- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਪਾਸੇ ਜਿੱਥੇ ਯੂਕਰੇਨ ਤੇ ਰੂਸ ਵਿਚਾਲੇ ਜੰਗ ਮੁੜ ਭੜਕ ਰਹੀ ਹੈ ਅਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਚੱਲ ਰਹੀ ਇਸ ਜੰਗ ਨੂੰ ਖ਼ਤਮ ਕਰਨ ਲਈ ਵਿਸ਼ਵ ਪੱਧਰ ’ਤੇ ਕੋਈ ਕੋਸ਼ਿਸ਼ ਵੀ ਨਹੀਂ ਹੋ ਰਹੀ, ਉੱਥੇ ਭਾਰਤ ਕੂਟਨੀਤਕ ਪਹਿਲ ਕਰਨ ਲਈ ਅੱਗੇ ਆਇਆ ਹੈ।

ਜੈਪ੍ਰਕਾਸ਼ ਰੰਜਨ, ਜਾਗਰਣ, ਨਵੀਂ ਦਿੱਲੀ : ਇਕ ਪਾਸੇ ਜਿੱਥੇ ਯੂਕਰੇਨ ਤੇ ਰੂਸ ਵਿਚਾਲੇ ਜੰਗ ਮੁੜ ਭੜਕ ਰਹੀ ਹੈ ਅਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਚੱਲ ਰਹੀ ਇਸ ਜੰਗ ਨੂੰ ਖ਼ਤਮ ਕਰਨ ਲਈ ਵਿਸ਼ਵ ਪੱਧਰ ’ਤੇ ਕੋਈ ਕੋਸ਼ਿਸ਼ ਵੀ ਨਹੀਂ ਹੋ ਰਹੀ, ਉੱਥੇ ਭਾਰਤ ਕੂਟਨੀਤਕ ਪਹਿਲ ਕਰਨ ਲਈ ਅੱਗੇ ਆਇਆ ਹੈ। ਪਿਛਲੇ ਹਫ਼ਤੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ’ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਹੀਣ ਜੰਗ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ।
ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਚ ਪਹਿਲਾਂ ਵਿਦੇਸ਼ ਮੰਤਰੀ ਐਂਡਰੀ ਸਿਬਿਹਾ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਦੋਵਾਂ ਨਾਲ ਹੋਈ ਬੈਠਕ ’ਚ ਰੂਸ-ਯੂਕਰੇਨ ਜੰਗ ਦੀ ਭਿਆਨਕਤਾ ਅਤੇ ਇਸ ਨੂੰ ਖ਼ਤਮ ਕਰਨ ਦੇ ਮੁੱਦੇ ਹੀ ਪ੍ਰਮੁੱਖ ਰਹੇ। ਇਸ ਤੋਂ ਇਲਾਵਾ ਦੁਵੱਲੇ ਸਬੰਧਾਂ ਨਾਲ ਜੁੜੇ ਕੁਝ ਹੋਰ ਪੱਖਾਂ, ਰਾਸ਼ਟਰਪਤੀ ਜ਼ੇਲੈਂਸਕੀ ਦੀ ਭਾਰਤ ਯਾਤਰਾ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਈ।
ਕੀਵ ’ਚ ਜੈਸ਼ੰਕਰ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਭਾਰਤ ਜੇ ਕਿਸੇ ਤਰ੍ਹਾਂ ਦੀ ਮਦਦ ਕਰ ਸਕਦਾ ਹੈ ਤਾਂ ਇਸ ਲਈ ਤਿਆਰ ਹੈ। ਵਿਦੇਸ਼ ਮੰਤਰੀ ਸਿਬਿਹਾ ਨਾਲ ਹੋਈ ਬੈਠਕ ’ਚ ਇਹ ਸਾਡੀ ਚਰਚਾ ਦਾ ਸਭ ਤੋਂ ਅਹਿਮ ਪੱਖ ਰਿਹਾ। ਅਸੀਂ ਇਸ ਨਾਲ ਜੁੜੇ ਕੁਝ ਹੋਰ ਵਿਸ਼ੇਸ਼ ਮੁੱਦਿਆਂ ’ਤੇ ਵੀ ਗੱਲ ਕੀਤੀ ਹੈ। ਜਿਵੇਂ ਕਾਲੇ ਸਾਗਰ ’ਚ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦਾ ਮੁੱਦਾ।
