ਮੋਟਰਸਾਈਕਲ ਨੂੰ ਬਚਾਉਂਦਿਆਂ ਵਾਪਰਿਆ ਭਿਆਨਕ ਹਾਦਸਾ, ਤਲਾਬ 'ਚ ਡਿੱਗੀ ਸਕੂਲੀ ਬੱਸ, ਪੰਜ ਵਿਦਿਆਰਥਣਾਂ ਦੀ ਮੌਤ
ਕੰਬੋਡੀਆ ’ਚ ਮੰਗਲਵਾਰ ਸਵੇਰੇ ਪੰਜ ਸਕੂਲੀ ਵਿਦਿਆਰਥਣਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸਕੂਲ ਲਿਜਾ ਰਹੀ ਬੱਸ ਸੜਕ ਉਤਰ ਕੇ ਇਕ ਡੂੰਘੇ ਤਲਾਬ ’ਚ ਡਿੱਗ ਗਈ। ਇਹ ਹਾਦਸਾ ਰਾਜਧਾਨੀ ਨੋਮ ਪੇਨਹਾ ਤੋਂ 40 ਕਿਲੋਮੀਟਰ ਉੱਤਰ ਵੱਲ ਸਥਿਤ ਕੰਦਲ ਸੂਬੇ ’ਚ ਵਾਪਰਿਆ।
Publish Date: Wed, 11 Nov 2026 11:38 AM (IST)
Updated Date: Wed, 11 Nov 2026 11:43 AM (IST)
ਕੰਦਲ (ਏਪੀ) : ਕੰਬੋਡੀਆ ’ਚ ਮੰਗਲਵਾਰ ਸਵੇਰੇ ਪੰਜ ਸਕੂਲੀ ਵਿਦਿਆਰਥਣਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸਕੂਲ ਲਿਜਾ ਰਹੀ ਬੱਸ ਸੜਕ ਉਤਰ ਕੇ ਇਕ ਡੂੰਘੇ ਤਲਾਬ ’ਚ ਡਿੱਗ ਗਈ। ਇਹ ਹਾਦਸਾ ਰਾਜਧਾਨੀ ਨੋਮ ਪੇਨਹਾ ਤੋਂ 40 ਕਿਲੋਮੀਟਰ ਉੱਤਰ ਵੱਲ ਸਥਿਤ ਕੰਦਲ ਸੂਬੇ ’ਚ ਵਾਪਰਿਆ। ਚਸ਼ਮਦੀਦਾਂ ਮੁਤਾਬਕ, ਤੇਜ਼ ਰਫ਼ਤਾਰ ਬੱਸ ਦੇ ਸਾਹਮਣੇ ਅਚਾਨਕ ਇਕ ਮੋਟਰਸਾਈਕਲ ਆ ਗਿਆ। ਇਸ ਕਾਰਨ ਡਰਾਈਵਰ ਨੂੰ ਬ੍ਰੇਕ ਲਾਉਣੀ ਪਈ ਤੇ ਬੱਸ ਸੜਕ ਕੰਢੇ ਤਲਾਬ ’ਚ ਜਾ ਡਿੱਗੀ।
ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ’ਚ ਬੱਸ ਕੰਢੇ ਤੋਂ ਕੁਝ ਹੀ ਫੁੱਟ ਦੂਰ ਪਾਣੀ ’ਚ ਡੁੱਬੀ ਦਿਖਾਈ ਦਿੱਤੀ। ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਕਾਫ਼ੀ ਮੁਸ਼ਕਲ ਸਨ। ਮਦਦ ਲਈ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ’ਚੋਂ ਇਕ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਬੱਸ ’ਚੋਂ ਕੱਢੇ ਗਏ ਕੁਝ ਬੱਚਿਆਂ ਨੂੰ ਸੀਪੀਆਰ ਦਿੱਤਾ। ਬੱਸ ’ਚ 12 ਤੋਂ 14 ਸਾਲ ਦੀ ਉਮਰ ਦੇ 26 ਵਿਦਿਆਰਥੀ ਸਵਾਰ ਸਨ। ਹਾਦਸੇ ’ਚ ਪੰਜ ਵਿਦਿਆਰਥਣਾਂ ਦੀ ਮੌਤ ਹੋ ਗਈ, ਤਿੰਨ ਹੋਰਾਂ ਦੀ ਹਾਲਤ ਗੰਭੀਰ ਹੈ ਤੇ 18 ਬੱਚਿਆਂ ਨੂੰ ਮਾਮੂਲੀ ਝਰੀਟਾਂ ਲੱਗੀਆਂ ਹਨ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ।