9/11 ਹਮਲੇ ਤੋਂ ਪਹਿਲਾਂ ਭਾਰਤ 'ਤੇ ਸੀ ਵੱਡਾ ਖ਼ਤਰਾ: ਬਿਨ ਲਾਦੇਨ ਦੀ ਹਿੱਟ ਲਿਸਟ ਦਾ ਖ਼ੁਲਾਸਾ ਹੁੰਦੇ ਹੀ ਦੁਨੀਆ ਭਰ 'ਚ ਮਚੀ ਹਲਚਲ 9/11 ਹਮਲਿਆਂ ਦੀ 25ਵੀਂ ਬਰਸੀ ਮੌਕੇ ਅਮਰੀਕੀ ਖੁਫੀਆ ਏਜੰਸੀ CIA ਵੱਲੋਂ ਜਾਰੀ ਕੀਤੇ ਗਏ 70 ਤੋਂ ਵੱਧ ਗੁਪਤ ਦਸਤਾਵੇਜ਼ਾਂ ਨੇ ਵਿਸ਼ਵ ਸੁਰੱਖਿਆ ਦੇ ਇਤਿਹਾਸ ਦੀ ਇੱਕ ਡਰਾਉਣੀ ਪਰਤ ਸਾਹਮਣੇ ਲਿਆਂਦੀ ਹੈ। ਕੁੱਲ ਮਿਲਾ ਕੇ ਇਹ ਖੁਲਾਸਾ ਸਿਰਫ਼ ਅਮਰੀਕਾ ਤੱਕ ਸੀਮਿਤ ਨਹੀਂ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ CIA ਵੱਲੋਂ ਜਾਰੀ ਦਸਤਾਵੇਜ਼ਾਂ ਤੋਂ ਹੁਣ ਪਤਾ ਲੱਗਿਆ ਹੈ ਕਿ ਅਮਰੀਕਾ ਤੋਂ ਪਹਿਲਾਂ ਓਸਾਮਾ ਬਿਨ ਲਾਦੇਨ ਦੀਆਂ ਸਾਜ਼ਿਸ਼ਾਂ ਦਾ ਸਾਇਆ ਭਾਰਤ ’ਤੇ ਵੀ ਮੰਡਰਾ ਰਿਹਾ ਸੀ। ਦਸਤਾਵੇਜ਼ 'ਚ ਦਾਅਵਾ ਕੀਤਾ ਗਿਆ ਹੈ ਕਿ ਲਾਦੇਨ ਭਾਰਤ ’ਤੇ ਵੀ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ।
Publish Date: Sun, 13 Sep 2026 10:41 AM (IST)
Updated Date: Sun, 13 Sep 2026 10:43 AM (IST)
ਡਿਜ਼ੀਟਲ ਡੈਸਕ, ਵਾਸ਼ਿੰਗਟਨ - 9/11 ਹਮਲਿਆਂ ਦੀ 25ਵੀਂ ਬਰਸੀ ਮੌਕੇ ਅਮਰੀਕੀ ਖੁਫੀਆ ਏਜੰਸੀ CIA ਵੱਲੋਂ ਜਾਰੀ ਕੀਤੇ ਗਏ 70 ਤੋਂ ਵੱਧ ਗੁਪਤ ਦਸਤਾਵੇਜ਼ਾਂ ਨੇ ਵਿਸ਼ਵ ਸੁਰੱਖਿਆ ਦੇ ਇਤਿਹਾਸ ਦੀ ਇੱਕ ਡਰਾਉਣੀ ਪਰਤ ਸਾਹਮਣੇ ਲਿਆਂਦੀ ਹੈ। ਕੁੱਲ ਮਿਲਾ ਕੇ ਇਹ ਖੁਲਾਸਾ ਸਿਰਫ਼ ਅਮਰੀਕਾ ਤੱਕ ਸੀਮਿਤ ਨਹੀਂ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ CIA ਵੱਲੋਂ ਜਾਰੀ ਦਸਤਾਵੇਜ਼ਾਂ ਤੋਂ ਹੁਣ ਪਤਾ ਲੱਗਿਆ ਹੈ ਕਿ ਅਮਰੀਕਾ ਤੋਂ ਪਹਿਲਾਂ ਓਸਾਮਾ ਬਿਨ ਲਾਦੇਨ ਦੀਆਂ ਸਾਜ਼ਿਸ਼ਾਂ ਦਾ ਸਾਇਆ ਭਾਰਤ ’ਤੇ ਵੀ ਮੰਡਰਾ ਰਿਹਾ ਸੀ। ਦਸਤਾਵੇਜ਼ 'ਚ ਦਾਅਵਾ ਕੀਤਾ ਗਿਆ ਹੈ ਕਿ ਲਾਦੇਨ ਭਾਰਤ ’ਤੇ ਵੀ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ।
