'ਮੈਂ ਯਹੂਦੀਆਂ ਨੂੰ ਗੋਲੀ ਮਾਰਨਾ ਚਾਹੁੰਦਾ ਹਾਂ', ਹਮਾਸ ਦੇ ਸਾਬਕਾ ਮੁਖੀ ਦੇ 10 ਸਾਲਾ ਪੁੱਤਰ ਦੀ ਚਿੱਠੀ ਆਈ ਸਾਹਮਣੇ ਹਮਾਸ ਦੇ ਸਾਬਕਾ ਮੁਖੀ ਯਾਹਿਆ ਸਿਨਵਾਰ ਦੇ ਪੁੱਤਰ ਦੀ ਚਿੱਠੀ ਸਾਹਮਣੇ ਆਈ ਹੈ। ਜੰਗ ਦੀ ਸ਼ੁਰੂਆਤ ’ਚ ਲਿਖੀ ਇਸ ਚਿੱਠੀ ’ਚ 10 ਸਾਲਾ ਬੱਚੇ ਨੇ ਕਾਗਜ਼ ਦੇ ਹਥਿਆਰ ਬਣਾਉਣ ਤੇ ਯਹੂਦੀਆਂ ’ਤੇ ਗੋਲੀਆਂ ਚਲਾਉਣ ਦੀ ਗੱਲ ਕਹੀ ਹੈ।
Publish Date: Fri, 16 Oct 2026 11:47 AM (IST)
Updated Date: Fri, 16 Oct 2026 11:49 AM (IST)
ਡਿਜੀਟਲ ਡੈਸਕ, ਤੇਲ ਅਵੀਵ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਹਮਾਸ ਦੇ ਮਰਹੂਮ ਮੁਖੀ ਯਾਹਿਆ ਸਿਨਵਾਰ ਦੇ 10 ਸਾਲਾ ਪੁੱਤਰ ਇਬਰਾਹਿਮ ਦੀ ਕਥਿਤ ਚਿੱਠੀ ਸਾਂਝੀ ਕੀਤੀ ਹੈ, ਜਿਸ ਨੇ ਸਨਸਨੀ ਫੈਲਾ ਦਿੱਤੀ ਹੈ। ਇਹ ਚਿੱਠੀ ਗਾਜ਼ਾ ਪੱਟੀ ’ਚ 2024 ਦੌਰਾਨ ਇਜ਼ਰਾਈਲੀ ਸੈਨਿਕਾਂ ਨੂੰ ਮਿਲੀ ਸੀ। ਯਾਹਿਆ ਸਿਨਵਾਰ ਦੀ ਮੌਤ ਨੂੰ ਦੋ ਸਾਲ ਪੂਰੇ ਹੋਣ ’ਤੇ ਇਸ ਨੂੰ ਸਬੂਤ ਵਜੋਂ ਜਾਰੀ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਇਹ ਚਿੱਠੀ ਬੱਚੇ ਨੇ ਜੰਗ ਦੀ ਸ਼ੁਰੂਆਤ ’ਚ ਆਪਣੇ ਪਿਤਾ ਯਾਹਿਆ ਸਿਨਵਾਰ ਨੂੰ ਲਿਖੀ ਸੀ। ਇਸ ’ਚ ਇੱਕ ਪਾਸੇ ਪਿਤਾ ਲਈ ਪਿਆਰ ਤੇ ਵਿਛੋੜੇ ਦਾ ਦਰਦ ਝਲਕਦਾ ਹੈ, ਜਦਕਿ ਦੂਜੇ ਪਾਸੇ ਹਿੰਸਾ ਤੇ ਨਫ਼ਰਤ ਦੀਆਂ ਗੱਲਾਂ ਵੀ ਸਪੱਸ਼ਟ ਦਿਖਾਈ ਦਿੰਦੀਆਂ ਹਨ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚਿੱਠੀ ’ਚ 10 ਸਾਲਾ ਬੱਚੇ ਨੇ ਲਿਖਿਆ ਹੈ ਕਿ ਉਹ ਲਗਾਤਾਰ ਕਾਗਜ਼ ਤੇ ਗੱਤੇ ਨਾਲ ਪਿਸਤੌਲਾਂ, ਟੈਂਕ ਤੇ ਰਾਈਫਲਾਂ ਬਣਾ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਉਹ ਏਕੇ-47 ਕਲਾਸ਼ਨੀਕੋਵ ਰਾਈਫਲ ਚੁੱਕ ਕੇ ਯਹੂਦੀਆਂ ’ਤੇ ਗੋਲੀਆਂ ਚਲਾਉਣਾ ਚਾਹੁੰਦਾ ਹੈ।
ਚਿੱਠੀ ਦੇ ਅਖੀਰ ’ਚ ਬੱਚੇ ਨੇ ਲਿਖਿਆ ਹੈ, “ਹੇ ਮੇਰੇ ਅੱਲ੍ਹਾ, ਮੈਂ ਦੁਆ ਕਰਦਾ ਹਾਂ ਕਿ ਜੰਗ ਖ਼ਤਮ ਹੋ ਜਾਵੇ ਤੇ ਮੈਂ ਤੁਹਾਨੂੰ ਸੁਰੱਖਿਅਤ ਦੇਖ ਸਕਾਂ। ਅੱਲ੍ਹਾ ਤੁਹਾਡੀ ਰੱਖਿਆ ਕਰੇ, ਪਿਤਾ ਜੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਦੁਆ ਕਰੋ।” ਇਸ ਦੇ ਨਾਲ ਹੀ ਬੱਚੇ ਨੇ ਆਪਣੇ ਪਿਤਾ ਨੂੰ ਜੱਫੀ ਪਾਉਣ ਤੇ ਉਨ੍ਹਾਂ ਦੇ ਨਾਲ ਸੌਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ।
ਚਿੱਠੀ ਦੇ ਨਾਲ ਹਥਿਆਰਾਂ ਤੇ ਹਮਲਿਆਂ ਦੀਆਂ ਤਸਵੀਰਾਂ ਵੀ ਮਿਲੀਆਂ ਜ਼ਿਕਰਯੋਗ ਹੈ ਕਿ ਇਸ ਚਿੱਠੀ ਦੇ ਨਾਲ ਕੁਝ ਚਿੱਤਰ ਵੀ ਮਿਲੇ ਹਨ, ਜੋ ਕਥਿਤ ਤੌਰ ’ਤੇ ਉਸੇ ਬੱਚੇ ਨੇ ਬਣਾਏ ਸਨ। ਇਨ੍ਹਾਂ ਚਿੱਤਰਾਂ ’ਚ ਗਾਜ਼ਾ ਤੇ ਇਜ਼ਰਾਈਲ ਦੀ ਸਰਹੱਦ ਨੇੜੇ ਤਾਇਨਾਤ ਹਥਿਆਰਾਂ, ਟੈਂਕਾਂ ਤੇ ਇਜ਼ਰਾਈਲੀ ਇਲਾਕੇ ਵੱਲ ਦਾਗੀਆਂ ਜਾ ਰਹੀਆਂ ਮਿਜ਼ਾਈਲਾਂ ਨੂੰ ਦਰਸਾਇਆ ਗਿਆ ਹੈ। IDF ਦਾ ਕਹਿਣਾ ਹੈ ਕਿ ਇਹ ਸਮੱਗਰੀ ਇਸ ਗੱਲ ਦਾ ਸਬੂਤ ਹੈ ਕਿ ਹਮਾਸ ਦੀ ਕੱਟੜਪੰਥੀ ਵਿਚਾਰਧਾਰਾ ਤੇ ਅੱਤਵਾਦੀ ਸੋਚ ਗਾਜ਼ਾ ਦੀ ਨੌਜਵਾਨ ਪੀੜ੍ਹੀ ਦੇ ਕੋਮਲ ਮਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ।