- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕਿਸੇ ਵੀ ਯੋਜਨਾ ਜਾਂ ਮੰਸ਼ਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਡਿਜੀਟਲ ਡੈਸਕ, ਨਿਊਯਾਰਕ : ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਤੇਜ਼ ਹੋ ਰਹੀ ਚਰਚਾ ਵਿਚਕਾਰ ਹੁਣ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਈਰਾਨ ਵੱਲੋਂ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕਿਸੇ ਵੀ ਯੋਜਨਾ ਜਾਂ ਮੰਸ਼ਾ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ (UNGA) ਦੌਰਾਨ ਨਿਊਯਾਰਕ ’ਚ ‘ਫੌਕਸ ਨਿਊਜ਼’ ਨੂੰ ਦਿੱਤੇ ਇੱਕ ਇੰਟਰਵਿਊ ’ਚ ਪੇਜ਼ੇਸ਼ਕੀਅਨ ਨੇ ਕਿਹਾ ਕਿ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਦੀ ਅੰਤਰਰਾਸ਼ਟਰੀ ਪੱਧਰ ’ਤੇ ਜਾਂਚ ਕਰਵਾਉਣ ਤੇ ਆਪਣੇ ਸੰਵਰਧਿਤ ਯੂਰੇਨੀਅਮ ਦੇ ਭੰਡਾਰ ਨੂੰ ਘਟਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
‘ਧਾਰਮਿਕ ਤੌਰ ’ਤੇ ਗੈਰ-ਕਾਨੂੰਨੀ ਹੈ ਪਰਮਾਣੂ ਹਥਿਆਰ’
ਇੰਟਰਵਿਊ ਦੌਰਾਨ ਜਦੋਂ ਰਾਸ਼ਟਰਪਤੀ ਪੇਜ਼ੇਸ਼ਕੀਅਨ ਤੋਂ ਪੁੱਛਿਆ ਗਿਆ ਕਿ ਕੀ ਈਰਾਨ ਪਰਮਾਣੂ ਬੰਬ ਬਣਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੇ ਸਾਫ਼ ਸ਼ਬਦਾਂ ’ਚ ਕਿਹਾ, “ਬਿਲਕੁਲ ਨਹੀਂ... ਬਿਲਕੁਲ ਨਹੀਂ।” ਉਨ੍ਹਾਂ ਕਿਹਾ ਕਿ ਸਾਡੇ ਸਨਮਾਨਿਤ ਤੇ ਮਰਹੂਮ ਸਰਵਉੱਚ ਨੇਤਾ ਆਯਤੁੱਲਾ ਅਲੀ ਖਾਮੇਨੇਈ ਨੇ ਕਈ ਵਾਰ ਐਲਾਨ ਕੀਤਾ ਹੈ ਕਿ ਧਾਰਮਿਕ ਨਜ਼ਰੀਏ ਤੋਂ ਪਰਮਾਣੂ ਹਥਿਆਰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹਨ। ਪੇਜ਼ੇਸ਼ਕੀਅਨ ਨੇ ਦੁਹਰਾਇਆ ਕਿ ਈਰਾਨ ਸਮੂਹਿਕ ਤਬਾਹੀ ਵਾਲੇ ਅਜਿਹੇ ਹਥਿਆਰਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੰਵਰਧਿਤ ਯੂਰੇਨੀਅਮ ਨੂੰ ਘਟਾਉਣ ਲਈ ਤਿਆਰ ਹਾਂ। ਇਹ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਅੰਤਰਰਾਸ਼ਟਰੀ ਨਿਰੀਖਣ ਲਈ ਆਪਣੇ ਆਪ ਨੂੰ ਪੇਸ਼ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ।
IAEA ਦੀ ਜਾਂਚ ਤੇ ਅਮਰੀਕਾ ’ਤੇ ਨਿਸ਼ਾਨਾ, ਸਮਝੋ ਪੂਰਾ ਮਾਮਲਾ
ਦੱਸ ਦੇਈਏ ਕਿ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਈਰਾਨ ਦਾ ਪਰਮਾਣੂ ਪ੍ਰੋਗਰਾਮ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੀ ਸਖ਼ਤ ਨਿਗਰਾਨੀ ਤੇ ਜਾਂਚ ਦੇ ਘੇਰੇ ’ਚ ਹੈ। ਹਾਲ ਹੀ ’ਚ IAEA ਨੇ ਕਿਹਾ ਸੀ ਕਿ ਉਸ ਨੂੰ ਈਰਾਨ ਦੇ ਪਰਮਾਣੂ ਪਲਾਂਟਾਂ ਤੇ ਸਮੱਗਰੀ ਦੀ ਸਹੀ ਸਥਿਤੀ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਰਹੀ, ਜਿਸ ਕਾਰਨ ਸੁਰੱਖਿਆ ਨਿਗਰਾਨੀ ਪ੍ਰਭਾਵਿਤ ਹੋ ਰਹੀ ਹੈ। ਇਸੇ ਕਾਰਨ 9 ਸਤੰਬਰ ਨੂੰ IAEA ਦੇ ਬੋਰਡ ਆਫ ਗਵਰਨਰਜ਼ ਨੇ ਈਰਾਨ ਵੱਲੋਂ ਪਰਮਾਣੂ ਸਮਝੌਤਿਆਂ ਦੀ ਪਾਲਣਾ ਨਾ ਕਰਨ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਕੋਲ ਭੇਜ ਦਿੱਤਾ ਸੀ।
ਈਰਾਨੀ ਰਾਸ਼ਟਰਪਤੀ ਨੇ ਅਮਰੀਕਾ ਨੂੰ ਠਹਿਰਾਇਆ ਜ਼ਿੰਮੇਵਾਰ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਤਣਾਅ ਲਈ ਈਰਾਨ ਦੇ ਰਾਸ਼ਟਰਪਤੀ ਨੇ ਸਿੱਧੇ ਤੌਰ ’ਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਗੱਲਬਾਤ ਦਾ ਰਸਤਾ ਅਪਣਾਉਣ ਦੀ ਬਜਾਏ ਅਮਰੀਕਾ ਨੇ ਫੌਜੀ ਕਾਰਵਾਈ ਤੇ ਬੰਬਾਰੀ ਦਾ ਰਸਤਾ ਚੁਣਿਆ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਈਰਾਨ ਦਾ ਫੌਜੀ ਜਵਾਬ ਸਿਰਫ਼ ਰੱਖਿਆਤਮਕ ਸੀ ਤੇ ਉਹ ਅੱਗੇ ਟਕਰਾਅ ਨੂੰ ਵਧਾਉਣਾ ਨਹੀਂ ਚਾਹੁੰਦੇ।
ਅਮਰੀਕਾ ਦਾ ਕੀ ਕਹਿਣਾ ਹੈ?
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਰੁਖ ਰਿਹਾ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਅਮਰੀਕਾ ਦਾ ਮੁੱਖ ਉਦੇਸ਼ ਹੈ। ਹਾਲਾਂਕਿ, ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਜਾਰੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਖ਼ਰਕਾਰ ਕੋਈ ਸਮਝੌਤਾ ਹੋ ਸਕਦਾ ਹੈ। ਪਰ ਉਨ੍ਹਾਂ ਮੁਤਾਬਕ ਈਰਾਨ ਨੂੰ ਪਰਮਾਣੂ ਤਾਕਤ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।