ਈਰਾਨ ਦੀ ਅਮਰੀਕਾ ਨੂੰ ਖ਼ੌਫ਼ਨਾਕ ਚਿਤਾਵਨੀ, 'ਮੁੜ ਹਮਲਾ ਕੀਤਾ ਤਾਂ ਹਿੰਦ ਮਹਾਂਸਾਗਰ ਤੱਕ ਫੈਲੇਗੀ ਜੰਗ, ਅਮਰੀਕੀ ਜਹਾਜ਼ ਬਣਨਗੇ ਨਿਸ਼ਾਨਾ'
ਅਮਰੀਕਾ ਅਤੇ ਈਰਾਨ ਵਿਚਕਾਰ ਮਿਡਲ ਈਸਟ 'ਚ ਜੰਗ ਚੱਲਦਿਆਂ ਨੌਂ ਮਹੀਨਿਆਂ ਦਾ ਸਮਾਂ ਹੋਣ ਵਾਲਾ ਹੈ, ਪਰ ਹੁਣ ਤੱਕ ਇਹ ਜੰਗ ਥੰਮਦੀ ਨਜ਼ਰ ਨਹੀਂ ਆ ਰਹੀ। ਈਰਾਨ ਦੇ ਸਰਬਉੱਚ ਆਗੂ ਦੇ ਇੱਕ ਸੀਨੀਅਰ ਸਲਾਹਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇੱਕ ਹੋਰ ਹਮਲਾ ਕੀਤਾ, ਤਾਂ ਤਹਿਰਾਨ ਜੰਗ ਨੂੰ ਹਿੰਦ ਮਹਾਂਸਾਗਰ ਤੱਕ ਵਧਾ ਸਕਦਾ ਹੈ।
Publish Date: Thu, 24 Sep 2026 03:23 PM (IST)
Updated Date: Thu, 24 Sep 2026 03:25 PM (IST)
ਡਿਜੀਟਲ ਡੈਸਕ, ਤਹਿਰਾਨ - ਅਮਰੀਕਾ ਅਤੇ ਈਰਾਨ ਵਿਚਕਾਰ ਮਿਡਲ ਈਸਟ 'ਚ ਜੰਗ ਚੱਲਦਿਆਂ ਨੌਂ ਮਹੀਨਿਆਂ ਦਾ ਸਮਾਂ ਹੋਣ ਵਾਲਾ ਹੈ, ਪਰ ਹੁਣ ਤੱਕ ਇਹ ਜੰਗ ਥੰਮਦੀ ਨਜ਼ਰ ਨਹੀਂ ਆ ਰਹੀ। ਈਰਾਨ ਦੇ ਸਰਬਉੱਚ ਆਗੂ ਦੇ ਇੱਕ ਸੀਨੀਅਰ ਸਲਾਹਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇੱਕ ਹੋਰ ਹਮਲਾ ਕੀਤਾ, ਤਾਂ ਤਹਿਰਾਨ ਜੰਗ ਨੂੰ ਹਿੰਦ ਮਹਾਂਸਾਗਰ ਤੱਕ ਵਧਾ ਸਕਦਾ ਹੈ।
ਈਰਾਨ ਦੀ ਅਮਰੀਕਾ ਨੂੰ ਸਖ਼ਤ ਚਿਤਾਵਨੀ ਫ਼ਾਰਸ ਨਿਊਜ਼ ਏਜੰਸੀ ਨੇ ਈਰਾਨ ਦੇ ਸਰਬਉੱਚ ਆਗੂ ਦੇ ਸਲਾਹਕਾਰ ਯਾਹੀਆ ਰਹੀਮ ਸਫ਼ਵੀ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਰਹੀਮ ਸਫ਼ਵੀ ਨੇ ਕਿਹਾ, 'ਕਿਉਂਕਿ ਟਕਰਾਅ ਫ਼ਾਰਸ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂਮੱਧ ਤੋਂ ਲਾਲ ਸਾਗਰ ਤੱਕ ਫੈਲ ਗਿਆ ਹੈ, ਇਸ ਲਈ ਇਹ ਸੰਭਵ ਹੈ ਕਿ ਹੋਰ ਜੰਗ ਹੋਣ 'ਤੇ ਇਹ ਮੋਰਚਾ ਹੋਰ ਵੀ ਅੱਗੇ ਵਧੇ ਅਤੇ ਹਿੰਦ ਮਹਾਂਸਾਗਰ ਅਤੇ ਸ਼ਾਇਦ ਉਸ ਤੋਂ ਵੀ ਅੱਗੇ ਤੱਕ ਪਹੁੰਚ ਜਾਵੇ।'
ਈਰਾਨ ਵੱਲੋਂ ਇਹ ਗੱਲ ਅਜਿਹੇ ਸਮੇਂ ਕਹੀ ਗਈ ਹੈ, ਜਦੋਂ ਮਿਡਲ ਈਸਟ 'ਚ ਤਣਾਅ ਸਿਖ਼ਰ 'ਤੇ ਪਹੁੰਚ ਗਿਆ ਹੈ। ਹੋਰਮੁਜ਼ ਤੋਂ ਲਾਲ ਸਾਗਰ ਤੱਕ ਜਹਾਜ਼ਾਂ ਦੀ ਆਵਾਜਾਈ 'ਤੇ ਬ੍ਰੇਕ ਲੱਗੀ ਹੋਈ ਹੈ। ਈਰਾਨੀ ਅਧਿਕਾਰੀਆਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵੱਲੋਂ ਕੋਈ ਵੀ ਨਵੀਂ ਫ਼ੌਜੀ ਕਾਰਵਾਈ ਹੋਣ 'ਤੇ ਪੂਰੇ ਖੇਤਰ 'ਚ ਅਮਰੀਕੀ ਹਿੱਤਾਂ ਅਤੇ ਜਾਇਦਾਦਾਂ ਖ਼ਿਲਾਫ਼ ਜਵਾਬੀ ਕਾਰਵਾਈ ਹੋ ਸਕਦੀ ਹੈ।