ਅਨੁਸਾਰ, ਇੱਕ ਹਮਲਾ ਮੱਧ ਸ਼ਹਿਰ ਜਵਾਇਦਾ ਦੀ ਇੱਕ ਇਮਾਰਤ 'ਤੇ ਹੋਇਆ। ਇਸ ਤੋਂ ਪਹਿਲਾਂ ਇਜ਼ਰਾਈਲੀ ਫ਼ੌਜ ਨੇ ਇਮਾਰਤ ਦੇ ਮਾਲਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਸੀ।
ਮਰਨ ਵਾਲਿਆਂ ’ਚ ਇੱਕ ਬੱਚਾ ਵੀ ਸ਼ਾਮਲ
ਮੈਡੀਕਲ ਕਰਮਚਾਰੀਆਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਮਲਬੇ ਅਤੇ ਧਾਤੂ ਦੇ ਟੁਕੜੇ ਦਰਜਨਾਂ ਮੀਟਰ ਦੇ ਦਾਇਰੇ ’ਚ ਫੈਲ ਗਏ, ਜਿਸ ਨਾਲ ਘੱਟੋ-ਘੱਟ ਛੇ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਚਾਰ ਸਾਲ ਦਾ ਮੁਹੰਮਦ ਅਬਦੇਲ-ਸਲਾਮ ਤਾਹਾ ਵੀ ਸ਼ਾਮਲ ਸੀ, ਜਿਸ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਉਸ ਇਮਾਰਤ ਕੋਲ ਸ਼ਰਨ ਲਈ ਬੈਠੇ ਬੇਘਰ ਫ਼ਲਸਤੀਨੀ ਅਬੂ ਅਹਿਮਦ ਨੇ ਕਿਹਾ, "ਕੋਈ ਜੰਗਬੰਦੀ ਨਹੀਂ ਹੈ, ਕੁਝ ਵੀ ਨਹੀਂ ਹੈ।" ਹਵਾਈ ਹਮਲੇ ਨੇ ਇਮਾਰਤ ਨੂੰ ਮੁੜੇ ਹੋਏ ਸਟੀਲ ਅਤੇ ਕੰਕਰੀਟ ਦੇ ਢੇਰ ਵਿੱਚ ਬਦਲ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ, "ਅਸੀਂ ਹੱਲ ਚਾਹੁੰਦੇ ਹਾਂ, ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ।"
ਦੂਜਾ ਹਵਾਈ ਹਮਲਾ ਕਿੱਥੇ ਹੋਇਆ?
ਫ਼ਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੂਜਾ ਹਵਾਈ ਹਮਲਾ ਨੇੜਲੇ ਨੁਸੈਇਰਾਤ ਸ਼ਰਨਾਰਥੀ ਕੈਂਪ 'ਤੇ ਹੋਇਆ। ਇਹ ਹਮਲੇ ਅਜਿਹੇ ਸਮੇਂ ਹੋਏ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮੀਨ ਨੇਤਨਯਾਹੂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਗਾਜ਼ਾ ਪੱਟੀ ਤੋਂ ਡਰੋਨ, ਗੁਬਾਰੇ ਅਤੇ ਪਤੰਗਾਂ ਛੱਡੇ ਜਾਣ ਦਾ ਸਿਲਸਿਲਾ ਤੁਰੰਤ ਨਹੀਂ ਰੁਕਿਆ ਤਾਂ ਇਜ਼ਰਾਈਲ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਹੋਰ ਤੇਜ਼ ਕਰ ਦੇਵੇਗਾ।
ਉੱਥੇ ਹੀ, ਹਮਾਸ ਨੇ ਇਜ਼ਰਾਈਲ 'ਤੇ ਦੋਸ਼ ਲਾਇਆ ਕਿ ਉਹ ਬੱਚਿਆਂ ਦੀਆਂ ਪਤੰਗਾਂ ਦਾ ਬਹਾਨਾ ਬਣਾ ਕੇ ਗਾਜ਼ਾ 'ਤੇ ਹਮਲੇ ਵਧਾ ਰਿਹਾ ਹੈ। ਐਕਸ (X) 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਅਧਿਕਾਰਤ ਅਕਾਊਂਟ ਤੋਂ ਕੀਤੀ ਗਈ ਇੱਕ ਪੋਸਟ ’ਚ ਕਿਹਾ ਗਿਆ ਕਿ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਅੱਜ ਸ਼ਾਮ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਛੱਡੇ ਜਾ ਰਹੇ ਡਰੋਨਾਂ, ਗੁਬਾਰਿਆਂ ਅਤੇ ਪਤੰਗਾਂ ਤੋਂ ਪੈਦਾ ਹੋਏ ਖ਼ਤਰੇ ਦੇ ਸਬੰਧ ਵਿੱਚ ਸਥਿਤੀ ਦਾ ਜਾਇਜ਼ਾ ਲਿਆ।