ਪੱਛਮੀ ਏਸ਼ੀਆ ’ਚ ਵਧਦੇ ਤਣਾਅ ’ਤੇ ਭਾਰਤ ਦਾ ਸਖ਼ਤ ਰੁਖ, UN ’ਚ ਕਿਹਾ—ਜਹਾਜ਼ਾਂ ’ਤੇ ਹਮਲੇ ਤੁਰੰਤ ਰੋਕੋ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ’ਚ ਪੱਛਮੀ ਏਸ਼ੀਆ ’ਚ ਵਧਦੇ ਫ਼ੌਜੀ ਤਣਾਅ ਤੇ ਨਾਗਰਿਕ ਬੁਨਿਆਦੀ ਢਾਂਚੇ ਤੇ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ।
Publish Date: Fri, 16 Oct 2026 11:01 AM (IST)
Updated Date: Fri, 16 Oct 2026 11:04 AM (IST)
ਡਿਜੀਟਲ ਡੈਸਕ, ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ’ਚ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਚਰਚਾ ਦੌਰਾਨ ਭਾਰਤ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਭਾਰਤ ਨੇ ਇਸ ਖੇਤਰ ’ਚ ਵਧਦੇ ਫ਼ੌਜੀ ਤਣਾਅ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਨਾਗਰਿਕ ਬੁਨਿਆਦੀ ਢਾਂਚੇ, ਵਪਾਰਕ ਜਹਾਜ਼ਾਂ ਤੇ ਖ਼ਾਸ ਤੌਰ ’ਤੇ ਭਾਰਤੀ ਮਲਾਹਾਂ ’ਤੇ ਹੋ ਰਹੇ ਲਗਾਤਾਰ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਰਵਤਾਨੇਨੀ ਹਰੀਸ਼ ਨੇ ਵੀਰਵਾਰ ਨੂੰ ਸੁਰੱਖਿਆ ਪਰਿਸ਼ਦ ਦੀ ਬਹਿਸ ਦੌਰਾਨ ਸਪੱਸ਼ਟ ਕਿਹਾ ਕਿ ਪੱਛਮੀ ਏਸ਼ੀਆ ਦੀ ਸੁਰੱਖਿਆ ਤੇ ਸਥਿਰਤਾ ਭਾਰਤ ਲਈ ਬੇਹੱਦ ਮਹੱਤਵਪੂਰਨ ਹੈ।
ਸਾਊਦੀ ਅਰਬ ’ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਬਹਿਸ ਦੌਰਾਨ ਭਾਰਤ ਦਾ ਪੱਖ ਰੱਖਦਿਆਂ ਪਰਵਤਾਨੇਨੀ ਨੇ ਰਿਆਧ ਤੇ ਹੋਰ ਥਾਵਾਂ ’ਤੇ ਸਾਊਦੀ ਅਰਬ ਦੇ ਨਾਗਰਿਕ ਬੁਨਿਆਦੀ ਢਾਂਚੇ ਤੇ ਹਵਾਈ ਅੱਡਿਆਂ ’ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਬੇਹੱਦ ਚਿੰਤਾਜਨਕ ਹਨ ਤੇ ਨਾਗਰਿਕ ਬੁਨਿਆਦੀ ਢਾਂਚੇ ਤੇ ਜਹਾਜ਼ਾਂ ’ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਇਨ੍ਹਾਂ ਹਮਲਿਆਂ ’ਚ ਇੱਕ ਭਾਰਤੀ ਨਾਗਰਿਕ ਮੁਹੰਮਦ ਯੂਸੁਫ਼ ਅਲੀ ਦੀ ਜਾਨ ਚਲੀ ਗਈ ਸੀ। ਭਾਰਤ ਨੇ ਸਾਊਦੀ ਅਰਬ ਦੀ ਪ੍ਰਭੂਸੱਤਾ ਤੇ ਸੁਰੱਖਿਆ ਪ੍ਰਤੀ ਪੂਰੀ ਇਕਜੁੱਟਤਾ ਪ੍ਰਗਟਾਈ ਹੈ।
ਵਪਾਰਕ ਜਹਾਜ਼ਾਂ ਤੇ ਮਲਾਹਾਂ ਦੀ ਸੁਰੱਖਿਆ ’ਤੇ ਜ਼ੋਰ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਭਾਰਤੀ ਝੰਡੇ ਵਾਲੇ ਜਹਾਜ਼ ‘ਐੱਮਵੀ ਡੀਪੀ ਵਰਲਡ ਕਾਵੇਰੀ’, ‘ਐੱਮਟੀ ਪੈਟਰੋ ਡਾਲਫਿਨ’, ‘ਐੱਮਟੀ ਵਾਲਥੇਰਾ’, ‘ਐੱਮਟੀ ਆਨ ਪੀਸ’ ਤੇ ‘ਐੱਮਟੀ ਕਾਜ਼ਿਮਿਆਤ III’ ਸਮੇਤ ਕਈ ਵਪਾਰਕ ਜਹਾਜ਼ਾਂ ’ਤੇ ਹਮਲੇ ਹੋਏ ਹਨ। ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ਕਾਨੂੰਨੀ ਤੇ ਨੈਤਿਕ, ਦੋਵਾਂ ਪੱਖਾਂ ਤੋਂ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੱਤਾ ਹੈ। ਇਨ੍ਹਾਂ ਜਹਾਜ਼ਾਂ ’ਤੇ ਕਈ ਭਾਰਤੀ ਮਲਾਹ ਸਵਾਰ ਸਨ।
ਖੇਤਰੀ ਸਹਿਯੋਗ ਤੇ ਮਦਦ ਲਈ ਪ੍ਰਗਟਾਇਆ ਧੰਨਵਾਦ ਇਸ ਦੇ ਨਾਲ ਹੀ ਭਾਰਤ ਨੇ ਸੰਕਟ ਦੇ ਸਮੇਂ ਭਾਰਤੀ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਮਦਦ ਕਰਨ ਲਈ ਓਮਾਨ ਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ, ਭਾਰਤ ਤੇ ਲਾਇਬੇਰੀਆ ਨੇ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਸੈਸ਼ਨ ਦੌਰਾਨ ਮਲਾਹਾਂ ਦੀ ਸੁਰੱਖਿਆ ਲਈ ‘ਗਰੁੱਪ ਆਫ਼ ਫ੍ਰੈਂਡਜ਼’ ਦੀ ਸ਼ੁਰੂਆਤ ਕੀਤੀ ਸੀ। ਇਸ ਸਮੂਹ ’ਚ 23 ਦੇਸ਼ ਸ਼ਾਮਲ ਹੋਏ ਹਨ।