ਈਰਾਨ ਨੇ ਸ਼ਨੀਵਾਰ ਨੂੰ ਤਹਿਰਾਨ ਦੇ ਮੁੱਖ ਹਵਾਈ ਅੱਡੇ ਇਮਾਮ ਖੁਮੈਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਈਰਾਨ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਸ ਨੂੰ ਖੋਲ੍ਹਿਆ ਗਿਆ ਹੈ। ਦੱਸ ਦੇਈਏ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨਾਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਈਰਾਨ ਦੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਸੀ।

ਈਰਾਨੀ ਅਧਿਕਾਰੀਆਂ ਨੇ ਇਸ ਨੂੰ ਸਥਿਤੀ ਦੇ ਆਮ ਵਾਂਗ ਹੋਣ ਵੱਲ ਪਹਿਲਾ ਕਦਮ ਦੱਸਿਆ ਹੈ। ਜੰਗ ਦੇ ਦੌਰਾਨ ਸਟਰੇਟ ਆਫ ਹਾਰਮੁਜ਼ ਬੰਦ ਹੋਣ ਕਾਰਨ ਵਿਸ਼ਵ ਊਰਜਾ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ।
ਹੁਣ ਜੰਗਬੰਦੀ ਦੇ ਬਾਵਜੂਦ ਬਾਜ਼ਾਰ ਅਜੇ ਵੀ ਅਸਥਿਰ ਹਨ। ਇਸ ਸਮੇਂ ਪਾਕਿਸਤਾਨ, ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦਾ ਮਾਧਿਅਮ ਬਣ ਰਿਹਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਪਾਕਿਸਤਾਨ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ।
ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਈ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਈਰਾਨ ਅਤੇ ਅਮਰੀਕਾ ਵਿਚਕਾਰ ਕੋਈ ਸਿੱਧੀ ਮੀਟਿੰਗ ਨਹੀਂ ਹੋਣ ਵਾਲੀ ਹੈ।
ਗੱਲਬਾਤ ਪਾਕਿਸਤਾਨੀ ਅਧਿਕਾਰੀਆਂ ਰਾਹੀਂ ਹੀ ਹੋਵੇਗੀ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਅਤੇ ਪਾਕਿਸਤਾਨ ਵਿੱਚ ਕੂਟਨੀਤਕ ਯਤਨ ਤੇਜ਼ ਕਰ ਦਿੱਤੇ ਗਏ ਹਨ।