ਮੈਲਬੌਰਨ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੀ ਅਹਿਮ ਮੀਟਿੰਗ, ਪੰਜਾਬ ਚੋਣਾਂ ਦੀਆਂ ਤਿਆਰੀਆਂ ਤੇ ਸੰਗਠਨ ਦੀ ਮਜ਼ਬੂਤੀ 'ਤੇ ਹੋਈ ਚਰਚਾ
ਇਸ ਦੇ ਨਾਲ ਹੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੂਲ ਸਿਧਾਂਤਾਂ, ਲੋਕਤੰਤਰੀ ਕਦਰਾਂ-ਕੀਮਤਾਂ, ਸਮਾਜਿਕ ਨਿਆਂ, ਧਰਮ-ਨਿਰਪੱਖਤਾ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਬਾਰੇ ਵੀ ਚਰਚਾ ਹੋਈ। ਮੈਂਬਰਾਂ ਨੇ ਸੰਗਠਨ ਅੰਦਰ ਆਪਸੀ ਤਾਲਮੇਲ, ਅਨੁਸ਼ਾਸਨ ਅਤੇ ਸਾਂਝੀ ਜ਼ਿੰਮੇਵਾਰੀ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ।
Publish Date: Sat, 05 Sep 2026 01:12 PM (IST)
Updated Date: Sat, 05 Sep 2026 01:15 PM (IST)
ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਮੈਲਬੌਰਨ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ (IOC) ਪੰਜਾਬ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਸੰਗਠਨ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਪੰਜਾਬ ਅਤੇ ਵਿਕਟੋਰੀਆ ਦੀਆਂ ਟੀਮਾਂ ਦੇ ਅਹੁਦੇਦਾਰਾਂ ਸਮੇਤ ਵੱਖ-ਵੱਖ ਲੋਕ ਸਭਾ ਹਲਕਿਆਂ ਨਾਲ ਸਬੰਧਤ ਜ਼ਿਲ੍ਹਾ ਪ੍ਰਧਾਨਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਆਗੂਆਂ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਪੰਜਾਬ ਦੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਸੰਪਰਕ ਵਧਾਉਣ ਅਤੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਦੇ ਨਾਲ ਹੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੂਲ ਸਿਧਾਂਤਾਂ, ਲੋਕਤੰਤਰੀ ਕਦਰਾਂ-ਕੀਮਤਾਂ, ਸਮਾਜਿਕ ਨਿਆਂ, ਧਰਮ-ਨਿਰਪੱਖਤਾ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਬਾਰੇ ਵੀ ਚਰਚਾ ਹੋਈ। ਮੈਂਬਰਾਂ ਨੇ ਸੰਗਠਨ ਅੰਦਰ ਆਪਸੀ ਤਾਲਮੇਲ, ਅਨੁਸ਼ਾਸਨ ਅਤੇ ਸਾਂਝੀ ਜ਼ਿੰਮੇਵਾਰੀ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ।