ਦਸਤਾਵੇਜ਼ਾਂ 'ਚ ਕੀ ਅਤੇ ਕਦੋਂ ਦੀ ਜਾਣਕਾਰੀ ਸਾਹਮਣੇ ਆਈ? ਦੱਸਿਆ ਜਾ ਰਿਹਾ ਹੈ ਕਿ CIA ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ 'ਚ 28 ਅਗਸਤ 1998 ਦਾ ਇੱਕ ਖੁਫੀਆ ਮੈਮੋ ਵੀ ਸ਼ਾਮਲ ਹੈ। ਇਸ ਦਾ ਸਿਰਲੇਖ ‘ਬਿਨ ਲਾਦੇਨ ਦਾ ਅੱਤਵਾਦੀ ਨੈੱਟਵਰਕ ਅਜੇ ਵੀ ਖ਼ਤਰਾ ਹੈ’ ਹੈ। ਇਸ ਮੈਮੋ ਮੁਤਾਬਕ, ਓਸਾਮਾ ਬਿਨ ਲਾਦੇਨ ਕਈ ਦੇਸ਼ਾਂ 'ਚ ਵੱਡੇ ਹਮਲੇ ਕਰਨ ਦੀ ਫਿਰਾਕ 'ਚ ਸੀ।
ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ 'ਚ ਜਿਨ੍ਹਾਂ ਦੇਸ਼ਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ 'ਚ ਭਾਰਤ ਤੋਂ ਇਲਾਵਾ ਪਾਕਿਸਤਾਨ, ਮਿਸਰ, ਕੁਵੈਤ, ਸਾਊਦੀ ਅਰਬ, ਯਮਨ, ਯੂਗਾਂਡਾ ਅਤੇ ਨਾਈਜੀਰੀਆ ਸ਼ਾਮਲ ਹਨ। ਹਾਲਾਂਕਿ, ਭਾਰਤ ਬਾਰੇ ਇਸ ਦਸਤਾਵੇਜ਼ 'ਚ ਕਿਸੇ ਖ਼ਾਸ ਨਿਸ਼ਾਨੇ, ਹਮਲੇ ਦੀ ਤਾਰੀਖ ਜਾਂ ਕਿਸੇ ਪੱਕੀ ਕਾਰਵਾਈ ਯੋਜਨਾ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਜਾਣਕਾਰੀ ਦਾ ਸਰੋਤ ਵੀ ਗੁਪਤ ਰੱਖਿਆ ਗਿਆ ਹੈ।
ਅਮਰੀਕਾ ਅਤੇ ਬ੍ਰਿਟੇਨ ਵੀ ਸਨ ਨਿਸ਼ਾਨੇ ’ਤੇ ਇਹ ਦਸਤਾਵੇਜ਼ ਦਰਸਾਉਂਦਾ ਹੈ ਕਿ ਸਾਲ 2001 'ਚ ਅਮਰੀਕਾ ’ਤੇ ਹੋਏ 9/11 ਹਮਲਿਆਂ ਤੋਂ ਕਾਫ਼ੀ ਪਹਿਲਾਂ ਹੀ ਲਾਦੇਨ ਪੱਛਮੀ ਦੇਸ਼ਾਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਿਹਾ ਸੀ।
ਮੈਮੋ ਅਨੁਸਾਰ, ਅਫਗਾਨਿਸਤਾਨ 'ਚ ਅਮਰੀਕੀ ਮਿਜ਼ਾਈਲ ਹਮਲਿਆਂ ਤੋਂ ਕੁਝ ਘੰਟੇ ਪਹਿਲਾਂ ਵੀ ਲਾਦੇਨ ਅਮਰੀਕਾ ਅਤੇ ਬ੍ਰਿਟੇਨ ’ਤੇ ਨਵੇਂ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ। ਖੁਫੀਆ ਰਿਪੋਰਟ 'ਚ ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਲਾਦੇਨ ਦੁਨੀਆ ਦੇ ਘੱਟੋ-ਘੱਟ 60 ਦੇਸ਼ਾਂ 'ਚ ਆਪਣੇ ਨੈੱਟਵਰਕ ਅਤੇ ਸਹਿਯੋਗੀ ਗਰੁੱਪਾਂ ਰਾਹੀਂ ਹਮਲੇ ਕਰਵਾ ਸਕਦਾ ਹੈ।