ਬਦਕਿਸਮਤੀ ਨਾਲ ਜਿਹੜੇ ਹਮਲੇ ਹੋਏ ਹਨ, ਉਨ੍ਹਾਂ ’ਚ ਵਪਾਰਕ ਜਹਾਜ਼ਾਂ ’ਤੇ ਕੰਮ ਕਰਨ ਵਾਲੇ ਭਾਰਤੀ ਵੀ ਮਾਰੇ ਗਏ ਹਨ। ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਨਾਲ ਕਈ ਵਿਕਾਸਸ਼ੀਲ ਤੇ ਘੱਟ ਵਿਕਸਤ ਦੇਸ਼ਾਂ ’ਤੇ ਕਾਫ਼ੀ ਅਸਰ ਪੈ ਰਿਹਾ ਹੈ। ਇਸ ਨਾਲ ਈਂਧਨ, ਖਾਦਾਂ ਅਤੇ ਖੁਰਾਕੀ ਵਸਤਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਬਾਰੇ ਵੀ ਸਾਡੇ ਵਿਚਾਲੇ ਚਰਚਾ ਹੋਈ ਹੈ। ਯਾਦ ਰਹੇ ਕਿ ਇਸੇ ਹਫ਼ਤੇ ਕਾਲੇ ਸਾਗਰ ’ਚ ਇਕ ਜਹਾਜ਼ ’ਤੇ ਹੋਏ ਹਮਲੇ ’ਚ ਇਕ ਭਾਰਤੀ ਮਲਾਹ ਮਾਰਿਆ ਗਿਆ ਹੈ, ਜਦਕਿ ਇਕ ਹੋਰ ਭਾਰਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਕੂਟਨੀਤਕ ਗਲਿਆਰਿਆਂ ’ਚ ਜੈਸ਼ੰਕਰ ਦੀ ਕੀਵ ਯਾਤਰਾ ਨੂੰ ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣ ਨੂੰ ਲੈ ਕੇ ਭਾਰਤ ਵੱਲੋਂ ਤਿੰਨ ਪੜਾਵਾਂ ’ਚ ਕੀਤੀ ਗਈ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪਹਿਲੇ ਪੜਾਅ ’ਚ ਜੈਸ਼ੰਕਰ ਨੇ 24 ਅਗਸਤ ਨੂੰ ਰੂਸ ਦੀ ਯਾਤਰਾ ਕੀਤੀ ਸੀ। ਇਸ ਤੋਂ ਬਾਅਦ ਬਿਸ਼ਕੇਕ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਗੱਲਬਾਤ ਹੋਈ। ਤੀਜੇ ਪੜਾਅ ’ਚ ਜੈਸ਼ੰਕਰ ਦੀ ਕੀਵ ਯਾਤਰਾ ਹੈ।
ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਦੀਆਂ ਕੋਸ਼ਿਸ਼ਾਂ ਦਾ ਕੋਈ ਅਸਰ ਹੋਇਆ ਹੈ ਜਾਂ ਨਹੀਂ। ਪਰ, ਰੂਸ ਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਕਰਵਾਉਣ ਦੀ ਇਹ ਮੌਜੂਦਾ ਸਮੇਂ ’ਚ ਇਕਲੌਤੀ ਵਿਸ਼ਵ ਪੱਧਰੀ ਕੋਸ਼ਿਸ਼ ਹੈ। ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਅਮਰੀਕਾ ਦਾ ਪੂਰਾ ਧਿਆਨ ਉਸੇ ਪਾਸੇ ਹੈ। ਯੂਰਪੀ ਦੇਸ਼ ਵੀ ਸਾਢੇ ਚਾਰ ਸਾਲਾਂ ਦੀ ਜੰਗ ਦੀ ਮਾਰ ਨਾਲ ਪਸਤ ਹਨ ਅਤੇ ਉਨ੍ਹਾਂ ਵੱਲੋਂ ਕੋਈ ਨਵੀਂ ਕੋਸ਼ਿਸ਼ ਹੁੰਦੀ ਨਹੀਂ ਦਿਸ ਰਹੀ। ਅਜਿਹੇ ’ਚ ਭਾਰਤ ਹੀ ਇਕਲੌਤਾ ਦੇਸ਼ ਹੈ, ਜਿਸ ਦਾ ਰੂਸ ਤੇ ਯੂਕਰੇਨ ਦੋਵਾਂ ਨਾਲ ਸੰਪਰਕ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਾਲੇ ਵੀ ਲਗਾਤਾਰ ਬੈਠਕਾਂ ਹੁੰਦੀਆਂ ਰਹੀਆਂ ਹਨ। ਉਨ੍ਹਾਂ ਦੀ ਆਖਰੀ ਮੁਲਾਕਾਤ ਜੂਨ, 2026 ’ਚ ਜੀ-7 ਬੈਠਕ ਤੋਂ ਇਲਾਵਾ ਹੋਈ ਸੀ।