ਮੀਟਿੰਗ ਵਿੱਚ ਪੰਜਾਬ ਕਾਂਗਰਸ ਆਸਟ੍ਰੇਲੀਆ ਦੇ ਨੈਸ਼ਨਲ ਪ੍ਰਧਾਨ ਸੁਖਬੀਰ ਸਿੰਘ ਸੰਧੂ, ਪੰਜਾਬ ਦੇ ਜਨਰਲ ਸਕੱਤਰ ਤਰਨਜੀਤ ਸਿੰਘ ਗਿੱਲ, ਜਨਰਲ ਸਕੱਤਰ ਅਤੇ ਬੁਲਾਰੇ ਅਜਵਿੰਦਰ ਸਿੰਘ ਗਿੱਲ, ਵਿਕਟੋਰੀਆ ਪ੍ਰਧਾਨ ਕੰਵਲ ਪ੍ਰਤਾਪ ਸਿੰਘ, ਵਿਕਟੋਰੀਆ ਯੂਥ ਪ੍ਰਧਾਨ ਬਿਕਰਮਜੀਤ ਸਿੰਘ ਸੰਧੂ, ਬੈਰਿਸਟਰ ਅਤੇ ਕਾਨੂੰਨੀ ਸਲਾਹਕਾਰ ਗੁਰਪਾਲ ਸਿੰਘ ਅਤੇ ਕੋਆਰਡੀਨੇਟਰ ਬਲਬੀਰ ਸਿੰਘ ਕਾਲੀਆ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਹੋਰ ਜ਼ਿਲ੍ਹਾ ਪ੍ਰਧਾਨਾਂ ਅਤੇ ਸਰਗਰਮ ਮੈਂਬਰਾਂ ਨੇ ਵੀ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕੀਤੇ।
ਮੀਟਿੰਗ ਦੌਰਾਨ ਆਸਟ੍ਰੇਲੀਆ ਵਿੱਚ ਸੰਗਠਨ ਦੀ ਭਵਿੱਖੀ ਦਿਸ਼ਾ ਨਾਲ ਜੁੜੇ ਇੱਕ ਅਹਿਮ ਫ਼ੈਸਲੇ ਬਾਰੇ ਵੀ ਵਿਚਾਰ ਕੀਤਾ ਗਿਆ। ਆਗੂਆਂ ਮੁਤਾਬਕ ਨੈਸ਼ਨਲ ਪੱਧਰ ਦੀ ਪੰਜਾਬ-ਸਬੰਧੀ ਕਾਂਗਰਸ ਬਾਡੀ ਦਾ ਢਾਂਚਾ ਸਮਾਪਤ ਕਰਕੇ ਹੁਣ ਆਸਟ੍ਰੇਲੀਆ ਦੇ ਵੱਖ-ਵੱਖ ਸਟੇਟ ਕਾਂਗਰਸ ਯੂਨਿਟਾਂ ਨੂੰ ਸਰਗਰਮ, ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਨਵੇਂ ਸੰਗਠਨਾਤਮਕ ਪ੍ਰਬੰਧ ਤਹਿਤ ਹਰੇਕ ਸਟੇਟ ਇਕਾਈ ਨੂੰ ਆਪਣੇ ਖੇਤਰ ਵਿੱਚ ਭਾਈਚਾਰੇ ਨਾਲ ਸੰਪਰਕ ਵਧਾਉਣ, ਪਾਰਟੀ ਦੀਆਂ ਗਤੀਵਿਧੀਆਂ ਦਾ ਵਿਸਥਾਰ ਕਰਨ ਅਤੇ ਪੰਜਾਬ ਕਾਂਗਰਸ ਨਾਲ ਤਾਲਮੇਲ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਆਸਟ੍ਰੇਲੀਆ ਭਰ ਵਿੱਚ ਇੱਕਜੁੱਟ, ਸਰਗਰਮ ਅਤੇ ਪ੍ਰਭਾਵਸ਼ਾਲੀ ਕਾਂਗਰਸ ਸੰਗਠਨ ਖੜ੍ਹਾ ਕਰਨਾ ਦੱਸਿਆ ਗਿਆ।
ਆਗੂਆਂ ਅਤੇ ਮੈਂਬਰਾਂ ਨੇ ਏਕਤਾ, ਵਚਨਬੱਧਤਾ ਅਤੇ ਲੋਕ-ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦਾ ਅਹਿਦ ਦੁਹਰਾਇਆ। ਉਨ੍ਹਾਂ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ।
ਆਗੂਆਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਸਮਰਥਨ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਪਾਰਟੀ ਇਮਾਨਦਾਰੀ, ਲੋਕ-ਹਿੱਤ, ਸਮਰਪਣ ਅਤੇ ਵਿਕਾਸਸ਼ੀਲ ਸੋਚ ਨਾਲ ਪੰਜਾਬ ਦੀ ਸੇਵਾ ਕਰੇਗੀ।
ਮੀਟਿੰਗ ਦੇ ਅੰਤ ਵਿੱਚ ਸਮੂਹ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਮੈਂਬਰਾਂ ਦੇ ਸੁਝਾਵਾਂ, ਸਹਿਯੋਗ ਅਤੇ ਸੰਗਠਨ ਪ੍ਰਤੀ ਵਚਨਬੱਧਤਾ ਲਈ ਧੰਨਵਾਦ ਕੀਤਾ ਗਿਆ