ਅਮਰੀਕੀ ਰਾਸ਼ਟਰਪਤੀਆਂ ਨੂੰ ਦਿੱਤੀ ਗਈ ਸੀ ਚਿਤਾਵਨੀ ਇੰਨਾ ਹੀ ਨਹੀਂ, CIA ਵੱਲੋਂ ਜਾਰੀ ਕੀਤੇ ਗਏ ਇਹ ਦਸਤਾਵੇਜ਼ ਸਾਲ 1998 ਤੋਂ 2001 ਦੇ ਦਰਮਿਆਨ ਦੇ ਹਨ। ਇਹ ਰਿਪੋਰਟਾਂ ਦੱਸਦੀਆਂ ਹਨ ਕਿ ਅਮਰੀਕੀ ਖੁਫੀਆ ਏਜੰਸੀ ਨੇ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਜਾਰਜ ਡਬਲਯੂ. ਬੁਸ਼ ਦੋਵਾਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਸੀ।
ਚਿਤਾਵਨੀ ਇਹ ਸੀ ਕਿ ਦੇਸ਼ ’ਤੇ ਇੱਕ ਵੱਡਾ ਅੱਤਵਾਦੀ ਖ਼ਤਰਾ ਮੰਡਰਾ ਰਿਹਾ ਹੈ। CIA ਦਾ ਕਹਿਣਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦਾ ਮਕਸਦ ਇਤਿਹਾਸ ਦੇ ਇਸ ਸੰਵੇਦਨਸ਼ੀਲ ਦੌਰ ਬਾਰੇ ਲੋਕਾਂ ਸਾਹਮਣੇ ਪੂਰੀ ਪਾਰਦਰਸ਼ਤਾ ਲਿਆਉਣਾ ਹੈ।
ਹੁਣ ਸਮਝੋ, 9/11 ਨੂੰ ਕੀ ਹੋਇਆ ਸੀ? ਗੌਰਤਲਬ ਹੈ ਕਿ 11 ਸਤੰਬਰ 2001 ਨੂੰ ਅਲ-ਕਾਇਦਾ ਦੇ 19 ਅੱਤਵਾਦੀਆਂ ਨੇ ਚਾਰ ਵਪਾਰਕ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਇਨ੍ਹਾਂ 'ਚੋਂ ਦੋ ਜਹਾਜ਼ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੀਆਂ ਇਮਾਰਤਾਂ ਨਾਲ ਟਕਰਾਏ, ਜਿਸ ਕਾਰਨ ਦੋਵੇਂ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ।
ਤੀਜਾ ਜਹਾਜ਼ ਵਰਜੀਨੀਆ ਸਥਿਤ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ‘ਪੈਂਟਾਗਨ’ ਨਾਲ ਟਕਰਾਇਆ। ਚੌਥਾ ਜਹਾਜ਼, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵ੍ਹਾਈਟ ਹਾਊਸ ਜਾਂ ਅਮਰੀਕੀ ਸੰਸਦ ਨੂੰ ਨਿਸ਼ਾਨਾ ਬਣਾਉਣ ਵੱਲ ਜਾ ਰਿਹਾ ਸੀ, ਯਾਤਰੀਆਂ ਦੀ ਬਹਾਦਰੀ ਅਤੇ ਵਿਰੋਧ ਦੇ ਕਾਰਨ ਪੈਨਸਿਲਵੇਨੀਆ ਦੇ ਇੱਕ ਖੇਤ 'ਚ ਕਰੈਸ਼ ਹੋ ਗਿਆ।