ਈਰਾਨ ਦੀ ਚਾਲ ਨਾਕਾਮ, ਨਹੀਂ ਰੁਕਿਆ ਤੇਲ ਦਾ ਕਾਰੋਬਾਰ; ਹੋਰਮੁਜ਼ ’ਚ ਰੁਕਾਵਟ ਦੇ ਬਾਵਜੂਦ ਖਾੜੀ ਦੇਸ਼ਾਂ ਨੇ ਬਦਲਿਆ ਤੇਲ ਰਸਤਾ
ਫ਼ਾਰਸ ਦੀ ਖਾੜੀ ਦੇ ਅਰਬ ਦੇਸ਼ਾਂ ਨੇ ਈਰਾਨ-ਅਮਰੀਕਾ ਤਣਾਅ ਤੇ ਹੋਰਮੁਜ਼ ਜਲਡਮਰੂਮੱਧ ’ਚ ਚੁਣੌਤੀਆਂ ਦੇ ਬਾਵਜੂਦ ਆਪਣੇ ਕੱਚੇ ਤੇਲ ਦਾ ਨਿਰਯਾਤ ਜੰਗ ਤੋਂ ਪਹਿਲਾਂ ਦੇ ਪੱਧਰ ’ਤੇ ਬਹਾਲ ਕਰ ਲਿਆ ਹੈ।
Publish Date: Mon, 05 Oct 2026 01:36 PM (IST)
Updated Date: Mon, 05 Oct 2026 01:41 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ। ਫ਼ਾਰਸ ਦੀ ਖਾੜੀ ਦੇ ਅਰਬ ਦੇਸ਼ ਈਰਾਨ-ਅਮਰੀਕਾ ਤਣਾਅ ਤੇ ਹੋਰਮੁਜ਼ ਜਲਡਮਰੂਮੱਧ ’ਚ ਜਾਰੀ ਤਣਾਅ ਦੇ ਬਾਵਜੂਦ ਆਪਣੇ ਕੱਚੇ ਤੇਲ ਦਾ ਨਿਰਯਾਤ ਜੰਗ ਤੋਂ ਪਹਿਲਾਂ ਦੇ ਪੱਧਰ ਤੱਕ ਲਿਆਉਣ ’ਚ ਸਫਲ ਰਹੇ ਹਨ। ਹਾਲਾਂਕਿ ਅਮਰੀਕਾ ਵੱਲੋਂ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਕਾਰਨ ਈਰਾਨ ਦਾ ਆਪਣਾ ਤੇਲ ਨਿਰਯਾਤ ਲਗਭਗ ਜ਼ੀਰੋ ਹੋ ਗਿਆ ਹੈ। ਇਹ ਪੂਰਾ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਈਰਾਨ ਨੇ ਹੋਰਮੁਜ਼ ਜਲਡਮਰੂਮੱਧ ’ਚ ਜਹਾਜ਼ਾਂ ਦੀ ਆਵਾਜਾਈ ਰੋਕ ਕੇ ਅਮਰੀਕਾ ’ਤੇ ਕੂਟਨੀਤਕ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ ਸੀ।
ਹੋਰਮੁਜ਼ ’ਚ ਕੀ ਬਦਲਾਅ ਆਇਆ? ਟੈਂਕਰ ਟ੍ਰੈਕਿੰਗ ਸੰਸਥਾ ਕੇਪਲਰ ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਤੋਂ 28 ਸਤੰਬਰ ਦੇ ਵਿਚਕਾਰ ਰੋਜ਼ਾਨਾ ਕਰੀਬ 1.65 ਕਰੋੜ ਬੈਰਲ ਕੱਚੇ ਤੇਲ ਤੇ ਕੰਡੈਂਸੇਟ ਦਾ ਨਿਰਯਾਤ ਹੋਇਆ, ਜੋ ਜੰਗ ਤੋਂ ਪਹਿਲਾਂ ਦੀ ਔਸਤ ਦੇ ਬਰਾਬਰ ਹੈ। ਕੁੱਲ ਨਿਰਯਾਤ ਦਾ 60 ਫ਼ੀਸਦੀ ਹੋਰਮੁਜ਼ ਦੇ ਰਸਤੇ ਗਿਆ।
ਲਗਭਗ 40 ਫ਼ੀਸਦੀ ਤੇਲ ਹੁਣ ਹੋਰਮੁਜ਼ ਦੀ ਬਜਾਏ ਜ਼ਮੀਨੀ ਪਾਈਪਲਾਈਨਾਂ ਤੇ ਹੋਰ ਬੰਦਰਗਾਹਾਂ ਰਾਹੀਂ ਭੇਜਿਆ ਜਾ ਰਿਹਾ ਹੈ। ਜੰਗ ਤੋਂ ਪਹਿਲਾਂ ਇਹ ਅੰਕੜਾ ਸਿਰਫ਼ 17 ਫ਼ੀਸਦੀ ਸੀ। ਜੁਲਾਈ ਤੋਂ ਲਾਗੂ ਨਾਕਾਬੰਦੀ ਕਾਰਨ ਹੋਰਮੁਜ਼ ਦੇ ਰਸਤੇ ਈਰਾਨੀ ਤੇਲ ਦਾ ਨਿਰਯਾਤ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਅਰਬ ਦੇਸ਼ਾਂ ਨੇ ਕਿਹੜਾ ਰਸਤਾ ਕੱਢਿਆ?
ਸਾਊਦੀ ਅਰਬ ਨੇ ਲਾਲ ਸਾਗਰ ਤੱਕ ਜਾਣ ਵਾਲੀਆਂ ਪਾਈਪਲਾਈਨਾਂ ਤੇ ਸੰਯੁਕਤ ਅਰਬ ਅਮੀਰਾਤ ਨੇ ਫੁਜੈਰਾ ਬੰਦਰਗਾਹ ਤੱਕ ਜਾਣ ਵਾਲੀਆਂ ਪਾਈਪਲਾਈਨਾਂ ਦੀ ਵਰਤੋਂ ਵਧਾ ਦਿੱਤੀ ਹੈ।
ਖਾੜੀ ਦੇਸ਼ਾਂ ਨੇ 63 ਬਹੁਤ ਵੱਡੇ ਤੇਲ ਟੈਂਕਰਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ ਹੈ। ਇਹ ਟੈਂਕਰ ਹੋਰਮੁਜ਼ ਦੇ ਅੰਦਰੋਂ ਤੇਲ ਲਿਆ ਕੇ ਫੁਜੈਰਾ ਦੇ ਨੇੜੇ ਵੱਡੇ ਜਹਾਜ਼ਾਂ ’ਚ ਤੇਲ ਟ੍ਰਾਂਸਫਰ ਕਰਦੇ ਹਨ।
ਅਮਰੀਕੀ ਹਵਾਈ ਤੇ ਜਲ ਸੈਨਾ ਜਹਾਜ਼ਾਂ ਨੂੰ ਹਵਾਈ ਸੁਰੱਖਿਆ ਦੇਣ ਦੇ ਨਾਲ-ਨਾਲ ਸੰਭਾਵਿਤ ਡਰੋਨ, ਮਿਜ਼ਾਈਲ ਤੇ ਬੋਟ ਹਮਲਿਆਂ ਤੋਂ ਵੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ।
ਵਧਦੀ ਲਾਗਤ ਬਣੀ ਚੁਣੌਤੀ
ਤੇਲ ਦਾ ਨਿਰਯਾਤ ਸ਼ੁਰੂ ਹੋਣ ਦੇ ਬਾਵਜੂਦ ਖ਼ਤਰਾ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਅਮਰੀਕੀ ਜਲ ਸੈਨਾ ਵੱਲੋਂ ਸੁਝਾਏ ਗਏ ਦੱਖਣੀ ਰਸਤੇ ਤੋਂ ਇਲਾਵਾ ਹੋਰ ਰਸਤਿਆਂ ’ਤੇ ਜਾਣ ਵਾਲੇ ਜਹਾਜ਼ਾਂ ’ਤੇ ਅਜੇ ਵੀ ਹਮਲੇ ਦਰਜ ਕੀਤੇ ਜਾ ਰਹੇ ਹਨ।
ਇਰਾਕ ਵਰਗੇ ਦੇਸ਼ਾਂ ਨੂੰ ਆਪਣਾ ਤੇਲ ਵੇਚਣ ਲਈ ਅੰਤਰਰਾਸ਼ਟਰੀ ਬਾਜ਼ਾਰ ਦਰਾਂ ਤੋਂ 34.5 ਡਾਲਰ ਤੋਂ 37 ਡਾਲਰ ਪ੍ਰਤੀ ਬੈਰਲ ਤੱਕ ਦੀ ਭਾਰੀ ਛੂਟ ਦੇਣੀ ਪੈ ਰਹੀ ਹੈ।
ਜਹਾਜ਼ਾਂ ਦੇ ਬੀਮੇ, ਸ਼ਟਲ ਟ੍ਰਾਂਸਫਰ ਤੇ ਅਮਰੀਕੀ ਫੌਜੀ ਤਾਇਨਾਤੀ ਦਾ ਖਰਚ ਕਾਫ਼ੀ ਵਧ ਗਿਆ ਹੈ, ਜਿਸ ਨੂੰ ਲੰਬੇ ਸਮੇਂ ਤੱਕ ਸਹਿਣਾ ਚੁਣੌਤੀਪੂਰਨ ਹੋਵੇਗਾ।
ਤੇਲ ਦੀਆਂ ਕੀਮਤਾਂ ਅਜੇ ਵੀ ਜ਼ਿਆਦਾ ਕਿਉਂ? ਕੱਚੇ ਤੇਲ ਦਾ ਨਿਰਯਾਤ ਆਮ ਪੱਧਰ ’ਤੇ ਵਾਪਸ ਆਉਣ ਦੇ ਬਾਵਜੂਦ ਬਾਜ਼ਾਰ ’ਚ ਕੀਮਤਾਂ ਹੇਠਾਂ ਨਹੀਂ ਆ ਰਹੀਆਂ। ਇਸ ਦਾ ਕਾਰਨ ਇਹ ਹੈ ਕਿ ਬਾਜ਼ਾਰ ’ਚ ਟਕਰਾਅ ਮੁੜ ਵਧਣ ਤੇ ਹੋਰਮੁਜ਼ ’ਚ ਫਿਰ ਰੁਕਾਵਟ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਜੰਗ ਦੀ ਸ਼ੁਰੂਆਤ ਤੋਂ ਹੁਣ ਤੱਕ ਵਿਸ਼ਵ ਪੱਧਰੀ ਤੇਲ ਭੰਡਾਰਾਂ ’ਚੋਂ 50 ਕਰੋੜ ਬੈਰਲ ਤੋਂ ਵੱਧ ਤੇਲ ਕੱਢਿਆ ਜਾ ਚੁੱਕਾ ਹੈ, ਜਿਸ ਕਾਰਨ ਤੇਲ ਦੇ ਭੰਡਾਰ ਲਗਾਤਾਰ ਘਟ ਰਹੇ ਹਨ। ਡੀਜ਼ਲ, ਜੈੱਟ ਫਿਊਲ ਤੇ ਗੈਸ ਦਾ ਨਿਰਯਾਤ ਅਜੇ ਵੀ ਆਮ ਪੱਧਰ ਨਾਲੋਂ 81 ਫ਼ੀਸਦੀ ਤੱਕ ਘੱਟ ਹੈ। ਟੈਂਕਰਾਂ ਦੇ ਵਧੇ ਹੋਏ ਕਿਰਾਏ ਤੇ ਸੁਰੱਖਿਆ ਉਪਾਵਾਂ ਕਾਰਨ ਲਾਗਤ ਵੀ ਵਧੀ ਹੋਈ ਹੈ।
ਕਦੋਂ ਤੱਕ ਆਮ ਹੋਵੇਗੀ ਸਥਿਤੀ? ਮਾਹਿਰਾਂ ਮੁਤਾਬਕ ਅਮਰੀਕਾ ਤੇ ਅਰਬ ਦੇਸ਼ ਫਿਲਹਾਲ ਈਰਾਨ ਦੇ ਦਬਾਅ ਨੂੰ ਬੇਅਸਰ ਕਰਨ ’ਚ ਸਫਲ ਰਹੇ ਹਨ। ਹਾਲਾਂਕਿ ਰਿਫਾਈਂਡ ਪੈਟਰੋਕੈਮੀਕਲਜ਼ ਦੀ ਕਮੀ, ਆਯਾਤ ’ਤੇ ਪੈਣ ਵਾਲਾ ਪ੍ਰਭਾਵ ਤੇ ਫੌਜੀ ਸੁਰੱਖਿਆ ਦੀ ਭਾਰੀ ਲਾਗਤ ਇਹ ਦਰਸਾਉਂਦੀ ਹੈ ਕਿ ਸਥਿਤੀ ਪੂਰੀ ਤਰ੍ਹਾਂ ਆਮ ਹੋਣ ’ਚ ਅਜੇ ਸਮਾਂ ਲੱਗੇਗਾ।