ਭਾਰਤ ਦੀ ਕੋਸ਼ਿਸ਼ ਦਾ ਸੰਕੇਤ ਜੈਸ਼ੰਕਰ-ਸਿਬਿਹਾ ਮੁਲਾਕਾਤ ਤੋਂ ਬਾਅਦ ਯੂਕਰੇਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਤੋਂ ਮਿਲਦਾ ਹੈ। ਇਸ ’ਚ ਕਿਹਾ ਗਿਆ ਹੈ-ਦੋਵਾਂ ਮੰਤਰੀਆਂ ਨੇ ਵੱਖਰੇ ਤੌਰ ’ਤੇ ਸ਼ਾਂਤੀ ਪ੍ਰਕਿਰਿਆ ਅਤੇ ਜੰਗ ਨੂੰ ਖ਼ਤਮ ਕਰਨ ਦੇ ਕੌਮਾਂਤਰੀ ਯਤਨਾਂ ’ਚ ਭਾਰਤ ਦੀ ਵਧੇਰੇ ਸਰਗਰਮ ਹਿੱਸੇਦਾਰੀ ਦੀਆਂ ਸੰਭਾਵਨਾਵਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ। ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ’ਚ ਪੁਤਿਨ ਦੀ ਮੌਜੂਦਗੀ ’ਚ ਕਿਹਾ ਸੀ, ਹੁਣ ਅੰਤਹੀਣ ਜੰਗ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਅਸੀਂ ਇਸ ਸਥਿਤੀ ਦਾ ਸਮਰਥਨ ਕਰਦੇ ਹਾਂ। ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਤਿਆਰ ਹੈ ਅਤੇ ਸਾਡੇ ਕੋਲ ਹਕੀਕਤਵਾਦੀ ਪ੍ਰਸਤਾਵ ਹਨ। ਹੁਣ ਕੂਟਨੀਤੀ ਵੱਲ ਵਧਣ ਦਾ ਸਮਾਂ ਹੈ।
ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਜ਼ੇਲੈਂਸਕੀ ਨੇ ਐਕਸ ’ਤੇ ਲਿਖਿਆ-ਅਸੀਂ ਇਸ ਨਿਆਂ-ਵਿਰੋਧੀ ਜੰਗ ਨੂੰ ਖ਼ਤਮ ਕਰਨ ਲਈ ਭਾਰਤ ਦੀ ਵਚਨਬੱਧਤਾ ਪ੍ਰਤੀ ਧੰਨਵਾਦੀ ਹਾਂ। ਇਹ ਨਿਸ਼ਚਿਤ ਤੌਰ ’ਤੇ ਜੰਗ ਦਾ ਸਮਾਂ ਨਹੀਂ ਹੋਣਾ ਚਾਹੀਦਾ। ਸ਼ਾਂਤੀ ਦੀ ਲੋੜ ਹੈ। ਇਹ ਭਾਰਤ ਦੀ ਸਪੱਸ਼ਟ ਸਥਿਤੀ ਹੈ। ਅੱਜ ਜਦੋਂ ਮੰਤਰੀ ਇੱਥੇ ਕੀਵ ’ਚ ਸਾਡੇ ਨਾਲ ਸਨ, ਤਾਂ ਰੂਸ ਨੇ ਇਕ ਵਾਰ ਫਿਰ ਜੈੱਟ-ਸੰਚਾਲਿਤ “ਸ਼ਾਹੇਦ” ਡ੍ਰੋਨ ਦਾਗੇ, ਜਿਨ੍ਹਾਂ ਨੂੰ ਈਰਾਨ ਦੀ ਮਦਦ ਤੋਂ ਬਿਨਾਂ ਵਿਕਸਤ ਨਹੀਂ ਕੀਤਾ ਗਿਆ। ਸਾਡੇ ਲੜਾਕੂ ਜਹਾਜ਼ਾਂ ਦੀ ਬਦੌਲਤ ਵਫ਼ਦ ਸੁਰੱਖਿਅਤ ਰਿਹਾ, ਕਿਉਂਕਿ ਯੂਕਰੇਨੀ ਲੜਾਕੂ ਜਹਾਜ਼ ਹੀ ਇਨ੍ਹਾਂ ’ਚੋਂ ਜ਼ਿਆਦਾਤਰ ਡ੍ਰੋਨਾਂ ਨੂੰ ਮਾਰ ਸੁੱਟਦੇ ਹਨ। ਸਾਨੂੰ ਉਮੀਦ ਹੈ ਕਿ ਦੁਨੀਆ ਦੀਆਂ ਹੋਰ ਵੱਡੀਆਂ ਤਾਕਤਾਂ ਵੀ ਇਹ ਸਪੱਸ਼ਟ ਰੁਖ਼ ਅਪਣਾਉਣਗੀਆਂ ਕਿ ਇਹ ਜੰਗ ਖ਼ਤਮ ਹੋਣੀ ਚਾਹੀਦੀ ਹੈ ਅਤੇ ਇਕ ਭਰੋਸੇਯੋਗ ਸ਼ਾਂਤੀ ਸਥਾਪਤ ਹੋਣੀ ਚਾਹੀਦੀ ਹੈ।
ਪੁਤਿਨ ਨੇ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਪ੍ਰਗਟਾਈ
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਯੂਕਰੇਨ ਨਾਲ ਜੰਗ ਖ਼ਤਮ ਕਰਨ ਲਈ ਇਕ ਸਮਝੌਤੇ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਦਕਿ ਯੂਕਰੇਨ ਨੇ ਸ਼ਾਂਤੀ ਯਤਨਾਂ ’ਚ ਨਵੀਂ ਪਹਿਲ ਦੀ ਉਮੀਦ ਪ੍ਰਗਟਾਈ। ਰੂਸ ਦੇ ਦੂਰ ਦੁਰਾਡੇ-ਪੂਰਬ ’ਚ ਇਕ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਸਮੇਤ ਕਈ ਦੇਸ਼ ਸ਼ਾਂਤੀ ਸਮਝੌਤੇ ਦਾ ਸਮਰਥਨ ਕਰਨ ਲਈ ਤਿਆਰ ਹਨ। ਹਾਲਾਂਕਿ, ਇਸ ਸਮੱਸਿਆ ਦਾ ਅੰਤਿਮ ਹੱਲ ਸੰਘਰਸ਼ ’ਚ ਸ਼ਾਮਲ ਦੇਸ਼ਾਂ, ਰੂਸ ਅਤੇ ਯੂਕਰੇਨ ਨੂੰ ਹੀ ਕਰਨਾ ਪਵੇਗਾ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ, ਜੋ ਕਿਸੇ ਸਮਝੌਤੇ ਤੱਕ ਪਹੁੰਚਣ ’ਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਇਸ ਦੀ ਕੋਈ ਸੰਭਾਵਨਾ ਹੈ? ਮੇਰੀ ਨਜ਼ਰ ’ਚ ਹਾਂ, ਹੈ।
ਦੂਜੇ ਪਾਸੇ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬਿਹਾ ਨੇ ਕੀਵ ’ਚ ਪੱਤਰਕਾਰਾਂ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਹੁਣ ਸ਼ਾਂਤੀ ਯਤਨਾਂ ’ਚ ਇਕ ਨਵੀਂ ਰਫ਼ਤਾਰ ਆਵੇਗੀ, ਕਿਉਂਕਿ ਦੁਨੀਆ ਭਰ ਦੀਆਂ ਕਈ ਰਾਜਧਾਨੀਆਂ ’ਚ ਸਿਆਸੀ ਤੇ ਕੂਟਨੀਤਕ ਗੱਲਬਾਤ ਦਾ ਸਰਗਰਮ ਦੌਰ ਮੁੜ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਖ਼ਬਰਾਂ ’ਤੇ ਨਜ਼ਰ ਰੱਖਣ। ਹਾਲਾਂਕਿ, ਨਾ ਤਾਂ ਪੁਤਿਨ ਅਤੇ ਨਾ ਹੀ ਸਿਬਿਹਾ ਨੇ ਪ੍ਰਗਤੀ ਦੀ ਉਮੀਦ ਕਰਨ ਲਈ ਕੋਈ ਖ਼ਾਸ ਕਾਰਨ ਦੱਸਿਆ। ਇਸ ਦੇ ਉਲਟ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੀਆਂ ਹਾਲੀਆ ਕਾਰਵਾਈਆਂ ਕਾਰਨ ਅੜਿੱਕਾ ਪੈਦਾ ਹੋਇਆ ਹੈ। ਆਮ ਨਾਗਰਿਕਾਂ ਦੇ ਵਪਾਰਕ ਜਹਾਜ਼ਾਂ ’ਤੇ ਯੂਕਰੇਨੀ ਹਮਲੇ ਅਤੇ ਨਾਗਰਿਕ ਜਹਾਜ਼ਾਂ ’ਤੇ ਹਮਲਿਆਂ ਦੀ ਧਮਕੀ ਰਾਜ-ਪ੍ਰਾਯੋਜਿਤ ਦਹਿਸ਼ਤਗਰਦੀ ਹੈ। ਇਸ ਨਾਲ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ ’ਚ ਮੁਸ਼ਕਲਾਂ ਆਉਂਦੀਆਂ ਹਨ।